ਕਿਸਾਨਾਂ ਦੀ ਮੀਟਿੰਗ, ਪਿੰਡ ਦੇ ਆਗੂਆਂ ਵੱਲੋਂ ਵਿਸ਼ੇਸ਼ ਸਨਮਾਨ
ਕਿਸਾਨਾਂ ਦੀ ਮੀਟਿੰਗ, ਪਿੰਡ ਦੇ ਆਗੂਆਂ ਵੱਲੋਂ ਵਿਸ਼ੇਸ਼ ਸਨਮਾਨ
Publish Date: Wed, 13 May 2026 06:26 PM (IST)
Updated Date: Thu, 14 May 2026 04:06 AM (IST)

ਫੋਟੋ-15 ਕੈਪਸਨ : ਸਰਵਨ ਸਿੰਘ ਪੰਧੇਰ ਨੂੰ ਸਨਮਾਨਿਤ ਕਰਦੇ ਹੋਏ ਜਸਬੀਰ ਸਿੰਘ ਗਿੱਲ ਤੇ ਕਿਸਾਨ ਆਗੂ। ਦਰਸ਼ਨ ਸਿੰਘ ਚੀਚਾ, ਪੰਜਾਬੀ ਜਾਗਰਣ ਘਰਿੰਡਾ : ਪਿੰਡ ਮਾਲੂਵਾਲ ਵਿਖੇ ਉੱਘੇ ਕਿਸਾਨ ਆਗੂ ਸਵਰਨ ਸਿੰਘ ਪੰਧੇਰ ਵੱਲੋਂ ਕਿਸਾਨ-ਮਜ਼ਦੂਰਾਂ ਦੀ ਅਹਿਮ ਮੀਟਿੰਗ ਕੀਤੀ ਗਈ, ਜਿਸ ’ਚ ਇਲਾਕੇ ਦੇ ਸੈਂਕੜੇ ਕਿਸਾਨਾਂ, ਨੌਜਵਾਨਾਂ ਤੇ ਬੀਬੀਆਂ ਨੇ ਉਤਸ਼ਾਹ ਨਾਲ ਸ਼ਮੂਲੀਅਤ ਕੀਤੀ। ਮੀਟਿੰਗ ਦੌਰਾਨ ਸਵਰਨ ਸਿੰਘ ਪੰਧੇਰ ਨੇ ਕੇਂਦਰ ਸਰਕਾਰ ਨੂੰ ਕਿਸਾਨ ਵਿਰੋਧੀ ਕਰਾਰ ਦਿੰਦਿਆਂ ਕਿਹਾ ਕਿ ਸੰਪੂਰਨ ਕਰਜ਼ਾ ਮੁਆਫ਼ੀ ਤੇ ਸਵਾਮੀਨਾਥਨ ਰਿਪੋਰਟ ਲਾਗੂ ਕਰਵਾਉਣ ਤੱਕ ਸੰਘਰਸ਼ ਜਾਰੀ ਰਹੇਗਾ। ਉਨ੍ਹਾਂ ਪੰਜਾਬ ਦੇ ਪਾਣੀਆਂ ਦੀ ਲੁੱਟ ਤੇ ਨੌਜਵਾਨੀ ਨੂੰ ਨਸ਼ਿਆਂ ਵੱਲ ਧੱਕਣ ਵਾਲੀਆਂ ਨੀਤੀਆਂ ਦੀ ਸਖ਼ਤ ਨਿਖੇਧੀ ਕੀਤੀ। ਮਾਲੂਵਾਲ ਦੇ ਆਗੂਆਂ ਵੱਲੋਂ ਸਨਮਾਨ ਮੀਟਿੰਗ ਦੇ ਅੰਤ ’ਚ ਪਿੰਡ ਮਾਲੂਵਾਲ ਦੇ ਮੋਹਤਬਰ ਆਗੂਆਂ ਤੇ ਪੰਚਾਇਤ ਮੈਂਬਰਾਂ ਵੱਲੋਂ ਸਵਰਨ ਸਿੰਘ ਪੰਧੇਰ ਨੂੰ ਕਿਸਾਨੀ ਹੱਕਾਂ ਲਈ ਨਿਰੰਤਰ ਸੰਘਰਸ਼ ਕਰਨ ਬਦਲੇ ਸਿਰੋਪਾਓ ਤੇ ਸਨਮਾਨ ਚਿੰਨ੍ਹ ਦੇ ਕੇ ਵਿਸ਼ੇਸ਼ ਤੌਰ ’ਤੇ ਸਨਮਾਨਿਤ ਕੀਤਾ ਗਿਆ। ਸਨਮਾਨ ਲੈਣ ਉਪਰੰਤ ਪੰਧੇਰ ਨੇ ਕਿਹਾ ਕਿ ਇਹ ਸਨਮਾਨ ਮੇਰਾ ਨਹੀਂ, ਸਗੋਂ ਸੰਘਰਸ਼ ਕਰ ਰਹੇ ਹਰ ਕਿਸਾਨ-ਮਜ਼ਦੂਰ ਦਾ ਹੈ। ਉਨ੍ਹਾਂ ਨੌਜਵਾਨਾਂ ਨੂੰ ਅਪੀਲ ਕੀਤੀ ਕਿ ਨਸ਼ਾ ਛੱਡ ਕੇ ਕਿਸਾਨੀ ਲਹਿਰ ਨਾਲ ਜੁੜਣ ਤੇ ਪਿੰਡ ਪੱਧਰ ’ਤੇ 11-11 ਮੈਂਬਰੀ ਕਮੇਟੀਆਂ ਬਣਾ ਕੇ ਅੰਦੋਲਨ ਨੂੰ ਹੋਰ ਮਜ਼ਬੂਤ ਕਰਨ। ਮੀਟਿੰਗ ’ਚ ਆਉਣ ਵਾਲੇ ਦਿਨਾਂ ’ਚ ਵੱਡੇ ਸੰਘਰਸ਼ ਦੀ ਰੂਪ-ਰੇਖਾ ਤਿਆਰ ਕਰਨ ’ਤੇ ਵੀ ਵਿਚਾਰ ਕੀਤਾ ਗਿਆ।