ਜੈਕਾਰਿਆਂ ਨਾਲ ਸ਼ੁਰੂ ਹੋਇਆ ਮਾਂ ਭੱਦਰਕਾਲੀ ਦਾ ਮੇਲਾ
ਜੈਕਾਰਿਆਂ ਦੀ ਗੂੰਜ ਨਾਲ ਸ਼ੁਰੂ ਹੋਇਆ ਮਾਂ ਭੱਦਰਕਾਲੀ ਦਾ ਮੇਲਾ
Publish Date: Wed, 13 May 2026 06:07 PM (IST)
Updated Date: Thu, 14 May 2026 04:04 AM (IST)

ਫੋਟੋ-20-21-22 ਕੈਪਸ਼ਨ : ਸਿੱਧ ਪੀਠ ਮੰਦਰ ਮਾਤਾ ਭੱਦਰਕਾਲੀ ਜੀ ਵਿਖੇ ਵੱਡੀ ਗਿਣਤੀ ਵਿਚ ਮੱਥਾ ਟੇਕਦੀਆਂ ਸੰਗਤਾਂ। * ਵੱਡੀ ਗਿਣਤੀ ’ਚ ਪੁੱਜੀ ਸੰਗਤ ਨੇ ਵਿਸ਼ਵ ਸ਼ਾਂਤੀ ਲਈ ਕੀਤੀ ਅਰਦਾਸ ਰਾਜਨ ਮਹਿਰਾ, ਪੰਜਾਬੀ ਜਾਗਰਣ ਅੰਮ੍ਰਿਤਸਰ : ਅੰਮ੍ਰਿਤਸਰ ਸ਼ਹਿਰ ਦੇ ਖਜ਼ਾਨਾ ਗੇਟ ਨੇੜੇ ਵਿਸ਼ਵ ਪ੍ਰਸਿੱਧ 1500 ਸਾਲ ਪੁਰਾਣਾ ਸਿੱਧ ਪੀਠ ਮੰਦਰ ਮਾਤਾ ਭੱਦਰਕਾਲੀ ਜੀ ਦਾ ਮੇਲਾ ਹਰ ਸਾਲ ਵਾਂਗ ਇਸ ਵਾਰ ਵੀ ਸ਼ਰਧਾ ਤੇ ਧੂਮਧਾਮ ਨਾਲ ਮਨਾਇਆ ਗਿਆ। ਸਵੇਰ ਤੋਂ ਹੀ ਸ਼ਰਧਾਲੂਆਂ ਦੀਆਂ ਲੰਬੀਆਂ ਲਾਈਨਾਂ ਮੰਦਰ ’ਚ ਮਾਤਾ ਭੱਦਰਕਾਲੀ ਜੀ ਦੇ ਦਰਸ਼ਨਾਂ ਲਈ ਲੱਗੀਆਂ ਰਹੀਆਂ। ਸਵੇਰੇ ਮਾਤਾ ਭੱਦਰਕਾਲੀ ਜੀ ਨੂੰ ਪ੍ਰਸ਼ਾਦ ਦਾ ਭੋਗ ਲਗਾਇਆ ਗਿਆ ਤੇ ਮਾਤਾ ਜੀ ਦੇ ਜੈਕਾਰੇ ਲਗਾਏ ਗਏ। ਵੱਡੀ ਗਿਣਤੀ ’ਚ ਸ਼ਰਧਾਲੂਆਂ ਨੇ ਪਰਿਵਾਰਾਂ ਨਾਲ ਢੋਲ ਦੀ ਥਾਪ ਤੇ ਨੱਚਦੇ ਟੱਪਦੇ ਹਾਜ਼ਰੀਆਂ ਭਰੀਆਂ ਤੇ ਵਿਸ਼ਵ ਸ਼ਾਂਤੀ ਦੀ ਅਰਦਾਸ ਕੀਤੀ। ਮੰਦਰ ਦੇ ਆਲੇ ਦੁਆਲੇ ਪ੍ਰਸ਼ਾਦ ਤੇ ਬੱਚਿਆਂ ਦੇ ਖਿਡੌਣਿਆਂ ਦੀ ਸੱਜੀਆਂ ਦੁਕਾਨਾਂ ਲੋਕਾਂ ਦੇ ਖਿੱਚ ਦਾ ਕੇਂਦਰ ਬਣੀਆਂ ਤੇ ਬੱਚਿਆਂ ਦੇ ਮਨੋਰੰਜਨ ਲਈ ਮੰਦਰ ਦੇ ਸਾਹਮਣੇ ਗਰਾਊਂਡ ਵਿਚ ਵੱਖ-ਵੱਖ ਤਰ੍ਹਾਂ ਦੇ ਝੁਲੇ ਵੀ ਲਗਾਏ ਗਏ, ਜਿਥੇ ਬੱਚਿਆਂ ਤੇ ਮਾਪਿਆ ਨੇ ਆਨੰਦ ਮਾਣਿਆ। ਮੰਦਰ ਦੇ ਅੰਦਰ ਤੇ ਬਾਹਰ ਜਗ੍ਹਾ-ਜਗ੍ਹਾ ’ਤੇ ਲੰਗਰ ਤੇ ਛਬੀਲਾਂ ਲਗਾਈਆਂ ਗਈਆਂ। ਮੰਦਰ ਦੇ ਮਹੰਤ ਵਰੁਣ ਕੁਮਾਰ ਵਿੱਕੀ ਨੇ ਜਾਣਕਾਰੀ ਦਿੰਦੇ ਹੋਏ ਕਿਹਾ ਕਿ ਮਾਤਾ ਭੱਦਰਕਾਲੀ ਜੀ ਦਾ ਇਹ ਮੰਦਰ ਬਹੁਤ ਹੀ ਪ੍ਰਾਚੀਨ ਤੇ ਸਿੱਧ ਪੀਠ ਹੈ, ਮੇਲੇ ਵਿਚ ਆਏ ਸ਼ਰਧਾਲੂਆ ਵੱਲੋਂ ਮੰਗੀ ਮੰਨਤ ਹਮੇਸ਼ਾਂ ਪੂਰਨ ਹੁੰਦੀ ਹੈ ਤੇ ਸ਼ਰਧਾਲੂ ਵੀ ਮੰਨਤ ਪੂਰੀ ਹੋਣ ਤੋਂ ਬਾਅਦ ਪੂਰੇ ਪਰਿਵਾਰ ਦੇ ਨਾਲ ਮੱਥਾ ਟੇਕਣ ਲਈ ਆਉਂਦੇ ਹਨ। ਉਨ੍ਹਾਂ ਕਿਹਾ ਕਿ ਮਾਤਾ ਭੱਦਰਕਾਲੀ ਜੀ ਦਾ ਮੰਦਰ ਵਿਸ਼ਵ ਪ੍ਰਸਿੱਧ ਹੈ ਤੇ ਮੇਲੇ ਵਿਚ ਦੇਸ਼-ਵਿਦੇਸ਼ ਤੇ ਪੂਰੇ ਭਾਰਤ ਤੋਂ ਸ਼ਰਧਾਲੂ ਮੱਥਾ ਟੇਕਣ ਲਈ ਆਉਂਦੇ ਹਨ। ਉਨ੍ਹਾਂ ਕਿਹਾ ਕਿ ਪ੍ਰਸ਼ਾਦ ਦੇ ਤੌਰ ਤੇ ਜਿਆਦਾਤਰ ਸ਼ਰਧਾਲੂ ਨਾਰੀਅਲ ਤੇ ਮਠਿਆਈ ਚੜਾਉਂਦੇ ਹਨ, ਜੋ ਕਿ ਪ੍ਰਸ਼ਾਦ ਦੇ ਤੌਰ ਤੇ ਅਹਿਮ ਮੰਨਿਆ ਜਾਂਦਾ ਹੈ ਤੇ ਸ਼ਰਧਾਲੂਆਂ ਦੀ ਸੁਰੱਖਿਆ ਲਈ ਵੀ ਪੂਰੇ ਪ੍ਰਬੰਧ ਕੀਤੇ ਗਏ ਹਨ, ਤਾਂ ਜੋ ਸ਼ਰਧਾਲੂਆਂ ਨੂੰ ਕਿਸੇ ਵੀ ਤਰ੍ਹਾਂ ਦੀ ਮੁਸ਼ਕਿਲ ਨਾ ਹੋ ਸਕੇ। ਉਨ੍ਹਾਂ ਕਿਹਾ ਕਿ ਪੁਲਿਸ ਪ੍ਰਸ਼ਾਸਨ ਵੱਲੋਂ ਵੀ ਮੰਦਰ ਦੇ ਆਲੇ ਦੁਆਲੇ ਸੁਰੱਖਿਆ ਲਈ ਪੁਲਿਸ ਮੁਲਾਜਮ ਤੈਨਾਤ ਕੀਤੇ ਗਏ ਹਨ, ਤਾਂ ਜੋ ਸ਼ਰਧਾਲੂਆਂ ਨੂੰ ਕਿਸੇ ਵੀ ਤਰ੍ਹਾਂ ਦੀ ਮੁਸ਼ਕਿਲ ਨਾ ਹੋ ਸਕੇ। ਉਨ੍ਹਾਂ ਕਿਹਾ ਕਿ ਹਮੇਸ਼ਾਂ ਹੀ ਦੇਖਿਆ ਜਾਂਦਾ ਹੈ ਕਿ ਮੇਲੇ ਵਾਲੇ ਦਿਨ ਬਹੁਤ ਹੀ ਤੇਜ਼ ਹਨੇਰੀ ਆਉਂਦੀ ਹੈ, ਜੋ ਕਿ ਮਾਤਾ ਭੱਦਰਕਾਲੀ ਜੀ ਦੇ ਆਉਣ ਦਾ ਸੰਕੇਤ ਹੁੰਦਾ ਹੈ ਤੇ ਸ਼ਰਧਾਲੂ ਜੈਕਾਰੇ ਲਗਾਉਂਦੇ ਹੋਏ ਵਿਸ਼ਵ ਸ਼ਾਂਤੀ ਦੀ ਅਰਦਾਸ ਕਰਦੇ ਹਨ।