ਸਿਹਤ ਵਿਭਾਗ ਨੇ ਵੱਡੇ ਪੱਧਰ ’ਤੇ ਕੀਤੀ ਛਾਪੇਮਾਰੀ
ਸਿਹਤ ਵਿਭਾਗ ਵੱਲੋਂ ਵੱਡੇ ਪੱਧਰ 'ਤੇ ਕੀਤੀ ਗਈ ਛਾਪੇਮਾਰੀ
Publish Date: Tue, 12 May 2026 06:05 PM (IST)
Updated Date: Wed, 13 May 2026 04:06 AM (IST)
ਦੁੱਧ-ਪਨੀਰ ਪਦਾਰਥਾਂ ਦੇ ਸੈਂਪਲ ਕੀਤੇ ਸੀਲਬੰਦ
ਪੱਤਰ ਪ੍ਰੇਰਕ, ਗੁਰਜਿੰਦਰ ਮਾਹਲ, ਪੰਜਾਬੀ ਜਾਗਰਣ
ਅੰਮ੍ਰਿਤਸਰ : ਪੰਜਾਬ ਸਰਕਾਰ ਦੇ ਮਹਿਕਮਾ ਸਿਹਤ ਵਿਭਾਗ ਫੂਡ ਐਂਡ ਡਰੱਗ ਐਡਮਿਨਿਸਟ੍ਰੇਸ਼ਨ ਪੰਜਾਬ, ਕੰਵਲਜੀਤ ਕੌਰ ਬਰਾੜ ਦੇ ਦਿਸ਼ਾ ਨਿਰਦੇਸ਼ਾਂ ਤਹਿਤ ਤੇ ਡਿਪਟੀ ਕਮਿਸ਼ਨਰ, ਸਿਵਲ ਸਰਜਨ ਦੇ ਦਿਸ਼ਾ-ਨਿਰਦੇਸ਼ਾਂ ਦੀ ਪਾਲਣਾ ਕਰਦੇ ਹੋਏ ਸ਼ਹਿਰ ਵਿਚ ਵਿਕਣ ਵਾਲੇ ਦੁੱਧ ਪਦਾਰਥਾਂ ਦੇ ਵਿਕ੍ਰੇਤਾਵਾਂ ’ਤੇ ਦਬਿਸ਼ ਦਿੱਤੀ ਗਈ। ਜਾਣਕਾਰੀ ਦਿੰਦੇ ਹੋਏ ਸਹਾਇਕ ਕਮਿਸ਼ਨਰ ਫੂਡ ਰਜਿੰਦਰ ਪਾਲ ਸਿੰਘ ਨੇ ਦੱਸਿਆ ਕਿ ਸਭ ਤੋਂ ਪਹਿਲਾਂ ਰਾਮਤੀਰਥ ਰੋਡ ਦੀ ਗਿੱਲ ਡੇਅਰੀ ਦੀਆਂ ਮਿਲ ਰਹੀਆਂ ਸ਼ਿਕਾਇਤਾਂ ਅਨੁਸਾਰ ਉਸ ਵੱਲੋਂ ਵੇਚੇ ਜਾ ਰਹੇ ਫੂਡ ਪਦਾਰਥ ਜਿਸ ਵਿਚ ਪਨੀਰ ਦੁੱਧ ਸਨ ਨੂੰ ਜਾਂਚਿਆ ਗਿਆ ਅਤੇ ਸੈਂਪਲ ਇਕੱਤਰ ਕਰ ਲਏ ਗਏ। ਇਸ ਉਪਰੰਤ ਏਅਰਪੋਰਟ ਰੋਡ ’ਤੇ ਸਥਿਤ ਪਨੀਰ ਮਨੂਫੈਕਚਰ ਦੀ ਚੈਕਿੰਗ ਕੀਤੀ ਗਈ ਅਤੇ
ਉਸ ਪਾਸੋਂ ਬਣਾਇਆ ਗਿਆ ਪਨੀਰ ਜਾਂਚਿਆ ਗਿਆ ਅਤੇ ਇਸ ਦਾ ਸੈਂਪਲ ਵੀ ਭਰ ਲਿਆ ਗਿਆ। ਇਸ ਉਪਰੰਤ ਕਾਰਵਾਈ ਨੂੰ ਹੋਰ ਵਧਾਉਂਦੇ ਹੋਏ ਸਥਾਨਕ ਵੇਰਕਾ ਇਲਾਕੇ ਦੇ ਬਿਹਾਰੀ ਦੀ ਡੇਅਰੀ ’ਤੇ ਦਬਿਸ਼ ਦਿੱਤੀ ਗਈ, ਜਿਸ ਪਾਸ 45 ਬੋਰੀਆਂ ਸੁੱਕੇ ਦੁੱਧ ਦੀਆਂ ਪਾਈਆਂ ਗਈਆਂ, ਜਿਨਾਂ ਨੂੰ ਜਬਤ ਕਰਨ ਉਪਰੰਤ ਉੱਥੇ ਬਣੇ ਹੋਏ ਦੁੱਧ ਪਦਾਰਥਾਂ ਦੇ ਸੈਂਪਲ ਵੀ ਇਕੱਤਰ ਕੀਤੇ ਗਏ। ਬਿਹਾਰੀ ਦੀ ਡੇਅਰੀ ਦਾ ਵਿਕ੍ਰੇਤਾ ਸੁੱਕੇ ਦੁੱਧ ਦਾ ਇਸਤੇਮਾਲ ਦੁੱਧ ਅਤੇ ਪਨੀਰ ਪਦਾਰਥਾਂ ਵਿਚ ਪਾ ਕੇ ਗੁਣਵੱਤਾ ਤੇ ਲੋਕਾਂ ਦੀ ਸਿਹਤ ਨਾਲ ਖਿਲਵਾੜ ਕਰ ਰਿਹਾ ਸੀ। ਉਸ ਦੇ ਸੈਂਪਲ ਵੀ ਸੀਲ ਬੰਦ ਕਰ ਲਏ ਗਏ।
ਸਹਾਇਕ ਕਮਿਸ਼ਨਰ ਨੇ ਦੱਸਿਆ ਕਿ ਇਸ ਉਪਰੰਤ ਚਾਰ ਹੋਰ ਡੇਅਰੀਆਂ ਦੀ ਜਾਂਚ ਵੀ ਕੀਤੀ ਗਈ ਜਿੱਥੋਂ ਦੁੱਧ, ਪਨੀਰ, ਘਿਓ ਆਦਿ ਦੇ ਸੈਂਪਲ ਵੀ ਭਰ ਕੇ ਜਾਂਚ ਲਈ ਕਬਜ਼ੇ ਵਿਚ ਲੈ ਲਏ ਗਏ। ਇਸ ਤਰ੍ਹਾਂ ਸੱਤ ਸੈਂਪਲ ਦੁੱਧ ਅਤੇ ਪਨੀਰ ਆਦਿ ਦੇ ਇਕੱਤਰ ਕਰਕੇ ਲੈਬੋਟਰੀ ਜਾਂਚ ਲਈ ਭੇਜ ਦਿੱਤੇ ਗਏ। ਇਸ ਮੌਕੇ ਐਫਐਸਓ ਸਤਨਾਮ ਸਿੰਘ, ਅਮਨਦੀਪ ਸਿੰਘ ਟੀਮ ਵਿਚ ਹਾਜ਼ਰ ਸਨ। ਇਸ ਮੌਕੇ ਸਹਾਇਕ ਕਮਿਸ਼ਨਰ ਨੇ ਸਖਤ ਸ਼ਬਦਾਂ ਵਿਚ ਡੇਅਰੀਆਂ ਵਾਲਿਆਂ ਨੂੰ ਸਖਤ ਤਾੜਨਾ ਕਰਦੇ ਹੋਏ ਕਿਹਾ ਕਿ ਅਗਰ ਜਿਲੇ੍ਹ ਭਰ ਵਿਚ ਕੋਈ ਵੀ ਵਿਅਕਤੀ ਮਿਲਾਵਟਖੋਰੀ ਕਰਕੇ ਫੂਡ ਪਦਾਰਥਾਂ ਨੂੰ ਵੇਚਦਾ ਹੋਇਆ ਫੜਿਆ ਗਿਆ ਤਾਂ ਉਸ ’ਤੇ ਬਣਦੀ ਕਾਨੂੰਨੀ ਸਖਤ ਤੋਂ ਸਖਤ ਕਾਰਵਾਈ ਅਮਲ ਵਿਚ ਲਿਆਂਦੀ ਜਾਵੇਗੀ।