ਡਾ. ਗੁਰਭਜਨ ਗਿੱਲ ਦੀ ਚਰਚਿਤ ਪੁਸਤਕ ‘ਸੰਧੂਰਦਾਨੀ’ ਲੋਕ ਅਰਪਣ
ਡਾ. ਗੁਰਭਜਨ ਗਿੱਲ ਦੀ ਚਰਚਿਤ ਪੁਸਤਕ ‘ਸੰਧੂਰਦਾਨੀ ’ ਲੋਕ ਅਰਪਣ
Publish Date: Tue, 12 May 2026 05:23 PM (IST)
Updated Date: Wed, 13 May 2026 04:03 AM (IST)

ਪਰਵਾਜ਼ ਮੰਚ ਦੇ ਵਿਹੜੇ ਹੋਇਆ ਯਾਦਗਾਰੀ ਸਮਾਗਮ ਪੱਤਰ ਪ੍ਰੇਰਕ, ਰਮੇਸ਼ ਰਾਮਪੁਰਾ, ਪੰਜਾਬੀ ਜਾਗਰਣ, ਅੰਮ੍ਰਿਤਸਰ: ਪਰਵਾਜ਼ ਮੰਚ ਅੰਮ੍ਰਿਤਸਰ ਦੇ ਵਿਹੜੇ ਚ ਪੰਜਾਬੀ ਅਦਬ ਦੇ ਪ੍ਰੇਮੀ , ਪੰਜਾਬੀ ਮਾਂ-ਬੋਲੀ ਦੇ ਸਿਰਮੌਰ ਸ਼ਾਇਰ, ਚਿੰਤਕ ਅਤੇ ਸਾਬਕਾ ਪ੍ਰਧਾਨ ਪੰਜਾਬੀ ਸਾਹਿਤ ਅਕਾਡਮੀ ਲੁਧਿਆਣਾ, ਡਾ. ਗੁਰਭਜਨ ਗਿੱਲ ਦੀ ਨਵੀਂ ਪੁਸਤਕ ‘ਸੰਧੂਰਦਾਨੀ’ ਨੂੰ ਲੋਕ-ਅਰਪਣ ਕਰਨ ਲਈ ਇਕ ਵਿਸ਼ੇਸ਼ ਸਾਹਿਤਕ ਸਮਾਗਮ ਦਾ ਆਯੋਜਨ ਕੀਤਾ ਗਿਆ। ਇਸ ਪ੍ਰਭਾਵਸ਼ਾਲੀ ਸਮਾਗਮ ਦੌਰਾਨ ਡਾ. ਅਜੈਪਾਲ ਸਿੰਘ ਪ੍ਰਧਾਨ ਪਰਵਾਜ਼ ਮੰਚ, ਸਤਿੰਦਰ ਸਿੰਘ ਓਠੀ ਸਕੱਤਰ, ਡਾ. ਹਰਿੰਦਰ ਕੌਰ ਸੋਹਲ ਅਸਿਸਟੈਂਟ ਪ੍ਰੋਫੈਸਰ ਪੰਜਾਬੀ ਅਧਿਐਨ ਸਕੂਲ ਗੁਰੂ ਨਾਨਕ ਦੇਵ ਯੂਨੀਵਰਸਿਟੀ ਅੰਮ੍ਰਿਤਸਰ, ਐੱਸਐੱਲ ਬਾਵਾ ਡੀਏਵੀ ਕਾਲਜ ਬਟਾਲਾ ਦੇ ਪੰਜਾਬੀ ਵਿਭਾਗ ਦੇ ਮੁਖੀ ਡਾ. ਗੁਰਵੰਤ ਸਿੰਘ, ਗੁਰਸ਼ਰਨ ਕੌਰ ਅਤੇ ਜਗਮੀਤ ਸਿੰਘ ਸਿੱਧੂ ਨੇ ਸਾਂਝੇ ਰੂਪ ਵਿਚ ਪੁਸਤਕ ਰਿਲੀਜ਼ ਕਰਨ ਦੀ ਰਸਮ ਅਦਾ ਕਰਦਿਆਂ ਪੰਜਾਬੀ ਸਾਹਿਤ ਜਗਤ ਵਿੱਚ ਇਸ ਦਾ ਸਵਾਗਤ ਕੀਤਾ। ਪੁਸਤਕ ‘ਤੇ ਗੰਭੀਰ ਚਰਚਾ ਕਰਦਿਆਂ ਡਾ. ਹਰਿੰਦਰ ਕੌਰ ਸੋਹਲ ਨੇ ਕਿਹਾ ਕਿ ਡਾ. ਗੁਰਭਜਨ ਗਿੱਲ ਦੀ ਕਲਮ ਵਿਚ ਉਹ ਸ਼ਕਤੀ ਹੈ ਜੋ ਸਮਾਜ ਦੇ ਸੂਖਮ ਮਸਲਿਆਂ ਨੂੰ ਬੜੀ ਬੇਬਾਕੀ ਨਾਲ ਪੇਸ਼ ਕਰਦੀ ਹੈ। ਉਨ੍ਹਾਂ ਕਿਹਾ ਕਿ ‘ਸੰਧੂਰਦਾਨੀ’ ਇਕ ਅਜਿਹਾ ਮਹੱਤਵਪੂਰਨ ਦਸਤਾਵੇਜ਼ ਹੈ ਜੋ ਪਾਠਕ ਨੂੰ ਪੰਜਾਬ ਦੇ ਅਮੀਰ ਸੱਭਿਆਚਾਰਕ ਵਿਰਸੇ, ਗੁੰਝਲਦਾਰ ਇਤਿਹਾਸ ਅਤੇ ਮੌਜੂਦਾ ਰਾਜਨੀਤੀ ਦੀਆਂ ਪਰਤਾਂ ਫਰੋਲਣ ਲਈ ਪ੍ਰੇਰਿਤ ਕਰਦਾ ਹੈ। ਇਸ ਮੌਕੇ ਡਾ. ਗੁਰਵੰਤ ਸਿੰਘ ਨੇ ‘ਸੰਧੂਰਦਾਨੀ ’ ਦੇ ਸਾਹਿਤਕ ਅਤੇ ਭਾਸ਼ਾਈ ਮਹੱਤਵ ਤੇ ਚਰਚਾ ਕਰਦਿਆਂ ਇਸ ਨੂੰ ਅਜੋਕੇ ਪਦਾਰਥਵਾਦੀ ਦੌਰ ਵਿੱਚ ਇੱਕ ਸਭਿਆਚਾਰਕ ਰੌਸ਼ਨੀ ਕਰਾਰ ਦਿੱਤਾ। ਉਨ੍ਹਾਂ ਕਿਹਾ ਕਿ ਡਾ. ਗਿੱਲ ਨੇ ਆਪਣੀ ਵਿਲੱਖਣ ਸ਼ਬਦਾਵਲੀ ਰਾਹੀਂ ਪੰਜਾਬੀ ਕਵਿਤਾ ਨੂੰ ਨਵੇਂ ਅਰਥ ਪ੍ਰਦਾਨ ਕੀਤੇ ਹਨ। ਉਨ੍ਹਾਂ ਦੀ ਇਸ ਪੁਸਤਕ ਦੀ ਆਮਦ ਨਾਲ ਪੰਜਾਬੀ ਸਾਹਿਤ ਜਗਤ ਵਿੱਚ ਨਵੇਂ ਮੀਲ-ਪੱਥਰ ਸਥਾਪਿਤ ਹੋਣਗੇ। ਪ੍ਰੋ. ਅਜੈਪਾਲ ਸਿੰਘ ਨੇ ਕਿਹਾ ਕਿ ਇਹ ਪੁਸਤਕ ਮਨੁੱਖ ਨੂੰ ਰਵਾਇਤੀ ਇਸ਼ਕ-ਮਜ਼ਾਜੀ ਦੀਆਂ ਸੀਮਤ ਵਲਗਣਾਂ ਵਿੱਚੋਂ ਬਾਹਰ ਕੱਢ ਕੇ ਬ੍ਰਹਿਮੰਡੀ ਸਰੋਕਾਰਾਂ ਅਤੇ ਸਮਾਜਕ ਜ਼ਿੰਮੇਵਾਰੀ ਦੇ ਵਿਸ਼ਾਲ ਪਾਸਾਰਾਂ ਨਾਲ ਜੋੜਨ ਦਾ ਸਫ਼ਲ ਯਤਨ ਕਰਦੀ ਹੈ। ਸਮਾਗਮ ਦੌਰਾਨ ਸਤਿੰਦਰ ਸਿੰਘ ਓਠੀ ਵੱਲੋਂ ਪੰਜਾਬੀ ਪਾਠਕਾਂ ਨੂੰ ਇਸ ਬੇਸ਼ਕੀਮਤੀ ਪੁਸਤਕ ਨੂੰ ਪੜ੍ਹਨ ਅਤੇ ਵਿਚਾਰਨ ਦੀ ਜ਼ੋਰਦਾਰ ਸਿਫ਼ਾਰਸ਼ ਕੀਤੀ ਗਈ। ਇਸ ਸਾਹਿਤਕ ਮਿਲਣੀ ਵਿੱਚ ਗੁਰਸ਼ਰਨ ਕੌਰ ਅਤੇ ਜਗਮੀਤ ਸਿੰਘ ਸਿੱਧੂ ਨੇ ਡਾ. ਗੁਰਭਜਨ ਗਿੱਲ ਦੀ ਸਾਹਿਤਕ ਘਾਲਣਾ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਅਜਿਹੀਆਂ ਪੁਸਤਕਾਂ ਨਵੀਂ ਪੀੜ੍ਹੀ ਅਤੇ ਵਿਿਦਆਰਥੀਆਂ ਲਈ ਚਾਨਣ-ਮੁਨਾਰੇ ਦਾ ਕੰਮ ਕਰਦੀਆਂ ਹਨ, ਜੋ ਉਨ੍ਹਾਂ ਨੂੰ ਆਪਣੀਆਂ ਜੜ੍ਹਾਂ ਅਤੇ ਮੂਲ ਵਿਰਸੇ ਨਾਲ ਜੋੜੀ ਰੱਖਣ ਵਿੱਚ ਸਹਾਈ ਹੁੰਦੀਆਂ ਹਨ। ਇਸ ਮੌਕੇ ਸਮੁੱਚੇ ਪਰਵਾਜ਼ ਮੰਚ ਅੰਮ੍ਰਿਤਸਰ ਟੀਮ ਵੱਲੋਂ ਡਾ. ਗੁਰਭਜਨ ਗਿੱਲ ਨੂੰ ਇਸ ਸਾਹਿਤਕ ਪ੍ਰਾਪਤੀ ਲਈ ਮੁਬਾਰਕਬਾਦ ਦਿੱਤੀ ਗਈ।