ਦਸਵੀਂ ਕਲਾਸ ਦੇ ਬੱਚਿਆਂ ਨੇ ਵੱਡੀਆਂ ਪੁਲਾਂਘਾਂ ਪੁੱਟੀਆਂ
ਗੁਰੂ ਅਰਜਨ ਦੇਵ ਡੇ ਬੋਰਡਿੰਗ ਸਕੂਲ ਦਾ ਨਤੀਜਾ ਸ਼ਾਨਦਾਰ ਰਿਹਾ
Publish Date: Tue, 12 May 2026 04:53 PM (IST)
Updated Date: Wed, 13 May 2026 04:03 AM (IST)

ਪੱਤਰ ਪ੍ਰੇਰਕ, ਸੋਨੂੰ ਮਿਗਲਾਨੀ, ਪੰਜਾਬੀ ਜਾਗਰਣ, ਜੰਡਿਆਲਾ ਗੁਰੂ : ਇਲਾਕੇ ਦੇ ਨਾਮਵਰ ਸਕੂਲ ਗੁਰੂ ਅਰਜਨ ਦੇਵ ਡੇ ਬੋਰਡਿੰਗ ਸਕੂਲ ਦੇ ਦਸਵੀਂ ਕਲਾਸ ਦੇ ਬੱਚਿਆਂ ਨੇ ਵੱਡੀਆਂ ਪੁਲਾਂਘਾਂ ਪੁੱਟਦਿਆਂ ਪੰਜਾਬ ਸਕੂਲ ਸਿੱਖਿਆ ਬੋਰਡ ਦੇ ਨਤੀਜਿਆਂ ਵਿਚ ਨਾਂ ਰੋਸ਼ਨ ਕੀਤਾ ਹੈ। ਇਸ ਸਕੂਲ ਨੇ ਜੰਡਿਆਲਾ ਗੁਰੂ ਬਲਾਕ ਅਧੀਨ ਆਉਂਦੇ ਸਕੂਲਾਂ ਵਿਚੋਂ ਪਹਿਲਾ ਸਥਾਨ ਹਾਸਲ ਕਰ ਕੇ ਇਲਾਕੇ ਦਾ ਨਾਂ ਰੋਸ਼ਨ ਕੀਤਾ। ਸਕੂਲ ਦੇ ਕਰੀਬ 48 ਬੱਚਿਆਂ ਨੇ ਦਸਵੀਂ ਕਲਾਸ ਦੀ ਪ੍ਰੀਖਿਆ ਦਿੱਤੀ ਅਤੇ ਵਧੀਆ ਅੰਕ ਪ੍ਰਾਪਤ ਕੀਤੇ। ਇਸ ਬਾਰੇ ਵਿਸਥਾਰ ਨਾਲ ਦੱਸਦਿਆਂ ਸਕੂਲ ਦੇ ਪ੍ਰਿੰਸੀਪਲ ਮਨਦੀਪ ਕੌਰ ਨੇ ਦੱਸਿਆ ਕਿ ਉਨ੍ਹਾਂ ਦੀ ਵਿਦਿਆਰਥਣ ਅਨਮੋਲਪ੍ਰੀਤ ਕੌਰ ਨੇ 92.3 ਫ਼ੀਸਦੀ ਅਮਕਾਂ ਨਾਲ ਪਹਿਲਾ, ਹਰਲੀਨ ਕੌਰ ਨੇ 91.3 ਫ਼ੀਸਦੀ ਅੰਕਾਂ ਨਾਲ ਦੂਜਾ ਅਤੇ ਹਰਸਿਮਰਤ ਕੌਰ ਨੇ 91.2 ਫ਼ੀਸਦੀ ਅੰਕ ਪ੍ਰਾਪਤ ਕਰ ਕੇ ਆਪਣਾ ਤੇ ਸਕੂਲ ਦਾ ਨਾਂ ਰੋਸ਼ਨ ਕੀਤਾ ਹੈ। ਤਕਰੀਬਨ 21 ਸਾਲ ਪੁਰਾਣੇ ਇਸ ਸੰਸਥਾ ਨੇ ਹਰ ਸਾਲ ਦੀ ਤਰ੍ਹਾਂ ਆਪਣਾ ਸਨਮਾਨ ਕਾਇਮ ਰੱਖਿਆ ਹੈ। ਪ੍ਰਿੰਸੀਪਲ ਮਨਦੀਪ ਕੌਰ ਨੇ ਦੱਸਿਆ ਕਿ ਸਾਡੀ ਕੋਸ਼ਿਸ਼ ਇਹੀ ਰਹੇਗੀ ਕਿ ਅਸੀਂ ਆਪਣੇ ਸਕੂਲ ਦੇ ਬੱਚਿਆਂ ਲਈ ਨਵੀਆਂ ਤਕਨੀਕਾਂ ਅਪਣਾ ਕੇ ਬੱਚਿਆਂ ਨੂੰ ਸਮੇਂ ਦੇ ਹਾਣ ਦੀ ਸਿੱਖਿਆ ਦੇ ਸਕੀਏ। ਇਸ ਮੌਕੇ ਉਚੇਚੇ ਤੌਰ ’ਤੇ ਕਨੇਡਾ ਤੋਂ ਚੇਅਰਮੈਨ ਜਸਕਰਨ ਸਿੰਘ ਨੇ ਬੱਚਿਆਂ ਨੂੰ ਅਤੇ ਉਨ੍ਹਾਂ ਦੇ ਮਾਤਾ ਪਿਤਾ ਨੂੰ ਵਧਾਈਆਂ ਦਿੱਤੀਆਂ। ਇਸ ਮੌਕੇ ਸਕੂਲ ਦੇ ਡਾਇਰੈਕਟਰ ਰਾਜਬੀਰ ਸਿੰਘ ਹੁੰਦਲ, ਮੈਨੇਜਰ ਗਗਨਦੀਪ ਸਿੰਘ ਹੁੰਦਲ, ਪ੍ਰਿੰਸੀਪਲ ਮਨਦੀਪ ਕੌਰ ਅਤੇ ਸਮੂਹ ਸਟਾਫ ਹਾਜ਼ਰ ਸੀ।