ਤੇਜ਼ ਹਨੇਰੀ ਤੇ ਝੱਖੜ ਕਾਰਨ ਬੋਹੜ ਡਿੱਗਾ, ਮੱਝ ਦੀ ਮੌਤ
ਤੇਜ ਹਨੇਰੀ ਤੇ ਝੱਖੜ ਕਾਰਨ ਬੋਹੜ ਡਿੱਗਾ, ਮੱਝ ਦੀ ਮੌਤ
Publish Date: Tue, 12 May 2026 04:33 PM (IST)
Updated Date: Wed, 13 May 2026 04:01 AM (IST)

ਟਰਾਂਸਫਾਰਮਰ ’ਤੇ ਕਈ ਦਰੱਖਤ ਡਿੱਗੇ, ਮੁਰਗੀ ਖਾਨੇ ਦੀਆਂ ਮੁਰਗੀਆਂ ਵੀ ਮਰੀਆਂ ਪੱਤਰ ਪ੍ਰੇਰਕ, ਕੁਲਦੀਪ ਸੰਤੂਨੰਗਲ, ਪੰਜਾਬੀ ਜਾਗਰਣ, ਗੁਰੂ ਕਾ ਬਾਗ : ਬੀਤੀ ਰਾਤ ਆਈ ਤੇਜ਼ ਹਨੇਰੀ ਤੇ ਝੱਖੜ ਕਾਰਨ ਸਥਾਨਕ ਨਗਰ ਚੇਤਨਪੁਰਾ ਅਤੇ ਆਸਪਾਸ ਦੇ ਦਰਜਨਾਂ ਪਿੰਡਾਂ ਵਿਚ ਬਿਜਲੀ ਦੇ ਟ੍ਰਾਂਸਫਾਰਮ ਖੰਭੇ ’ਤੇ ਵੱਡੇ ਨਿੱਕੇ ਦਰੱਖਤ ਜੜ੍ਹਾਂ ਤੋਂ ਪੁੱਟੇ ਗਏ ਤੇ ਡਿੱਗ ਪਏ। ਪਿੰਡ ਪਠਾਨ ਨੰਗਲ ਦੇ ਕਿਸਾਨ ਸਰਦੂਲ ਸਿੰਘ ਨੰਬਰਦਾਰ ਦੀ ਹਵੇਲੀ ਵਿਚ ਬੀਤੇ ਦਿਨ ਕਰੀਬ 40 ਸਾਲਾਂ ਦਾ ਬੋਹੜ ਦਾ ਵੱਡਾ ਦਰੱਖਤ ਤੇਜ਼ ਹਨੇਰੀ ਨੇ ਜੜ੍ਹੋਂ ਪੁੱਟ ਕੇ ਸੁੱਟ ਦਿੱਤਾ ਤੇ ਉਸ ਦੇ ਹੇਠਾਂ ਆਉਣ ਕਰਕੇ ਉਨ੍ਹਾਂ ਦੀ ਕਰੀਬ 1 ਲੱਖ 50 ਹਜਾਰ ਰੁਪਏ ਦੀ ਕੀਮਤ ਵਾਲੀ ਮੱਝ ਰੀੜ੍ਹ ਦੀ ਹੱਡੀ ਟੁੱਟ ਜਾਣ ਕਰ ਕੇ ਮੌਕੇ ’ਤੇ ਹੀ ਮੌਤ ਹੋ ਗਈ, ਜਿਸ ਦਾ ਪਤਾ ਪਰਿਵਾਰ ਨੂੰ ਤੂਫਾਨ ਰੁਕ ਜਾਣ ਤੋਂ ਬਾਅਦ ਲੱਗਾ। ਪਿੰਡ ਮੱਝੂਪੁਰਾ ਦੇ ਪੈਟਰੋਲ ਪੰਪ ਵਿਚ ਲੱਗਾ ਬਿਜਲੀ ਦਾ ਟ੍ਰਾਂਸਫਾਰਮ ਡਿੱਗ ਪਿਆ, ਜਿਸ ਕਾਰਨ ਬੀਤੀ ਰਾਤ ਤੋਂ ਹੀ ਪਿੰਡ ਚੇਤਨਪੁਰਾ, ਮੱਝੂਪੁਰਾ, ਸੰਤੂਨੰਗਲ, ਪਠਾਨ ਨੰਗਲ, ਕੰਦੋਵਾਲੀ ਆਦੀ ਪਿੰਡਾਂ ਦੀ ਬਿਜਲੀ ਸਪਲਾਈ ਦੇਰ ਸ਼ਾਮ ਤੱਕ ਵੀ ਚਾਲੂ ਨਹੀਂ ਹੋ ਸਕੀ, ਜਿਸ ਕਾਰਨ ਲੋਕਾਂ ਨੂੰ ਪੀਣ ਵਾਲਾ ਪਾਣੀ ਵੀ ਮੁੱਲ ਲੈ ਕੇ ਪੀਣਾ ਪੈ ਰਿਹਾ ਹੈ। ਇਸੇ ਤਰ੍ਹਾਂ ਪਿੰਡ ਮਾਛੀ ਨੰਗਲ ਦੇ ਕਿਸਾਨ ਗੁਰਸੇਵਕ ਸਿੰਘ ਦੇ ਮੁਰਗੀਖਾਨੇ ’ਚੋਂ ਤੇਜ਼ ਹਨੇਰੀ ਕਾਰਨ ਕਰੀਬ 50 ਚੂਚੇ ਮਰ ਗਏ ਤੇ ਸ਼ੈੱਡ ਦਾ ਵੀ ਨੁਕਸਾਨ ਹੋ ਗਿਆ। ਪਿੰਡ ਸੰਗਤਪੁਰਾ ਦੇ ਇਕ ਕਿਸਾਨ ਦੀਆਂ 20 ਟਰਾਲੀਆਂ ਦੀ ਲੱਗੀ ਹੋਈ ਤੂੜੀ ਦੀ ਧੜ ਸਮੇਤ ਤਰਪਾਲ ਅਤੇ ਤੂੜੀ ਵਾਲਾ ਸੈਡ ਉੱਡ ਗਿਆ। ਹਰਜਿੰਦਰ ਸਿੰਘ ਦੀ ਤਾਰਾ ਸਿੰਘ ਦੀ ਪਾਣੀ ਵਾਲੀ ਟੈਂਕੀਆਂ ਉੁੱਡ ਗਈਆਂ।