ਦਮਦਮੀ ਟਕਸਾਲ ਨੇ ਸਜਾਇਆ ਸ਼ਹੀਦੀ ਦੀਵਾਨ
ਦਮਦਮੀ ਟਕਸਾਲ ਨੇ ਪਿੰਡ ਲੀਲ ਕਲਾਂ ਵਿਖੇ ਸਜਾਇਆ ਸ਼ਹੀਦੀ ਦੀਵਾਨ
Publish Date: Tue, 12 May 2026 04:30 PM (IST)
Updated Date: Wed, 13 May 2026 04:01 AM (IST)

ਦੇਹਧਾਰੀ, ਪਾਖੰਡੀਆਂ ਨੂੰ ਛੱਡ ਸੰਗਤਾਂ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਲੜ ਲੱਗਣ : ਬਾਬਾ ਹਰਨਾਮ ਸਿੰਘ ਪੱਤਰ ਪ੍ਰੇਰਕ, ਰਾਜਦੀਪ ਸਿੰਘ ਨੰਗਲ, ਪੰਜਾਬੀ ਜਾਗਰਣ, ਚੌਕ ਮਹਿਤਾ : ਜੂਨ 1984 (ਤੀਸਰਾ ਘੱਲੂਘਾਰਾ) ਦੌਰਾਨ ਸ਼ਹੀਦ ਹੋਏ ਸਮੂਹ ਸ਼ਹੀਦਾਂ ਦੀ ਯਾਦ ਵਿਚ 42ਵਾਂ ਸ਼ਹੀਦੀ ਸਮਾਗਮ ਦਮਦਮੀ ਟਕਸਾਲ ਦੇ ਹੈੱਡ ਕੁਆਟਰ ਗੁਰਦੁਆਰਾ ਗੁਰਦਰਸ਼ਨ ਪ੍ਰਕਾਸ਼ ਮਹਿਤਾ ਵਿਖੇ 6 ਜੂਨ ਨੂੰ ਅੰਤਰਰਾਸ਼ਟਰੀ ਪੱਧਰ ’ਤੇ ਮਨਾਇਆ ਜਾਵੇਗਾ। ਦਮਦਮੀ ਟਕਸਾਲ ਦੇ ਮੁਖੀ ਸੰਤ ਗਿਆਨੀ ਹਰਨਾਮ ਸਿੰਘ ਖਾਲਸਾ ਦੀ ਅਗਵਾਈ ’ਚ 1 ਮਈ ਤੋਂ ਸ਼ੁਰੂ ਹੋਏ ਧਾਰਮਿਕ ਦੀਵਾਨਾਂ ਦੀ ਲੜੀ ਦੇ ਤਹਿਤ ਸ਼ਾਮ ਵੇਲੇ ਦੇ ਦੀਵਾਨ ਪਿੰਡ ਲੀਲ ਕਲਾਂ ਦੇ ਗੁਰਦੁਆਰਾ ਸਾਹਿਬ ਵਿਖੇ ਸਜਾਏ ਗਏ। ਇਸ ਦੌਰਾਨ ਗਿਆਨੀ ਹਰਨਾਮ ਸਿੰਘ ਖਾਲਸਾ ਨੇ ਦੀਵਾਨ ’ਚ ਜੁੜੀਆਂ ਬੇਅੰਤ ਸੰਗਤਾਂ ਨੂੰ ਮੀਰੀ-ਪੀਰੀ ਦੇ ਮਾਲਕ ਸ਼੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਜੀਵਨ ਬਿਰਤਾਂਤ ਨਾਲ ਸਬੰਧਤ ਗੁਰ ਇਤਹਾਸ ਦੀ ਲੜੀਵਾਰ ਕਥਾ ਸਰਵਨ ਕਰਵਾ ਕੇ ਨਿਹਾਲ ਕੀਤਾ। ਇਸ ਸਮੇਂ ਗਿਆਨੀ ਖਾਲਸਾ ਨੇ ਸੰਗਤਾਂ ਨੂੰ ਸ਼ਬਦ ਗੁਰੂ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਨਾਲ ਜੁੜਣ ਲਈ ਆਖਿਆ ਅਤੇ ਕਿਹਾ ਕਿ ਸਾਡੇ ਗੁਰੂ ਸਾਹਿਬਾਨਾਂ ਨੇ ਦੇਹਧਾਰੀ, ਪਾਖੰਡੀਆਂ ਨੂੰ ਪੂਜਣ ਤੋਂ ਵਰਜਿਤ ਕੀਤਾ ਹੈ। ਇਸ ਲਈ ਭਟਕਣਾ ਨੂੰ ਛੱਡ ਕੇ ਆਓ ਸਾਰੇ ਸਰਬ ਕਲਾ ਸਮਰਥ, ਜਾਗਤ ਜੋਤ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਲੜ੍ਹ ਲੱਗ ਕੇ ਜੀਵਨ ਸਫਲਾ ਕਰੀਏ। ਇਸ ਦੌਰਾਨ ਟਕਸਾਲ ਦੇ ਹਜ਼ੂਰੀ ਰਾਗੀ ਜਥੇ ਨੇ ਰਸਦਾਇਕ ਕੀਰਤਨ ਕਰ ਕੇ ਸੰਗਤਾਂ ਨੂੰ ਗੁਰੂ ਚਰਨਾਂ ਨਾਲ ਜੋੜਿਆ। ਸਟੇਜ ਸੰਚਾਲਨ ਦੀ ਸੇਵਾ ਪ੍ਰਿੰਸੀ. ਗੁਰਦੀਪ ਸਿੰਘ ਰੰਧਾਵਾ ਨੇ ਨਿਭਾਈ। ਸਮਾਗਮ ਦੀ ਸਮਾਪਤੀ ਮੌਕੇ ਪ੍ਰਬੰਧਕਾਂ ਨੇ ਸਿਰੋਪਾਓ ਤੇ ਦੁਸ਼ਾਲਾ ਭੇਟ ਕਰ ਕੇ ਸੰਤ ਗਿਆਨੀ ਹਰਨਾਮ ਸਿੰਘ ਖਾਲਸਾ ਦਾ ਸਤਿਕਾਰ ਕੀਤਾ। ਇਸ ਮੌਕੇ ਜਥੇਦਾਰ ਬਾਬਾ ਅਜੀਤ ਸਿੰਘ ਮੁਖੀ ਤਰਨਾਦਲ ਮਹਿਤਾ, ਜਥੇਦਾਰ ਬਾਬਾ ਬੋਹੜ ਸਿੰਘ, ਪ੍ਰਿੰ. ਹਰਸ਼ਦੀਪ ਸਿੰਘ ਰੰਧਾਵਾ ਤੇ ਡਾ. ਅਵਤਾਰ ਸਿੰਘ ਬੁੱਟਰ (ਦੋਵੇਂ ਮੈਂਬਰ ਚੀਫ ਖਾਲਸਾ ਦੀਵਾਨ) ਤੋਂ ਇਲਾਵਾ ਵੱਡੀ ਗਿਣਤੀ ਵਿਚ ਸੰਗਤਾਂ ਮੌਜੂਦ ਸਨ।