ਸੀਟੂ ਜਥੇਬੰਦੀ ਨੇ ਦੇਸ਼ ਵਿਆਪੀ ਮੰਗ ਦਿਵਸ ਮਨਾਇਆ
ਸੀਟੂ ਜਥੇਬੰਦੀ ਵੱਲੋਂ ਦੇਸ਼ ਵਿਆਪੀ ਮੰਗ ਦਿਵਸ ਮਨਾਇਆ
Publish Date: Tue, 12 May 2026 04:23 PM (IST)
Updated Date: Wed, 13 May 2026 04:00 AM (IST)
ਪੱਤਰ ਪ੍ਰੇਰਕ, ਰਮੇਸ਼ ਰਾਮਪੁਰਾ, ਪੰਜਾਬੀ ਜਾਗਰਣ, ਅੰਮ੍ਰਿਤਸਰ: ਸੀਟੂ ਜਥੇਬੰਦੀ ਦੇ ਸੱਦੇ ਤੇ ਮੰਗ ਦਿਵਸ਼ ਦੇ ਮੱਦੇਨਜ਼ਰ 22 ਨੰਬਰ ਫਾਟਕ ਚਿੱਟੀ ਕੋਠੀ ਅੰਮ੍ਰਿਤਸਰ ਵਿਖੇ ਕਾਮਰੇਡ ਕਿਰਪਾ ਰਾਮ ਦੀ ਪ੍ਰਧਾਨਗੀ ਹੇਠ ਮਜ਼ਦੂਰਾਂ ਨੇ ਇਕੱਠੇ ਹੋ ਕੇ ਕੇਂਦਰ ਸਰਕਾਰ ਵੱਲੋਂ ਚਾਰ ਲੇਬਰ ਕੋਡ ਲਾਗੂ ਕਰਨ ਵਾਲੇ ਨੋਟੀਫਿਕੇਸ਼ਨ ਦੀਆਂ ਕਾਪੀਆਂ ਸਾੜ ਕੇ ਰੋਸ ਪ੍ਰਦਰਸ਼ਨ ਕਰਦਿਆਂ ਸਰਕਾਰ ਦਾ ਪਿੱਟ ਸਿਆਪਾ ਕੀਤਾ। ਇਸ ਮੌਕੇ ਸੀਟੂ ਦੇ ਸੂਬਾਈ ਮੀਤ ਪ੍ਰਧਾਨ ਸੁੱਚਾ ਸਿੰਘ ਅਜਨਾਲਾ ਨੇ ਸੰਬੋਧਨ ਕਰਦਿਆਂ ਕੇਂਦਰ ਸਰਕਾਰ ਨੂੰ ਚੇਤਾਵਨੀ ਦਿੱਤੀ ਕਿ ਮਜ਼ਦੂਰਾਂ ਵਿਰੁੱਧ ਦਿੱਤੇ ਹੋਏ ਕਾਲੇ ਕਾਨੂੰਨ ਨੂੰ ਤੁਰੰਤ ਵਾਪਸ ਲਏ ਜਾਣ ਅਤੇ ਮਜ਼ਦੂਰ ਜਮਾਤ ਤੇ ਤਸ਼ੱਦਦ ਕਰਨਾ ਬੰਦ ਕੀਤਾ ਜਾਵੇ ਅਤੇ ਪਿਛਲੇ ਸਮੇਂ ਲਗਭਗ 1500 ਗ੍ਰਿਫਤਾਰ ਵਰਕਰਾਂ ਨੂੰ ਤੁਰੰਤ ਰਿਹਾਅ ਕੀਤਾ ਜਾਵੇ। ਉਨ੍ਹਾਂ ਕਿਹਾ ਕਿ ਠੇਕੇਦਾਰੀ ਸਿਸਟਮ ਨੂੰ ਤੁਰੰਤ ਬੰਦ ਕੀਤਾ ਜਾਵੇ। ਮਜ਼ਦੂਰਾਂ ਮੁਲਾਜ਼ਮਾਂ ਨੂੰ ਡੀਏ ਦਾ ਤੁਰੰਤ ਭੁਗਤਾਨ ਕੀਤਾ ਜਾਵੇ। 26000 ਰੁਪਏ ਘੱਟੋ-ਘੱਟ ਪ੍ਰਤੀ ਮਹੀਨਾ ਉਜਰਤ ਦਿੱਤੀ ਜਾਵੇ। ਅੱਠ ਘੰਟੇ ਕੰਮ ਦੀ ਦਿਹਾੜੀ ਅਤੇ ਇਸ ਤੋਂ ਵੱਧ ਕਰਵਾਏ ਕੰਮ ਦਾ ਓਵਰ ਟਾਈਮ ਦਿੱਤਾ ਜਾਏ। ਮੰਗ ਦਿਵਸ ਨੂੰ ਮਨਾਉਣ ਮੌਕੇ ਕਾਮਰੇਡ ਚਰਨਜੀਤ ਮਜੀਠਾ, ਸਵਿੰਦਰ ਸਿੰਘ ਮੀਰਾਂਕੋਟ, ਰਾਮ ਮੂਰਤੀ, ਸੂਰਜ, ਬਲਬੀਰ ਸਿੰਘ, ਪ੍ਰਤਾਪ ਸਿੰਘ ਖਾਪੜਖੇੜੀ ਆਦਿ ਹਾਜ਼ਰ ਸਨ।