ਅਪ੍ਰੈਲ ਮਹੀਨੇ ਦੀ ਪੈਨਸ਼ਨ ਦੀ ਝਾਕ ’ਚ ਬੈਠੇ ਪੈਨਸ਼ਨਰ
ਅਪ੍ਰੈਲ ਮਹੀਨੇ ਦੀ ਪੈਨਸ਼ਨ ਦੀ ਝਾਕ 'ਚ ਬੈਠੇ ਨੇ ਪੈਨਸ਼ਨਰ
Publish Date: Tue, 12 May 2026 04:13 PM (IST)
Updated Date: Wed, 13 May 2026 04:00 AM (IST)

ਪੱਤਰ ਪ੍ਰੇਰਕ, ਰਮੇਸ਼ ਰਾਮਪੁਰਾ, ਪੰਜਾਬੀ ਜਾਗਰਣ ਅੰਮ੍ਰਿਤਸਰ: ਪੰਜਾਬ ਸਟੇਟ ਮਨਿਸਟੀਰੀਅਲ ਪੈਨਸ਼ਨਰਜ ਐਸੋਸੀਏਸ਼ਨ ਜ਼ਿਲ੍ਹਾ ਅੰਮ੍ਰਿਤਸਰ ਦੇ ਪ੍ਰਮੁੱਖ ਆਗੂਆਂ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਐਸੋਸੀਏਸ਼ਨ ਦੇਧਿਆਨ ਵਿਚ ਆਇਆ ਸੀ ਕਿ ਜ਼ੋ ਸਾਥੀ ਪੰਜਾਬ ਨੈਸ਼ਨਲ ਬੈਂਕ ਵਿਚੋਂ ਪੈਨਸ਼ਨ ਲੈਂਦੇ ਹਨ, ਉਨ੍ਹਾਂ ਵਿਚੋਂ ਬਹੁਤ ਸਾਰੇ ਪੈਨਸ਼ਨਰ ਸਾਥੀਆਂ ਨੂੰ ਅਪ੍ਰੈਲ ਮਹੀਨੇ ਦੀ ਪੈਨਸ਼ਨ ਹਾਲੇ ਤੱਕ ਵੀ ਪੰਜਾਬ ਸਰਕਾਰ ਵੱਲੋਂ ਨਿਤ ਪ੍ਰਤੀ ਦਿਨ ਮੁਲਾਜ਼ਮ ਮਾਰੂ ਨਵੇਂ ਨਵੇਂ ਨਿਯਮਾਂ ਕਾਰਨ ਨਸੀਬ ਨਹੀਂ ਹੋਈ। ਇਸ ਸਬੰਧੀ ਜ਼ਿਲ੍ਹਾ ਪ੍ਰਧਾਨ ਦਲਬੀਰ ਸਿੰਘ ਬਾਜਵਾ, ਜ਼ਿਲ੍ਹਾ ਕਾਰਜਕਾਰੀ ਪ੍ਰਧਾਨ ਡਾ. ਨਿਰਮਲ ਸਿੰਘ ਆਨੰਦ, ਜ਼ਿਲ੍ਹਾ ਜਨ. ਸਕੱਤਰ ਰਮੇਸ਼ ਕੁਮਾਰ ਤੇ ਸੋਮ ਨਾਥ ਰੋਲੀਆ ਸੀਨੀਅਰ ਮੀਤ ਪ੍ਰਧਾਨ ਦੀ ਅਗਵਾਈ ਹੇਠ ਪੰਜਾਬ ਨੈਸ਼ਨਲ ਬੈਂਕ, ਅੰਮ੍ਰਿਤਸਰ ਦੇ ਅਧਿਕਾਰੀਆਂ ਨੂੰ ਵਫਦ ਦੇ ਰੂਪ ਵਿਚ ਮਿਲਿਆ। ਪੰਜਾਬ ਨੈਸ਼ਨਲ ਬੈਂਕ ਦੇ ਸੀਨੀਅਰ ਮੈਨੇਜਰ ਨੇ ਦੱਸਿਆ ਕਿ ਕੁਝ ਤਕਨੀਕੀ ਕਾਰਨਾਂ ਕਰ ਕੇ ਪੈਨਸ਼ਨਰਾਂ ਵੱਲੋਂ ਪਹਿਲਾਂ ਦਿੱਤੇ ਗਏ ਡਿਜੀਟਲ ਲਾਈਫ ਸਰਟੀਫਿਕੇਟ ਰੱਦ ਹੋ ਗਏ ਸਨ। ਇਸ ਲਈ ਦੁਬਾਰਾ ਡਿਜੀਟਲ ਲਾਈਫ ਸਰਟੀਫਿਕੇਟ ਲਏ ਜਾ ਰਹੇ ਹਨ। ਉਪਰੰਤ ਸਬੰਧਤ ਮੈਨੇਜਰ ਵੱਲੋਂ ਜਿਹੜੇ ਸਾਥੀਆਂ ਨੂੰ ਹਾਲੇ ਤਕ ਅਪ੍ਰੈਲ ਮਹੀਨੇ ਦੀ ਪੈਨਸ਼ਨ ਨਹੀਂ ਮਿਲੀ ਸੀ, ਉਨ੍ਹਾਂ ਦਾ ਕੇਸ ਮੁੱਖ ਦਫਤਰ ਪੰਜਾਬ ਨੈਸ਼ਨਲ ਬੈਂਕ, ਲੁਧਿਆਣਾ ਵਿਖੇ ਈ-ਮੇਲ ਰਾਹੀਂ ਭੇਜ ਦਿੱਤਾ ਹੈ। ਇਹ ਸਾਰੀ ਕਾਰਵਾਈ ਸੂਬਾ ਪ੍ਰਧਾਨ ਦਲੀਪ ਸਿੰਘ, ਹਰਵੰਤ ਸਿੰਘ ਮਾਂਗਟ ਸੂਬਾ ਮੁੱਖ ਸਲਾਹਕਾਰ ਤੇ ਨਿਰਮਲ ਸਿੰਘ ਲਲਤੋਂ ਸੂਬਾ ਜਨਰਲ ਸਕੱਤਰ ਦੇ ਧਿਆਨ ’ਚ ਡਾ. ਨਿਰਮਲ ਸਿੰਘ ਆਨੰਦ ਸੂਬਾ ਵਿੱਤ ਸਕੱਤਰ ਵਲੋਂ ਲਿਆਂਦੀ ਗਈ ਸੀ ਜਿਸ ਉਪਰ ਸੂਬਾ ਲੀਡਰਸ਼ਿਪ ਨੇ ਵਿਸ਼ਵਾਸ ਦਿਵਾਇਆ ਕਿ ਉਹ ਖੁਦ ਪੰਜਾਬ ਨੈਸ਼ਨਲ ਬੈਂਕ ਦੇ ਮੁੱਖ ਦਫਤਰ ਤੋਂ ਕਾਰਵਾਈ ਕਰਵਾ ਕੇ ਸਾਥੀਆਂ ਦੀਆਂ ਰੁਕੀਆਂ ਪੈਨਸ਼ਨਾਂ ਜਲਦੀ ਰਲੀਜ਼ ਕਰਵਾਉਣਗੇ ਤਾਂ ਜ਼ੋ ਮਹਿੰਗਾਈ ਦੇ ਦੌਰ ਵਿਚ ਕਿਸੇ ਵੀ ਸਾਥੀ ਨੂੰ ਵਿੱਤੀ ਔਕੜਾਂ ਦਾ ਸਾਹਮਣਾ ਨਾ ਕਰਨਾ ਪਵੇ।