ਮਰਦਮਸ਼ੁਮਾਰੀ ’ਚ ਡਿਊਟੀਆਂ : ਸਰਕਾਰੀ ਸਕੂਲ ਅਧਿਆਪਕਾਂ ਤੋਂ ਸੱਖਣੇ
ਮਰਦਮਸ਼ੁਮਾਰੀ ’ਚ ਡਿਊਟੀਆਂ ਲਗਾ ਕੇ ਸਰਕਾਰੀ ਸਕੂਲਾਂ ਨੂੰ ਕੀਤਾ ਅਧਿਆਪਕਾਂ ਤੋਂ ਸੱਖਣਾ
Publish Date: Tue, 28 Apr 2026 06:52 PM (IST)
Updated Date: Wed, 29 Apr 2026 04:14 AM (IST)

ਸਾਰਾ ਸਾਲ ਵਾਧੂ ਕੰਮਾਂ ਤੋਂ ਹੀ ਵਿਹਲ ਨਹੀ ਮਿਲਦਾ ਫਿਰ ਪੜ੍ਹਾਈ ਕਦੋ ਕਰਵਾਈ ਜਾਵੇ: ਐਲੀਮੈਂਟਰੀ ਯੂਨੀਅਨ ਸਰਕਾਰ ਵੱਲੋਂ ਅਧਿਆਪਕਾਂ ’ਤੇ ਪਾਏ ਵਾਧੂ ਬੋਝ ਦਾ ਅਧਿਆਪਕਾਂ ਨੇ ਕੀਤਾ ਵਿਰੋਧ ਜਸਪਾਲ ਸਿੰਘ ਗਿੱਲ, ਪੰਜਾਬੀ ਜਾਗਰਣ ਮਜੀਠਾ: ਪੰਜਾਬ ਸਰਕਾਰ ਵੱਲੋਂ ਸੂਬੇ ਅੰਦਰ ਮਰਦਮਸ਼ੁਮਾਰੀ ਕਰਨੀ ਸ਼ੁਰੂ ਕੀਤੀ ਜਾ ਰਹੀ ਹੈ। ਇਸ ਕੰਮ ਨੂੰ ਨੇਪਰੇ ਚੜ੍ਹਾਉਣ ਵਾਸਤੇ ਜਿਥੇ ਸੂਬੇ ਭਰ ਦੇ ਸਰਕਾਰੀ ਸਕੂਲਾਂ ਦੇ ਅਧਿਆਪਕਾਂ ਦੀਆਂ ਡਿਊਟੀਆਂ ਲੱਗੀਆਂ ਹਨ ਉੱਥੇ ਬਲਾਕ ਸਿਿਖਆ ਦਫਤਰ ਮਜੀਠਾ ਇਕ ਅਤੇ ਦੋ ਦੇ ਪ੍ਰਾਇਮਰੀ, ਮਿਡਲ ਅਤੇ ਸੀਨੀਅਰ ਸੈਕੰਡਰੀ ਸਕੂਲਾਂ ਦੇ ਅਧਿਆਪਕਾਂ ਦੀਆਂ ਡਿਊਟੀਆਂ ਲਗਾਈਆਂ ਗਈਆਂ ਹਨ। ਇਨ੍ਹਾਂ ਅਧਿਆਪਕਾਂ ਦੀਆਂ ਪਹਿਲਾਂ ਬਤੌਰ ਬੀਐੱਲਓ ਦੀਆਂ ਡਿਊਟੀਆਂ ਵੀ ਲਗੀਆਂ ਸਨ, ਪਰ ਹੁਣ ਇੰਨ੍ਹਾਂ ਨੂੰ ਮਰਦਮਸ਼ੁਮਾਰੀ ਕਰਨ ਵਾਸਤੇ ਲਗਾਇਆ ਗਿਆ ਹੈ। ਐਲੀਮੈਂਟਰੀ ਅਧਿਆਪਕ ਯੂਨੀਅਨ ਦੇ ਆਗੂਆਂ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਉਕਤ ਦੋਹਾਂ ਬਲਾਕਾਂ ਦੇ ਸਾਰੇ ਐਲੀਮੈਂਟਰੀ, ਮਿਡਲ ਅਤੇ ਸੀਨੀਅਰ ਸੈਕੰਡਰੀ ਸਕੂਲਾਂ ਦੇ ਸਾਰੇ ਸਾਰੇ ਅਧਿਆਪਿਕਾਂ ਦੀਆਂ ਡਿਊਟੀਆਂ ਜਨਗਨਣਾ ਵਾਸਤੇ ਲਗਾਈਆਂ ਗਈਆਂ ਹਨ। ਇਸ ਕੰਮ ਵਾਸਤੇ ਅਧਿਆਪਕਾਂ ਨੂੰ ਹੁਣ ਟਰੇਨਿੰਗ ਦਿੱਤੀ ਜਾ ਹੈ। ਜਿਸ ਲਈ ਉਕਤ ਦੋਵੇਂ ਬਲਾਕਾਂ ਦੇ ਸਾਰੇ ਸਕੂਲਾਂ ਦੇ ਸਾਰੇ ਅਧਿਆਪਕ ਜਿਨਾਂ ਦੀ ਗਿਣਤੀ ਕਰੀਬ 450 ਸੀ ਇਹ ਟਰੇਨਿੰਗ ਲੈਣ ਵਾਸਤੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਮਜੀਠਾ ਵਿਖੇ ਆਏ। ਇੰਨ੍ਹਾਂ ਅਧਿਆਪਕਾਂ ਦਾ ਕਹਿਣਾ ਹੈ ਕਿ ਕਈ ਸਕੂਲਾਂ ਵਿਚ ਸਿਰਫ ਦੋ ਜਾਂ ਤਿੰਨ ਅਧਿਆਪਕ ਹਨ ਅਤੇ ਕਈ ਸਕੂਲਾਂ ਵਿਚ ਤਾਂ ਸਿਰਫ ਇੱਕ ਹੀ ਅਧਿਆਪਕ ਹੈ। ਜਿਨ੍ਹਾਂ ਸਾਰਿਆਂ ਦੀਆਂ ਡਿਊਟੀਆਂ ਲੱਗੀਆਂ ਹਨ ਅਤੇ ਉਹ ਸਾਰੇ ਟਰੇਨਿੰਗ ਲੈਣ ਵਾਸਤੇ ਆਏ ਹਨ।ਜਦ ਕਿ ਇੰਨ੍ਹਾਂ ਸਕੂਲਾਂ ਵਿਚ ਬੱਚਿਆਂ ਨੂੰ ਪੜ੍ਹਾਉਣ ਜਾਂ ਉਨਾਂ ਦੀ ਦੇਖ ਭਾਲ ਕਰਨ ਵਾਲਾ ਕੋਈ ਅਧਿਆਪਕ ਪਿੱਛੇ ਨਹੀ ਹੈ। ਇੰਨ੍ਹਾਂ ਅਧਿਆਪਕਾਂ ਨੇ ਕਿਹਾ ਕਿ ਹਰ ਰੋਜ਼ ਵਿਭਾਗ ਵੱਲੋ ਆਨਲਾਈਨ ਡਾਕ ਭੇਜੀ ਜਾਂਦੀ ਹੈ ਜਿਸ ਦਾ ਨਿਪਟਾਰਾ ਤੁਰੰਤ ਕਰਨ ਦੇ ਹੁਕਮ ਹੁੰਦੇ ਹਨ ਪਰ ਇਹ ਅਧਿਆਪਕ ਤਾਂ ਮਰਦਮਸ਼ੁਮਾਰੀ ਦੀ ਡਿਊਟੀ ਦੀ ਟਰੇਨਿੰਗ ਲੈਣ ਵਾਸਤੇ ਆਏ ਹੋਣ ਕਰਕੇ ਡਾਕ ਦਾ ਕੰਮ ਵੀ ਪਿਛੇ ਪੈ ਜਾਂਦਾ ਹੈ। ਦੂਸਰੇ ਪਾਸੇ ਵਿਭਾਗ ਅਤੇ ਸਰਕਾਰ ਹਰ ਸਾਲ ਸਕੂਲਾਂ ਦਾ ਨਤੀਜ਼ਾ ਵੀ ਸੌ ਫੀਸਦੀ ਮੰਗਦੀ ਹੈ, ਜਦਕਿ ਅਧਿਆਪਕਾਂ ਨੂੰ ਤਾਂ ਸਾਰਾ ਸਾਲ ਵਾਧੂ ਕੰਮਾਂ ਤੋਂ ਹੀ ਵਿਹਲ ਨਹੀ ਮਿਲਦਾ ਫਿਰ ਪੜ੍ਹਾਈ ਕਦੋ ਕਰਵਾਈ ਜਾਵੇ। ਉਨ੍ਹਾਂ ਦੱਸਿਆ ਕਿ ਵਾਧੂ ਕੰਮ ਕਰਨ ਕਰਕੇ ਕਲਾਸਾਂ ਵਿਚ ਜਾ ਕੇ ਬਚਿਆਂ ਨੂੰ ਪੜ੍ਹਾਇਆ ਨਹੀਂ ਜਾਵੇਗਾ ਤਾਂ ਰਿਜਲਟ ਸੌ ਫੀਸਦੀ ਕਿਸ ਤਰ੍ਹਾਂ ਸੰਭਵ ਹੋ ਸਕੇਗਾ। ਅਜਿਹੇ ਹਾਲਾਤਾਂ ਵਿਚ ਇੰਨਾਂ ਅਧਿਆਪਕਾਂ ਦਾ ਲੰਮੇ ਸਮੇ ਤੱਕ ਡਿਊਟੀ ਕਰਨਾ ਅਸੰਭਵ ਲਗਦਾ ਹੈ। ਕਿਉਂਕਿ ਇਨ੍ਹਾਂ ਅਧਿਆਪਕਾਂ ਨੂੰ ਮੈਡੀਕਲ ਛੁੱਟੀ ਵੀ ਆਸਾਨੀ ਨਾਲ ਨਹੀ ਮਿਲਦੀ। ਇਨ੍ਹਾਂ ਅਧਿਆਪਕਾਂ ਨੇ ਕਿਹਾ ਕਿ ਉਹ ਡਿਊਟੀ ਕਰਨ ਤੋਂ ਇਨਕਾਰ ਨਹੀ ਕਰਦੇ ਪਰ ਡਿਊਟੀ ਵਾਸਤੇ ਕੋਈ ਪੈਮਾਨਾ ਤਾਂ ਹੋਣਾ ਚਾਹੀਦਾ ਹੈ। ਅਧਿਆਪਕਾਂ ਨੇ ਦੱਸਿਆ ਕਿ ਮਰਦਮਸ਼ੁਮਾਰੀ ਦੀ ਇਹ ਪਹਿਲੇ ਗੇੜ ਦੀ ਟ੍ਰੇਨਿੰਗ ਹੈ, ਜਿਹੜੀ ਤਿੰਨ ਦਿਨ ਚੱਲਣੀ ਹੈ ਅਤੇ ਮਰਦਮਸ਼ੁਮਾਰੀ 15 ਮਈ ਤੋ ਸ਼ੁਰੂ ਹੋਵੇਗੀ, ਦੂਸਰਾ ਗੇੜ ਜਨਵਰੀ ਵਿਚ ਸ਼ੁਰੂ ਹੋਵੇਗਾ। ਅਧਿਆਪਕਾਂ ਨੇ ਸਿੱਖਿਆ ਵਿਭਾਗ ਅਤੇ ਪੰਜਾਬ ਸਰਕਾਰ ਪਾਸੋ ਮੰਗ ਕੀਤੀ ਕਿ ਉਨ੍ਹਾਂ ਤੇ ਵਾਧੂ ਬੋਝ ਨਾ ਪਾਇਆ ਜਾਵੇ ।