ਧਮਾਕੇ ਉਪਰੰਤ ਕੇਂਦਰ ਤੇ ਸੂਬਾ ਸਰਕਾਰ ਦੀਆਂ ਸੁਰੱਖਿਆ ਏਜੰਸੀਆਂ ਸਰਗਰਮ
ਧਮਾਕੇ ਤੋਂ ਬਾਅਦ ਕੇਂਦਰ ਤੇ ਪੰਜਾਬ ਸਰਕਾਰ ਦੀਆਂ ਸੁਰੱਖਿਆ ਏਜੰਸੀਆਂ ਹੋਈਆਂ ਸਰਗਰਮ
Publish Date: Tue, 28 Apr 2026 06:47 PM (IST)
Updated Date: Wed, 29 Apr 2026 04:13 AM (IST)

ਭਾਰਤ-ਪਾਕਿ ਕੌਮਾਂਤਰੀ ਰੇਲ ਮਾਰਗ ਸਮੇਤ ਚੱਪੇ-ਚੱਪੇ ਦੀ ਲਈ ਤਲਾਸ਼ੀ ਜੀਆਰਪੀ ਆਰਪੀਐੱਫ ਤੇ ਸੈਬੋਟੇਜ ਵਿੰਗ ਨੇ ਚਲਾਈ ਸਾਂਝੀ ਜਾਂਚ ਤੇ ਤਲਾਸ਼ੀ ਮੁਹਿੰਮ ਗੁਰਮੀਤ ਸੰਧੂ, ਪੰਜਾਬੀ ਜਾਗਰਣ ਅੰਮ੍ਰਿਤਸਰ: ਬੀਤੀ ਰਾਤ ਭਾਰਤੀ ਰੇਲਵੇ ਦੀ ਅੰਬਾਲਾ ਡਵੀਜ਼ਨ ਦੇ ਅਧਿਕਾਰਤ ਖੇਤਰ ’ਚ ਆਉਂਦੇ ਸ਼ੰਭੂ ਰੇਲਵੇ ਸਟੇਸ਼ਨ ਦੇ ਨਜ਼ਦੀਕ ਰੇਲਵੇ ਟ੍ਰੈਕ ਉੱਪਰ ਹੋਏ ਧਮਾਕੇ ਤੋਂ ਬਾਅਦ ਕੇਂਦਰ ਤੇ ਪੰਜਾਬ ਸਰਕਾਰ ਦੀਆਂ ਸੁਰੱਖਿਆ ਏਜੰਸੀਆਂ ਸਰਗਰਮ ਹੋ ਗਈਆਂ ਹਨ। ਇਸੇ ਸਿਲਸਿਲੇ ਤਹਿਤ ਸਮੇਤ ਮੁਸਾਫਰਾਂ ਤੇ ਰੇਲਵੇ ਦੀਆਂ ਸਮੁੱਚੀਆਂ ਜ਼ਿੰਮੇਵਾਰ ਧਿਰਾਂ ਦੀ ਜਾਨ ਤੇ ਮਾਲ ਦੀ ਰਖਵਾਲੀ ’ਚ ਲੱਗੀ ਗੌਰਮਿੰਟ ਰੇਲਵੇ ਪੁਲਿਸ (ਜੀਆਰਪੀ), ਰੇਲਵੇ ਪ੍ਰੋਟੰਕਸ਼ਨ ਫੋਰਸ (ਆਰਪੀਐੱਫ) ਤੇ ਸੈਬੋਟੇਜ ਟੀਮਾਂ ਚੁਸਤ ਫੁਰਤ ਹੋ ਕੇ ਹਰਕਤ ’ਚ ਆ ਗਈਆਂ ਹਨ ਤੇ ਸਰਗਰਮੀ ਦੇ ਨਾਲ ਤਲਾਸ਼ੀ ਅਤੇ ਗਸ਼ਤੀ ਮੁਹਿੰਮ ਚਲਾਈ ਗਈ ਹੈ। ਰੇਲਵੇ ਸਟੇਸ਼ਨਾਂ ਤੇ ਹਰ ਆਉਣ-ਜਾਣ ਵਾਲੇ ਮੁਸਾਫਰ ਤੇ ਗਹਿਰੀ ਨਜ਼ਰ ਰੱਖੀ ਜਾ ਰਹੀ ਹੈ। ਕਿਸੇ ਵੀ ਸ਼ੱਕੀ ਵਿਅਕਤੀ ਤੇ ਸ਼ੱਕੀ ਵਸਤੂ ਨੂੰ ਚੰਗੀ ਤਰ੍ਹਾਂ ਵੇਖਿਆ ਜਾਂਚਿਆ ਜਾ ਰਿਹਾ ਹੈ। ਗੁਰੂ ਨਗਰੀ ਦੇ ਅੰਮ੍ਰਿਤਸਰ ਰੇਲਵੇ ਜੰਕਸ਼ਨ ਦਾ ਦੌਰਾ ਕਰਨ ’ਤੇ ਸਮੁੱਚੀਆਂ ਫੋਰਸਾਂ ਤੇ ਖੁਫੀਆ ਤੰਤਰ ਮੁਸ਼ਤੈਦ ਦਿਖਾਈ ਦਿੱਤਾ। ਆਉਣ-ਜਾਣ ਵਾਲੀਆਂ ਮੁਸਾਫਰ ਰੇਲਵੇ ਗੱਡੀਆਂ ’ਤੇ ਤਿੱਖੀ ਨਜ਼ਰ ਰੱਖੀ ਜਾ ਰਹੀ ਹੈ। ਕਿਸੇ ਵੀ ਅਣਸੁਖਾਵੀ ਘਟਨਾ ਨਾਲ ਨਜਿੱਠਣ ਲਈ ਕੀਤੇ ਗਏ ਵਿਆਪਕ ਪ੍ਰਬੰਧਾਂ ਤਹਿਤ ਪੁਲਿਸ ਥਾਣਾ ਜੀਆਰਪੀ ਤੇ ਆਰਪੀਐੱਫ ਅੰਮ੍ਰਿਤਸਰ ਦੇ ਅਧਿਕਾਰਤ ਖੇਤਰ ’ਚ ਆਉਂਦੀ ਪੁਲਿਸ ਪੋਸਟ ਛੇਹਰਟਾ ਦੇ ਇੰਚਾਰਜ ਸੁਖਬੀਰ ਸਿੰਘ ਸੰਧੂ ਤੇ ਇੰਚਾਰਜ ਜੈਲੂ ਸਿੰਘ ਤੇ ਸੈਬੋਟੇਜ ਟੀਮ ਇੰਚਾਰਜ ਦਲਜਿੰਦਰ ਸਿੰਘ ਦੇ ਵੱਲੋਂ ਸਾਂਝੇ ਤੌਰ ’ਤੇ ਸਥਾਨਕ ਵਿਸ਼ੇਸ਼ ਗਸ਼ਤ ਕਰਦੇ ਹੋਏ ਮੁਸਾਫਰ ਰੇਲ ਗੱਡੀਆਂ ਦੀ ਜਾਂਚ ਕੀਤੀ ਗਈ। ਇਸ ਦੌਰਾਨ ਉਨ੍ਹਾਂ ਵੱਲੋਂ ਸ਼ੱਕੀ ਵਿਅਕਤੀਆਂ ਦੇ ਆਉਣ ਜਾਣ ਦੇ ਕਾਰਨਾਂ ਦੀ ਪੁੱਛ-ਪੜਤਾਲ ਕਰਨ ਦੇ ਨਾਲ-ਨਾਲ ਸ਼ੱਕੀ ਤੇ ਲਾਵਾਰਿਸ ਸਾਮਾਨ, ਵਸਤੂਆਂ ਆਦਿ ਦੀ ਵੀ ਜਾਂਚ ਕੀਤੀ ਗਈ। ਇਸ ਦੌਰਾਨ ਰੇਲਵੇ ਸਟੇਸ਼ਨ ਦੀ ਕੋਨੇ-ਕੋਨੇ ਤੋਂ ਇਲਾਵਾ ਦਿੱਲੀ ਤੋਂ ਵਾਇਆ ਅੰਬਾਲਾ, ਅੰਮ੍ਰਿਤਸਰ ਤੇ ਅਟਾਰੀ ਦੇ ਰਸਤੇ ਲਾਹੌਰ ਨੂੰ ਜਾਣ ਵਾਲੇ ਕੌਮਾਤਰੀ ਰੇਲਵੇ ਮਾਰਗ ਦੇ ਚੱਪੇ-ਚੱਪੇ ਨੂੰ ਖੰਗਾਲਿਆ ਗਿਆ। ਇਸ ਦੌਰਾਨ ਇੰਚਾਰਜ ਸੁਖਬੀਰ ਸਿੰਘ ਸੰਧੂ ਨੇ ਦੱਸਿਆ ਰੇਲਵੇ ਸਟੇਸ਼ਨ ਦੀਆਂ ਇਮਾਰਤਾਂ, ਪਲੇਟਫਾਰਮ, ਮੇਨ ਤੇ ਲੂਪ ਲਾਈਨਾਂ, ਰੇਲਵੇ ਯਾਰਡ, ਵਾਸ਼ਿੰਗ ਲਾਈਨ ਨੂੰ ਵੀ ਬੜੀ ਗੰਭੀਰਤਾ ਨਾਲ ਵੇਖਿਆ ਵਾਚਿਆ ਗਿਆ ਹੈ। ਉਨ੍ਹਾਂ ਕਿਹਾ ਕਿ ਉੱਚ ਅਫਸਰਾਂ ਦੇ ਹੁਕਮਾਂ ਦੀ ਹੂਬਹੂ ਪਾਲਣਾ ਹੋਵੇਗੀ ਤੇ ਕਿਸੇ ਵੀ ਸਮਾਜ ਜਾਂ ਦੇਸ਼ ਵਿਰੋਧੀ ਅਨਸਰ ਨੂੰ ਸਿਰ ਨਹੀਂ ਚੁੱਕਣ ਦਿੱਤਾ ਜਾਵੇਗਾ। ਉਨ੍ਹਾਂ ਕਿਹਾ ਕਿ ਇਹ ਸਿਲਸਿਲਾ ਆਉਣ ਵਾਲੇ ਦਿਨਾਂ ’ਚ ਵੀ ਚੱਲਦਾ ਰਹੇਗਾ। ਉਨ੍ਹਾਂ ਕਿਹਾ ਕਿ ਰੇਲਵੇ ਮੁਸਾਫਰਾਂ ਦੇ ਨਾਲ-ਨਾਲ ਰੇਲਵੇ ਦੀ ਜ਼ਮੀਨ ਜਾਇਦਾਦ ਦੀ ਸੁਰੱਖਿਆ ਤੇ ਹਿਫਾਜ਼ਤ ਕਰਨਾ ਉਨ੍ਹਾਂ ਦੀ ਨੈਤਿਕ ਜ਼ਿੰਮੇਵਾਰੀ ਹੈ। ਜ਼ਿਕਰਯੋਗ ਹੈ ਕਿ ਬੀਤੀ ਦੇਰ ਰਾਤ ਗਏ ਸ਼ੰਭੂ ਰੇਲਵੇ ਸਟੇਸ਼ਨ ਦੇ ਨਜ਼ਦੀਕ ਧਮਾਕਾਖੇਜ ਸਮੱਗਰੀ ਨਾਲ ਹੋਏ ਧਮਾਕੇ ਦੇ ਨਾਲ ਜਿੱਥੇ ਇਕ ਵਿਅਕਤੀ ਦੀ ਜਾਨ ਚਲੀ ਗਈ, ਉੱਥੇ ਵੱਡੇ ਪੱਧਰ ’ਤੇ ਰੇਲਵੇ ਟ੍ਰੈਕ ਨੂੰ ਵੀ ਵੱਡਾ ਨੁਕਸਾਨ ਪੁੱਜਾ। ਸੁਰੱਖਿਆ ਏਜੰਸੀਆਂ ਇਸ ਮਾਮਲੇ ਦੀ ਗੰਭੀਰਤਾ ਨਾਲ ਜਾਂਚ ਕਰਨ ’ਚ ਜੁੱਟ ਗਈਆਂ ਹਨ, ਜਿਸ ਦੇ ਚੱਲਦਿਆਂ ਰੇਲਵੇ ਆਵਾਜਾਈ ਪ੍ਰਭਾਵਿਤ ਹੋ ਕੇ ਰਹਿ ਗਈ ਤੇ ਦੇਸ਼ ਦੇ ਵੱਖ-ਵੱਖ ਕੋਨਿਆਂ ਨੂੰ ਜਾਣ ਵਾਲੀਆਂ ਮੁਸਾਫਰ ਰੇਲਗੱਡੀਆਂ ਆਪਣੇ ਨਿਰਧਾਰਤ ਸਮੇਂ ਤੋਂ ਪੱਛੜ ਕੇ ਰਵਾਨਾ ਹੋਈਆਂ। ਮੁਸਾਫਰਾਂ ਨੂੰ ਰੱਜ ਕੇ ਖੱਜਲ-ਖੁਆਰੀ ਦਾ ਸਾਹਮਣਾ ਕਰਨਾ ਪਿਆ, ਜਦਕਿ ਰੇਲਵੇ ਨੂੰ ਕਰੋੜਾਂ ਰੁਪਏ ਦੇ ਘਾਟੇ ਦਾ ਸਾਹਮਣਾ ਕਰਨਾ ਪਿਆ ਹੈ।