ਵਿਰਾਸਤ ਤੇ ਟਿਕਾਊ ਨਿਵਾਸ ਸਬੰਧੀ 3 ਦਿਨਾਂ ਵਰਕਸ਼ਾਪ ਸ਼ੁਰੂ
ਜੀਐਨਡੀਯੂ ਵਿਖੇ ਵਿਰਾਸਤ ਤੇ ਟਿਕਾਊ ਨਿਵਾਸ ਸਬੰਧੀ 3 ਦਿਨਾਂ ਵਰਕਸ਼ਾਪ ਸ਼ੁਰੂ
Publish Date: Tue, 28 Apr 2026 06:16 PM (IST)
Updated Date: Wed, 29 Apr 2026 04:11 AM (IST)

ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਅੰਮ੍ਰਿਤਸਰ: ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਇਤਿਹਾਸ ਵਿਭਾਗ ਵੱਲੋਂ ਸੈਂਟਰ ਫਾਰ ਸਸਟੇਨੇਬਲ ਹੈਬਿਟੈਟ, ਰੂਸਾ 2.0 ਦੇ ਸਹਿਯੋਗ ਨਾਲ ਵਿਰਾਸਤ ਅਤੇ ਟਿਕਾਊ ਨਿਵਾਸ: ਡਿਿਜਟਲ ਆਰਕਾਈਵਜ਼ ਅਤੇ ਮਿਊਜ਼ੀਅਮ ਬਾਰੇ ਤਿੰਨ ਦਿਨਾਂ ਵਰਕਸ਼ਾਪ ਸ੍ਰੀ ਗੁਰੂ ਗ੍ਰੰਥ ਸਾਹਿਬ ਭਵਨ ਦੇ ਕਾਨਫਰੰਸ ਹਾਲ ਵਿਚ ਸ਼ੁਰੂ ਹੋਈ। ਪਹਿਲੇ ਦਿਨ ਉਦਘਾਟਨੀ ਸੈਸ਼ਨ ਦੀ ਸ਼ੁਰੂਆਤ ਡਾ. ਸ਼ੇਫਾਲੀ ਚੌਹਾਨ ਦੇ ਸਵਾਗਤੀ ਸੰਬੋਧਨ ਨਾਲ ਹੋਈ। ਇਸ ਮੌਕੇ ਇਤਿਹਾਸ ਵਿਭਾਗ ਦੇ ਮੁਖੀ ਡਾ. ਮਨੂ ਸ਼ਰਮਾ ਨੇ ਵਰਕਸ਼ਾਪ ਦੇ ਵਿਸ਼ੇ ਅਤੇ ਵਿਸ਼ੇਸ਼ ਬੁਲਾਰਿਆਂ ਦੀ ਜਾਣ-ਪਛਾਣ ਕਰਵਾਈ। ਉਦਘਾਟਨੀ ਭਾਸ਼ਣ ਦਿੰਦਿਆਂ ਯੂਨੀਵਰਸਿਟੀ ਦੇ ਸਾਬਕਾ ਮੁਖੀ ਡਾ. ਸੁਖਦੇਵ ਸਿੰਘ ਸੋਹਲ ਨੇ ਕਿਹਾ ਕਿ ਆਰਟੀਫ਼ਿਸ਼ਲ ਇੰਟੈਲੀਜੈਂਸ ਇਤਿਹਾਸਕ ਖੋਜ ਵਿਚ ਮਦਦਗਾਰ ਹੈ ਪਰ ਇਸ ਨਾਲ ਬਣ ਰਹੀ ਜਾਣਕਾਰੀ ਨੂੰ ਬਿਨਾਂ ਜਾਂਚੇ-ਪਰਖੇ ਸਵੀਕਾਰ ਕਰਨਾ ਖਤਰਨਾਕ ਹੋ ਸਕਦਾ ਹੈ। ਉਨ੍ਹਾਂ ਨੇ ਇਸ ਨੂੰ ‘ਜਾਣਕਾਰੀ ਦਾ ਸੁਨਾਮੀ’ ਦੱਸਦਿਆਂ ਕਿਹਾ ਕਿ ਖੋਜਕਰਤਿਆਂ ਨੂੰ ਮੁੱਖ ਸਰੋਤਾਂ ਅਤੇ ਪ੍ਰਮਾਣਿਕ ਦਸਤਾਵੇਜ਼ਾਂ ਨੂੰ ਹੀ ਤਰਜੀਹ ਦੇਣੀ ਚਾਹੀਦੀ ਹੈ। ਪਟਨਾ ਅਤੇ ਬਿਹਾਰ ਮਿਊਜ਼ੀਅਮ ਦੇ ਐਡੀਸ਼ਨਲ ਡਾਇਰੈਕਟਰ ਡਾ. ਸੁਨੀਲ ਕੁਮਾਰ ਝਾ ਨੇ ਡਿਜੀਟਲ ਆਰਕਾਈਵਜ਼ ਦੀ ਮਹੱਤਤਾ ਬਾਰੇ ਵਿਸਥਾਰ ਨਾਲ ਜਾਣਕਾਰੀ ਦਿੱਤੀ। ਉਨ੍ਹਾਂ ਕਿਹਾ ਕਿ ਇਹ ਇਤਿਹਾਸਕ ਸਮੱਗਰੀ ਨੂੰ ਸੰਭਾਲਣ ਅਤੇ ਖੋਜ ਲਈ ਆਸਾਨੀ ਨਾਲ ਉਪਲਬਧ ਕਰਵਾਉਣ ਦਾ ਆਧੁਨਿਕ ਸਾਧਨ ਹਨ। ਲਵਲੀ ਪ੍ਰੋਫੈਸ਼ਨਲ ਯੂਨੀਵਰਸਿਟੀ ਦੀ ਸਹਾਇਕ ਪ੍ਰੋਫੈਸਰ ਅਤੇ ਮਿਊਜ਼ੀਅਮ ਮਾਹਰ ਡਾ. ਮੁਨਮੁਨ ਮੋਂਡਲ ਨੇ ਆਪਣੇ ਸੰਬੋਧਨ ਵਿੱਚ ਕਿਹਾ ਕਿ ਆਧੁਨਿਕ ਮਿਊਜ਼ੀਅਮ ਤਕਨਾਲੋਜੀ, ਇੰਟਰਐਕਟਿਵ ਡਿਸਪਲੇ ਅਤੇ ਰੌਚਕ ਕਹਾਣੀ ਕਹਿਣ ਦੇ ਢੰਗ ਨਾਲ ਲੋਕਾਂ ਨੂੰ ਇਤਿਹਾਸ ਨਾਲ ਜੋੜ ਰਹੇ ਹਨ। ਉਨ੍ਹਾਂ ਕਿਹਾ ਕਿ ਮਿਊਜ਼ੀਅਮ ਹੁਣ ਸਿੱਖਣ, ਵਿਚਾਰ-ਵਟਾਂਦਰੇ ਅਤੇ ਸਮਾਜਿਕ ਸੂਝ ਨੂੰ ਵਧਾਉਣ ਦੇ ਕੇਂਦਰ ਬਣ ਗਏ ਹਨ। ਸੈਸ਼ਨ ਦੇੇ ਅੰਤ ਵਿੱਚ ਡਾ. ਮਨੁ ਸ਼ਰਮਾ ਵੱਲੋਂ ਸਭ ਮਹਿਮਾਨਾਂ ਦਾ ਧੰਨਵਾਦ ਕੀਤਾ ਗਿਆ। ਉਨ੍ਹਾਂ ਦੱਸਿਆ ਕਿ ਵਰਕਸ਼ਾਪ ਦੇ ਅਗਲੇ ਦਿਨਾਂ ਵਿੱਚ ਵੀ ਵਿਸ਼ੇ ਨਾਲ ਸੰਬੰਧਿਤ ਵਿਸ਼ੇਸ਼ ਲੈਕਚਰ ਅਤੇ ਗਤੀਵਿਧੀਆਂ ਕਰਵਾਈਆਂ ਜਾਣਗੀਆਂ।