ਖਾਲਸਾ ਯੂਨੀਵਰਸਿਟੀ ਵਿਖੇ ਉੱਚ ਸਿੱਖਿਆ ਵਿਸ਼ੇ ’ਤੇ ਅਹਿਮ ਵਿਚਾਰਾਂ
ਖਾਲਸਾ ਯੂਨੀਵਰਸਿਟੀ ਵਿਖੇ ਉਚ ਸਿੱਖਿਆ ਵਿਸ਼ੇ ’ਤੇ ਅਹਿਮ ਵਿਚਾਰਾਂ
Publish Date: Tue, 28 Apr 2026 06:11 PM (IST)
Updated Date: Wed, 29 Apr 2026 04:11 AM (IST)

ਰਮੇਸ਼ ਰਾਮਪੁਰਾ, ਪੰਜਾਬੀ ਜਾਗਰਣ ਅੰਮ੍ਰਿਤਸਰ : ਖ਼ਾਲਸਾ ਯੂਨੀਵਰਸਿਟੀ ਵਿਖੇ ਦੇਸ਼ ਦੇ ਉੱਘੇ ਵਿੱਦਿਅਕ ਮਾਹਿਰਾਂ ਦੀ ਇਕੱਤਰਤਾ ਦੌਰਾਨ ਹੋਈ ਪੈਨਲ ਚਰਚਾ ’ਚ ਉੱਚ ਸਿੱਖਿਆ ਨੂੰ ਦਰਪੇਸ਼ ਅਜੋਕੀਆਂ ਚੁਣੌਤੀਆਂ ’ਤੇ ਅਹਿਮ ਵਿਚਾਰਾਂ ਸਾਂਝੀਆਂ ਕੀਤੀਆਂ ਗਈਆਂ। ਮਾਹਿਰਾਂ ਨੇ ਜਿੱਥੇ ਨਵੀਂਆਂ ਤਕਨੀਕਾਂ, ਬਦਲਦੇਂ ਵਿੱਦਿਆ ਪ੍ਰਦਾਨ ਦੇ ਢੰਗ ਅਤੇ ਮੌਲਿਕ ਸਿਧਾਂਤਾਂ ’ਤੇ ਜ਼ੋਰ ਦਿੰਦਿਆਂ ਵਿੱਦਿਅਕ ਤਬਦੀਲੀਆਂ ਦੀ ਜਾਣਕਾਰੀ ਦਿੱਤੀ, ਉਥੇ ਉਨ੍ਹਾਂ ਨੇ ਵਿੱਦਿਆ ਪ੍ਰਸਾਰ ਨੂੰ ਰੋਜ਼ਗਾਰ ਪ੍ਰਾਪਤ ਕਰਨ ਦੇ ਲਾਇਕ ਬਣਾਉਣ ਲਈ ਨੌਜਵਾਨਾਂ ਦਾ ਮਾਰਗਦਰਸ਼ਕ ਕੀਤਾ। ਮਾਹਿਰਾਂ ਨੇ ਕਿਹਾ ਕਿ ਜਿੱਥੇ ਉਚ ਵਿੱਦਿਆ ਪ੍ਰਾਪਤ ਕਰਨ ’ਚ ਨੌਜਵਾਨ ਦਿਲਚਸਪ ਹਨ, ਉਥੇ ਉਨ੍ਹਾਂ ਪੜ੍ਹੇ-ਲਿਖੇ ਵਰਗ ’ਚ ਇਕ ਨਿਰਾਸ਼ਾ ਅਤੇ ਅਸੰਤੁਸ਼ਟੀ ਵਧੀ ਹੈ। ਕਿਉਂਕਿ ਸਿੱਖਿਆ ਪ੍ਰਣਾਲੀ ਨੂੰ ਰੋਜ਼ਗਾਰ ਦੀਆਂ ਲੋੜਾਂ ਦੇ ਅਨੁਕੂਲ ਬਣਾਉਣ ਦੀਆਂ ਕੋਸ਼ਿਸ਼ਾਂ ਨਾਮਾਤਰ ਹਨ। ਇਹ ਵਿਚਾਰ ਯੂਨੀਵਰਸਿਟੀ ਵੱਲੋਂ ਆਯੋਜਿਤ ‘ਉੱਚ ਸਿੱਖਿਆ ਨੀਤੀ ਦ੍ਰਿਸ਼ਟੀਕੋਣ ਵਿਸ਼ਵ ਚੁਣੌਤੀਆਂ ਅਤੇ ਰਾਸ਼ਟਰੀ ਪ੍ਰਾਥਮਿਕਤਾ’ ਵਿਸ਼ੇ ’ਤੇ ਕਰਵਾਈ ਰਾਸ਼ਟਰੀ ਕਾਨਫਰੰਸ ਦੇ ਦੂਜੇ ਪੜਾਅ ਦੌਰਾਨ ਉਪਰੋਕਤ ਪੈਨਲ ਚਰਚਾ ’ਚ ਸਾਂਝੇ ਕੀਤੇ ਗਏ। ਇਸ ਚਰਚਾ ਦੌਰਾਨ ਲਵਲੀ ਪ੍ਰੋਫੈਸ਼ਨਲ ਯੂਨੀਵਰਸਿਟੀ, ਫਗਵਾੜਾ ਦੇ ਉਪ ਕੁਲਪਤੀ ਡਾ. ਜਸਪਾਲ ਸਿੰਘ ਸੰਧੂ, ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਉਪ ਕੁਲਪਤੀ ਡਾ. ਕਰਮਜੀਤ ਸਿੰਘ, ਸਰਕਾਰੀ ਕਾਲਜ, ਯੂਜੀਸੀ ਵੱਲੋਂ ਸੰਯੁਕਤ ਸਕੱਤਰ ਡਾ. ਅਮੋਲ ਐਮ ਅੰਧਾਰੇ, ਖਾਲਸਾ ਯੂਨੀਵਰਸਿਟੀ ਦੇ ਉਪ ਕੁਲਪਤੀ ਡਾ. ਮਹਿਲ ਸਿੰਘ, ਰਜਿਸਟਰਾਰ ਡਾ. ਖੁਸ਼ਵਿੰਦਰ ਕੁਮਾਰ ਅਤੇ ਖਾਲਸਾ ਕਾਲਜ ਦੇ ਪ੍ਰਿੰਸੀਪਲ ਡਾ. ਆਤਮ ਸਿੰਘ ਰੰਧਾਵਾ ਨੇ ਸਾਂਝੇ ਤੌਰ ’ਤੇ ਕਹੇ। ਇਸ ਚਰਚਾ ਨੂੰ ਪ੍ਰਭਾਵਸ਼ਾਲੀ ਢੰਗ ਨਾਲ ਸੰਚਾਲਿਤ ਕਰਦਿਆਂ ਗੁਰਦਾਸਪੁਰ ਸਰਕਾਰੀ ਕਾਲਜ ਦੇ ਪ੍ਰਿੰਸੀਪਲ ਡਾ. ਅਸ਼ਵਨੀ ਭੱਲਾ ਨੇ ਸਵਾਲ ਜਵਾਬ ਦੌਰਾਨ ਚੋਖੀ ਜਾਣਕਾਰੀ ਪ੍ਰਦਾਨ ਕੀਤੀ। ਉਨ੍ਹਾਂ ਨੇ ਸਾਂਝੇ ਤੌਰ ’ਤੇ ਕਿਹਾ ਕਿ ਉੱਚ ਸਿੱਖਿਆ ਦੇ ਖੇਤਰ ’ਚ ਆ ਰਹੀਆਂ ਚੁਣੌਤੀਆਂ ਜਿਵੇਂ ਕਿ ਪੜ੍ਹੇ ਲਿਖੇ ਨੌਜਵਾਨਾਂ ’ਚ ਬੇਰੋਜ਼ਗਾਰੀ, ਵਿੱਦਿਆ ਅਤੇ ਰੋਜ਼ਗਾਰ ’ਚ ਤਾਲਮੇਲ ਦੀ ਘਾਟ, ਆਰਟੀਫਿਸ਼ਲ ਇੰਟੈਲੀਜੈਸ ਦੀ ਵੱਧ ਰਹੀ ਦੁਰਵਰਤੋਂ ਤੇ ਉਸ ’ਤੇ ਜ਼ਿਆਦਾ ਨਿਰਭਰਤਾ ’ਤੇ ਵਿਚਾਰ ਪੇਸ਼ ਕਰਦਿਆਂ ਅਜਿਹੀਆਂ ਚੁਣੌਤੀਆਂ ਨਾਲ ਨਿਪਟਣ ਦੇ ਲਈ ਆਪਣੇ—ਆਪਣੇ ਸੁਝਾਅ ਪੇਸ਼ ਕੀਤੇ। ਖਾਲਸਾ ਯੂਨੀਵਰਸਿਟੀ ਦੇ ਰਜਿਸਟਰਾਰ ਡਾ. ਖੁਸ਼ਵਿੰਦਰ ਕੁਮਾਰ ਦੇ ਯਤਨਾਂ ਸਦਕਾ ਕਰਵਾਈ ਗਈ ਉਕਤ ਪੈਨਲ ਚਰਚਾ ਮੌਕੇ ਉਕਤ ਬੁਲਾਰਿਆਂ ਨੇ ਨੌਜਵਾਨਾਂ ਦੀ ਬੇਇੰਤਹਾ ਊਰਜਾ ਬਾਰੇ ਗੱਲ ਕਰਦਿਆਂ ਕਿਹਾ ਕਿ ਜੇਕਰ ਇਸ ਊਰਜਾ ਨੂੰ ਸਹੀ ਦਿਸ਼ਾ ’ਚ ਮੋੜਿਆ ਨਾ ਗਿਆ ਤਾਂ ਇਹ ਸਮਾਜਿਕ ਅਤੇ ਆਰਥਿਕ ਸਮੱਸਿਆਵਾਂ ਦਾ ਕਾਰਨ ਬਣ ਸਕਦੀ ਹੈ। ਉਨ੍ਹਾਂ ਨੇ ਜ਼ੋਰ ਦਿੰਦਿਆਂ ਕਿਹਾ ਕਿ ਸਰਕਾਰ ਅਤੇ ਨਿੱਜੀ ਖੇਤਰ ਨੂੰ ਮਿਲ ਕੇ ਸਟਾਰਟਅੱਪਸ, ਉਦਯੋਗਿਕ ਤਾਲੀਮ ਅਤੇ ਖੋਜ ਕਾਰਜਾਂ ਨੂੰ ਪ੍ਰੋਤਸਾਹਿਤ ਕਰਨਾ ਚਾਹੀਦਾ ਹੈ ਤਾਂ ਜੋ ਨੌਜਵਾਨਾਂ ਦੀ ਸਿਰਜਣਾਤਮਕਤਾ ਅਤੇ ਯੋਗਤਾ ਦਾ ਪੂਰਾ ਲਾਭ ਲਿਆ ਜਾ ਸਕੇ। ਇਸ ਕਾਨਫਰੰਸ ਦਾ ਇਕ ਮਹੱਤਵਪੂਰਨ ਕੇਂਦਰ ਆਰਟੀਫਿਸ਼ਲ ਇੰਟੈਲੀਜੈਂਸ ਦੇ ਪ੍ਰਭਾਵ ’ਤੇ ਵੀ ਰਿਹਾ। ਇਸ ਸਬੰਧੀ ਮਾਹਿਰਾਂ ਨੇ ਕਿਹਾ ਕਿ ਏਆਈ ਤਕਨਾਲੋਜੀ ਨੇ ਸਿੱਖਿਆ, ਉਦਯੋਗ ਅਤੇ ਰੋਜ਼ਗਾਰ ਦੇ ਖੇਤਰ ’ਚ ਕ੍ਰਾਂਤੀਕਾਰੀ ਬਦਲਾਅ ਲਿਆਂਦੇ ਹਨ, ਪਰ ਇਸ ’ਤੇ ਵਧੇਰੇ ਨਿਰਭਰਤਾ ਨਵੇਂ ਖਤਰੇ ਵੀ ਪੈਦਾ ਕਰ ਰਹੀ ਹੈ।ਉਨ੍ਹਾਂ ਵਿਦਿਆਰਥੀਆਂ ਵੱਲੋਂ ਏਆਈ ਦਾ ਗਲਤ ਢੰਗ ਨਾਲ ਇਸਤੇਮਾਲ ਜਿਵੇਂ ਕਿ ਅਸਾਈਨਮੈਂਟ ਅਤੇ ਪ੍ਰੋਜੈਕਟਾਂ ’ਚ ਅਸਲੀ ਮਿਹਨਤ ਦੀ ਘਾਟ, ਸਿੱਖਣ ਦੀ ਗੁਣਵੱਤਾ ਨੂੰ ਪ੍ਰਭਾਵਿਤ ਕਰ ਰਹੀ ਹੈ। ਉਨ੍ਹਾਂ ਚੇਤਾਵਨੀ ਦਿੰਦਿਆਂ ਕਿਹਾ ਕਿ ਜੇਕਰ ਏਆਈ ਦੀ ਦੁਰਵਰਤੋਂ ਨੂੰ ਸਮੇਂ ਸਿਰ ਨਿਯੰਤਰਿਤ ਨਾ ਕੀਤਾ ਗਿਆ ਤਾਂ ਇਹ ਨੌਜਵਾਨਾਂ ਦੀ ਸੋਚਣ ਸਮਰੱਥਾ ਅਤੇ ਰਚਨਾਤਮਕਤਾ ਨੂੰ ਨੁਕਸਾਨ ਪਹੁੰਚਾ ਸਕਦੀ ਹੈ। ਇਸ ਲਈ ਸਿੱਖਿਆ ਸੰਸਥਾਵਾਂ ਨੂੰ ਚਾਹੀਦਾ ਹੈ ਕਿ ਉਹ ਨੈਤਿਕ ਮਿਆਰਾਂ ਅਤੇ ਜਾਗਰੂਕਤਾ ਪ੍ਰੋਗਰਾਮਾਂ ਰਾਹੀਂ ਵਿਦਿਆਰਥੀਆਂ ਨੂੰ ਏ. ਆਈ. ਦੇ ਸਹੀ ਇਸਤੇਮਾਲ ਲਈ ਜਾਗਰੂਕ ਕਰੇ। ਕਰਨ। ਵਿਦਵਾਨਾਂ ਨੇ ਸੁਝਾਅ ਦਿੰਦਿਆਂ ਕਿਹਾ ਕਿ ਸਿੱਖਿਆ ਦੇ ਬਦਲਦੇ ਪਰਿਪੇਖਾਂ ਨੂੰ ਧਿਆਨ ’ਚ ਰੱਖਦਿਆਂ ਅਧਿਆਪਕ ਅਤੇ ਮਾਤਾ-ਪਿਤਾ ਨੂੰ ਚਾਹੀਦਾ ਹੈ ਕਿ ਉਹ ਬੱਚਿਆਂ ਨੂੰ ਦੁਬਾਰਾ ਸਿੱਖਣ ਲਈ ਉਤਸ਼ਾਹਿਤ ਕਰਨ ਅਤੇ ਅਧਿਆਪਕ ਵੀ ਖੁਦ ਨੂੰ ਅਜਿਹੀਆਂ ਤਬਦੀਲੀਆਂ ਦੇ ਅਨੂਕੁਲ ਢਾਲਣ ਲਈ ਤਿਆਰ ਰਹਿਣ। ਇਸ ਮੌਕੇ ਖਾਲਸਾ ’ਵਰਸਿਟੀ ਦੇ ਕੰਟਰੋਲਰ ਪ੍ਰੀਖਿਆ ਡਾ. ਕੰਵਲਜੀਤ ਸਿੰਘ ਨੇ ਆਏ ਹੋਏ ਮੁੱਖ ਮਹਿਮਾਨਾਂ ਦਾ ਧੰਨਵਾਦ ਕੀਤਾ। ਇਸ ਉਪਰੰਤ ਡਾ. ਮਹਿਲ ਸਿੰਘ, ਡਾ. ਕੁਮਾਰ, ਖਾਲਸਾ ’ਵਰਸਿਟੀ ਦੇ ਅਕਾਦਮਿਕ ਮਾਮਲੇ ਡੀਨ ਡਾ. ਸੁਰਿੰਦਰ ਕੌਰ ਨੇ ਉਕਤ ਸਮੂਹ ਵਿਦਵਾਨਾਂ ਨੂੰ ਯਾਦਗਾਰੀ ਚਿੰਨ੍ਹ ਭੇਟ ਕਰ ਕੇ ਸਨਮਾਨਿਤ ਕੀਤਾ।