ਅਣ-ਅਧਿਕਾਰਿਤ ਤੌਰ ’ਤੇ ਲੱਗ ਰਹੇ ਖੂਨ ਦਾਨ ਕੈਂਪਾਂ ’ਤੇ ਕਾਰਵਾਈ
ਅਣ-ਅਧਿਕਾਰਿਤ ਤੌਰ ’ਤੇ ਲੱਗ ਰਹੇ ਖੂਨ ਦਾਨ ਕੈਂਪਾਂ ‘ਤੇ ਸਿਹਤ ਵਿਭਾਗ ਦੀ ਸਖਤ ਕਾਰਵਾਈ
Publish Date: Tue, 28 Apr 2026 06:05 PM (IST)
Updated Date: Wed, 29 Apr 2026 04:11 AM (IST)

ਗੁਰਜਿੰਦਰ ਮਾਹਲ, ਪੰਜਾਬੀ ਜਾਗਰਣ, ਅੰਮ੍ਰਿਤਸਰ : ਪੰਜਾਬ ਸਰਕਾਰ ਦੇ ਹੁਕਮਾਂ ਅਨੁਸਾਰ ਸਿਵਲ ਸਰਜਨ ਡਾ, ਸਤਿੰਦਰਜੀਤ ਸਿੰਘ ਬਜਾਜ ਦੇ ਦਿਸ਼ਾ ਨਿਰਦੇਸ਼ਾਂ ਤਹਿਤ, ਧਾਰਮਿਕ ਸਥਾਨਾਂ ਦੇ ਬਾਹਰ ਲੱਗ ਰਹੇ ਅਣ-ਅਧਿਕਾਰਿਤ ਖੂਨ ਦਾ ਕੈਂਪਾਂ ਦੀ ਜਾਂਚ ਕਰਨ ਲਈ ਇਕ ਵਿਸ਼ੇਸ਼ ਦਾ ਗਠਨ ਕੀਤਾ ਗਿਆ। ਇਸ ਟੀਮ ਵਿਚ ਜਿਲ੍ਹਾ ਸਿਹਤ ਅਫਸਰ ਡਾ. ਜਸਪਾਲ ਸਿੰਘ, ਡਾ. ਬੀਟੀਓ, ਡਾ. ਰੇਖਾ ਰਾਣਾ ਅਤੇ ਸਹਿਯੋਗੀ ਸਟਾਫ ਸ਼ਾਮਿਲ ਹਨ। ਇਸ ਟੀਮ ਵੱਲੋਂ ਇਕ ਸ਼ਿਕਾਇਤ ਦੇ ਅਧਾਰ ’ਤੇ ਗੁਰਦੁਆਰਾ ਸ਼ਹੀਦਾਂ ਸਾਹਿਬ ਦੇ ਨੇੜਲੇ ਇਲਾਕੇ ਵਿੱਚ ਲੱਗ ਰਹੀਆਂ ਵੱਖ-ਵੱਖ ਖੂਨ ਦਾਨ ਕੈਂਪਾਂ ਦੀ ਅਚਾਨਕ ਜਾਂਚ ਕੀਤੀ ਗਈ। ਜਾਂਚ ਦੌਰਾਨ ਟੀਮ ਨੇ ਇਲਾਕੇ ਵਿਚ ਕਈ ਕੈਂਪ ਚੱਲਦੇ ਵੇਖੇ। ਇਨ੍ਹਾਂ ਕੈਂਪਾਂ ਵਿਚ ਜਾਂਚ ਦੌਰਾਨ ਕਈ ਤਰ੍ਹਾਂ ਦੀਆਂ ਤਕਨੀਕੀ ਅਤੇ ਗੰਭੀਰ ਉਲੰਘਨਾਵਾਂ ਸਾਹਮਣੇ ਆਈਆਂ ਜਿਵੇਂ ਕਿ ਬਿਨਾਂ ਮਨਜ਼ੂਰੀ ਦੇ ਖੂਨਦਾਨ ਕੈਂਪ ਲਗਾਉਣਾ, ਯੋਗ ਸਟਾਫ ਦੀ ਸਟਾਫ ਦੀ ਕਮੀ ਹੋਣਾ, ਬਿਨਾਂ ਮੈਡੀਕਲ ਪ੍ਰੋਫੈਸ਼ਨਲ ਅਤੇ ਟਰੇਂਡ ਸਟਾਫ ਦੇ ਖੂਨਦਾਨ ਕੈਂਪ ਲਗਾਉਣਾ, ਬੁਨਿਆਦੀ ਕਲੀਨੀਕਲ ਢਾਂਚਾ ਉਪਲਬਧ ਨਾ ਹੋਣਾ ਆਦਿ ਤੋਂ ਇਲਾਵਾ ਖੂਨਦਾਤਾਵਾਂ ਦੀ ਸੁਰੱਖਿਆ ਲਈ ਲੋੜੀਂਦੀਆਂ ਜਰੂਰੀ ਦਵਾਈਆਂ ਅਤੇ ਐਮਰਜੈਂਸੀ ਸੁਵਿਧਾਵਾਂ ਵਿਚ ਕਮੀ ਹੋਣਾ। ਉਕਤ ਟੀਮ ਨੇ ਦੱਸਿਆ ਕਿ ਜਾਂਚ ਟੀਮ ਦੇ ਪਹੁੰਚਣ ਦੀ ਖ਼ਬਰ ਮਿਲਣ ‘ਤੇ ਕਈ ਆਯੋਜਕਾਂ ਨੇ ਅਚਾਨਕ ਆਪਣੇ ਕੈਂਪ ਬੰਦ ਕਰ ਦਿੱਤੇ ਅਤੇ ਮੌਕੇ ਤੋਂ ਫਰਾਰ ਹੋ ਗਏ। ਇਨ੍ਹਾਂ ਅਣ-ਅਧਿਕਾਰਿਤ ਖੂਨਦਾਨ ਸੰਸਥਾਵਾਂ ਬਾਰੇ ਵਿਸਥਾਰਪੂਰਵਕ ਰਿਪੋਰਟਾਂ ਅਗਲੀ ਕਾਨੂੰਨੀ ਅਤੇ ਪ੍ਰਸ਼ਾਸਕੀ ਕਾਰਵਾਈ ਲਈ ਸਿਵਲ ਸਰਜਨ ਦਫ਼ਤਰ ਨੂੰ ਭੇਜ ਦਿੱਤੀਆਂ ਗਈਆਂ ਹਨ। ਸਿਵਲ ਸਰਜਨ ਡਾ. ਸਤਿੰਦਰ ਸਿੰਘ ਬਜਾਜ ਵੱਲੋਂ ਸਾਰੇ ਬਲੱਡ ਸੈਂਟਰਾਂ ਅਤੇ ਐਨਜੀਓਜ਼ ਨੂੰ ਸਖ਼ਤ ਚੇਤਾਵਨੀ ਜਾਰੀ ਕੀਤੀ ਗਈ ਹੈ ਕਿ ਸਾਰੇ ਖੂਨ ਦਾਨ ਕੈਂਪ ਡਰੱਗਜ਼ ਐਂਡ ਕਾਸਮੈਟਿਕਸ ਐਕਟ ਅਤੇ ਨੈਸ਼ਨਲ ਬਲੱਡ ਟ੍ਰਾਂਸਫਿਊਜ਼ਨ ਕੌਂਸਲ ਦੇ ਨਿਯਮਾਂ ਅਨੁਸਾਰ ਹੀ ਲਗਾਏ ਜਾਣ। ਖੂਨ ਦਾਤਾ ਦੀ ਸੁਰੱਖਿਆ ਅਤੇ ਖੂਨ ਦੀ ਗੁਣਵੱਤਾ ਸਭ ਤੋਂ ਮਹੱਤਵਪੂਰਨ ਹਨ। ਕੋਈ ਵੀ ਬਲੱਡ ਸੈਂਟਰ ਜੇਕਰ ਬਿਨਾਂ ਯੋਗ ਤਕਨੀਕੀ ਸਟਾਫ ਦੇ ਪਾਇਆ ਗਿਆ ਤਾਂ ਉਸ ਦੇ ਪਰਮਿਸ਼ਨ ਲਾਈਸੈਂਸ ਤੁਰੰਤ ਰੱਦ ਕੀਤੇ ਜਾਣਗੇ ਅਤੇ ਸਖ਼ਤ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ। ਸਿਵਲ ਸਰਜਨ ਡਾ. ਬਜਾਜ ਨੇ ਕਿਹਾ ਕਿ ਸਿਹਤ ਵਿਭਾਗ ਅਜਿਹੀਆਂ ਗਤੀਵਿਧੀਆਂ ’ਤੇ ਸਖਤ ਨਿਗਰਾਨੀ ਜਾਰੀ ਰੱਖੇਗਾ ਤਾਂ ਜੋ ਖੂਨ ਦਾਨ ਵਰਗੇ ਨੇਕ ਕੰਮ ਨੂੰ ਘਟੀਆ ਪ੍ਰਥਾਵਾਂ ਨਾਲ ਪ੍ਰਭਾਵਿਤ ਨਾ ਹੋਣ ਦਿੱਤਾ ਜਾਵੇ।