ਹੜ੍ਹ ਰੋਕੂ ਪ੍ਰਬੰਧਾਂ ’ਤੇ 600 ਕਰੋੜ ਕੀਤੇ ਜਾ ਰਹੇ ਖ਼ਰਚ : ਜਲ ਸਰੋਤ ਮੰਤਰੀ
ਪੰਜਾਬ ਸਰਕਾਰ ਵੱਲੋਂ ਹੜ੍ਹ ਰੋਕੂ ਪ੍ਰਬੰਧਾਂ ਉੱਪਰ 600 ਕਰੋੜ ਰੁਪਏ ਕੀਤੇ ਜਾ ਰਹੇ ਹਨ ਖ਼ਰਚ - ਜਲ ਸਰੋਤ ਮੰਤਰੀ
Publish Date: Tue, 28 Apr 2026 06:04 PM (IST)
Updated Date: Wed, 29 Apr 2026 04:10 AM (IST)

ਵਿਧਾਇਕ ਧਾਲੀਵਾਲ ਨਾਲ ਬੀਓਪੀ ਸ਼ਾਹਪੁਰ ਵਿਖੇ ਰਾਵੀ ਦਰਿਆ ਦੇ ਧੁੱਸੀ ਬੰਨ੍ਹ ਵਿਖੇ ਚੱਲ ਰਹੇ ਹੜ੍ਹ ਸੁਰੱਖਿਆ ਪ੍ਰਬੰਧਾਂ ਦਾ ਲਿਆ ਜਾਇਜ਼ਾ ਸਮਾਂ ਰਹਿੰਦੇ ਹੜ੍ਹ ਰੋਕੂ ਪ੍ਰਬੰਧ ਕਰਨ ਲਈ ਵਿਧਾਇਕ ਧਾਲੀਵਾਲ ਨੇ ਪੰਜਾਬ ਸਰਕਾਰ ਦਾ ਧੰਨਵਾਦ ਕੀਤਾ ਸਟਾਫ ਰਿਪੋਰਟਰ, ਪੰਜਾਬੀ ਜਾਗਰਣ, ਅੰਮ੍ਰਿਤਸਰ : ਸੂਬੇ ਦੇ ਜਲ ਸਰੋਤ ਮੰਤਰੀ ਬਰਿੰਦਰ ਗੋਇਲ ਨੇ ਜ਼ਿਲ੍ਹਾ ਅੰਮ੍ਰਿਤਸਰ ਦੀ ਬੀਓਪੀ ਸ਼ਾਹਪੁਰ ਵਿਖੇ ਰਾਵੀ ਦਰਿਆ ਦੇ ਧੁੱਸੀ ਬੰਨ੍ਹ ਵਿਖੇ ਚਲ ਰਹੇ ਹੜ੍ਹ ਸੁਰੱਖਿਆ ਪ੍ਰਬੰਧਾਂ ਦਾ ਜਾਇਜ਼ਾ ਲਿਆ ਗਿਆ। ਇਸ ਮੌਕੇ ਉਨ੍ਹਾਂ ਨਾਲ ਵਿਧਾਨ ਹਲਕਾ ਅਜਨਾਲਾ ਦੇ ਵਿਧਾਇਕ ਕੁਲਦੀਪ ਸਿੰਘ ਧਾਲੀਵਾਲ ਅਤੇ ਜਲ ਸਰੋਤ ਵਿਭਾਗ ਦੇ ਨਿਗਰਾਨ ਇੰਜੀਨੀਅਰ ਜਗਦੀਸ਼ ਰਾਜ, ਕਾਰਜਕਾਰੀ ਇੰਜੀਨੀਅਰ ਵਿਸ਼ਵਪਾਲ ਗੋਇਲ ਅਤੇ ਉੱਪ ਮੰਡਲ ਅਫ਼ਸਰ ਸਤਨਾਮ ਸਿੰਘ ਵੀ ਮੌਜੂਦ ਸਨ। ਪਿਛਲੇ ਸਾਲ ਆਏ ਹੜ੍ਹਾਂ ਕਾਰਨ ਬੀਓਪੀ ਸ਼ਾਹਪੁਰ ਵਿਖੇ ਰਾਵੀ ਦਰਿਆ ਦਾ ਧੁੱਸੀ ਬੰਨ੍ਹ ਟੁੱਟ ਗਿਆ ਸੀ ਅਤੇ ਜਲ ਸਰੋਤ ਵਿਭਾਗ ਵੱਲੋਂ ਇਸ ਪਾੜ ਨੂੰ ਭਰਨ ਤੋਂ ਬਾਅਦ ਪੱਥਰ ਲਗਾ ਕੇ ਮਜ਼ਬੂਤ ਕੀਤਾ ਜਾ ਰਿਹਾ ਹੈ। ਇਸ ਥਾਂ ’ਤੇ ਹੜ੍ਹ ਰੋਕੂ ਪ੍ਰਬੰਧਾਂ ਤਹਿਤ ਜਲ ਸਰੋਤ ਵਿਭਾਗ ਵੱਲੋਂ 4 ਕਰੋੜ ਰੁਪਏ ਖਰਚ ਕੀਤੇ ਜਾ ਰਹੇ ਹਨ। ਇਸ ਮੌਕੇ ਪੱਤਰਕਾਰਾਂ ਨਾਲ ਗੱਲ ਕਰਦਿਆਂ ਜਲ ਸਰੋਤ ਮੰਤਰੀ ਬਰਿੰਦਰ ਗੋਇਲ ਨੇ ਕਿਹਾ ਕਿ ਪੰਜਾਬ ਸਰਕਾਰ ਮੌਨਸੂਨ ਸੀਜਨ ਤੋਂ ਪਹਿਲਾਂ ਹੜ੍ਹਾਂ ਜਾਂ ਭਾਰੀ ਮੀਂਹ ਕਰਕੇ ਹੁੰਦੇ ਨੁਕਸਾਨ ਨੂੰ ਘੱਟ ਤੋਂ ਘੱਟ ਕਰਨ ਅਤੇ ਜਾਨ-ਮਾਲ ਦੀ ਰਾਖੀ ਲਈ ਸਰਗਰਮੀ ਨਾਲ ਕੰਮ ਕਰ ਰਹੀ ਹੈ। ਉਨ੍ਹਾਂ ਕਿਹਾ ਕਿ ਰਾਜ ਸਰਕਾਰ ਵੱਲੋਂ ਹੜ੍ਹ ਰੋਕੂ ਪ੍ਰਬੰਧਾਂ ਤਹਿਤ 600 ਕਰੋੜ ਰੁਪਏ ਖਰਚ ਕੀਤੇ ਜਾ ਰਹੇ ਹਨ। ਉਨ੍ਹਾਂ ਦੱਸਿਆ ਕਿ ਪਿਛਲੇ ਸਾਲ ਹੜ੍ਹ ਆਉਣ ਤੋਂ ਬਾਅਦ ਜਲ ਸਰੋਤ ਵਿਭਾਗ ਵੱਲੋਂ 4 ਦਰਿਆਵਾਂ ੱਤੇ ਦੋ-ਦੋ ਨਿਗਰਾਨ ਇੰਜੀਨੀਅਰਾਂ ਦੀ ਅਗਵਾਈ ਵਿਚ ਕਮੇਟੀਆਂ ਬਣਾਈਆਂ ਗਈਆਂ ਸਨ ਅਤੇ ਇਨ੍ਹਾਂ ਕਮੇਟੀ ਨੇ 132 ਥਾਵਾਂ ਦੀ ਨਾਜੁਕ ਥਾਵਾਂ ਨਿਸ਼ਾਨਦੇਹੀ ਕੀਤੀ ਅਤੇ ਇਨ੍ਹਾਂ ਸਾਰੀਆਂ ਥਾਵਾਂ ’ਤੇ ਹੜ੍ਹ ਰੋਕੂ ਪ੍ਰਬੰਧਾਂ ਤਹਿਤ ਕੰਮ ਚੱਲ ਰਿਹਾ ਹੈ, ਜਿਨ੍ਹਾਂ ਵਿਚੋਂ ਕੁਝ ਮੁਕੰਮਲ ਹੋ ਗਏ ਹਨ ਅਤੇ ਰਹਿੰਦੇ ਸਾਰੇ ਕੰਮ 30 ਜੂਨ 2026 ਤੱਕ ਮੁਕੰਮਲ ਕਰ ਲਏ ਜਾਣਗੇ। ਜਲ ਸਰੋਤ ਮੰਤਰੀ ਬਰਿੰਦਰ ਗੋਇਲ ਨੇ ਕਿਹਾ ਕਿ ਪਿਛਲੇ ਬਰਸਾਤੀ ਸੀਜ਼ਨ ਦੌਰਾਨ ਆਏ ਹੜ੍ਹਾਂ ਕਾਰਨ ਦਰਿਆ ਰਾਵੀ ਦੇ ਧੁੱਸੀ ਬੰਨ੍ਹ ਵਿਚ 23 ਥਾਵਾਂ ਤੋਂ ਪਾੜ ਪਿਆ ਸੀ ਅਤੇ ਵਿਭਾਗ ਵੱਲੋਂ ਇਨ੍ਹਾਂ ਪਾੜਾਂ ਨੂੰ ਪੂਰ ਕੇ ਪੱਥਰ ਲਗਾ ਕੇ ਇਨ੍ਹਾਂ ਦੀ ਮਜ਼ਬੂਤੀ ਕੀਤੀ ਜਾ ਰਹੀ ਹੈ। ਇਸ ਤੋਂ ਇਲਾਵਾ ਦਰਿਆ ਵਿਚ ਡੀ-ਸਿਲਟਿੰਗ ਦਾ ਕੰਮ ਵੀ ਜੰਗੀ ਪੱਧਰ ’ਤੇ ਚੱਲ ਰਿਹਾ ਹੈ ਅਤੇ ਮੌਨਸੂਨ ਸੀਜ਼ਨ ਤੋਂ ਪਹਿਲਾਂ-ਪਹਿਲਾਂ ਇਸ ਨੂੰ ਮੁਕੰਮਲ ਕਰ ਲਿਆ ਜਾਵੇਗਾ। ਉਨ੍ਹਾਂ ਕਿਹਾ ਕਿ ਸ਼ੱਕੀ ਨਾਲੇ ਦੀ ਸਫ਼ਾਈ ਦਾ ਕੰਮ ਵੀ ਜਾਰੀ ਹੈ। ਹੋਰ ਬਰਸਾਤੀ ਨਾਲਿਆਂ ਦੀ ਸਫ਼ਾਈ ਵੀ ਕੀਤੀ ਜਾ ਰਹੀ ਹੈ। ਜਲ ਸਰੋਤ ਮੰਤਰੀ ਬਰਿੰਦਰ ਗੋਇਲ ਨੇ ਅੱਗੇ ਦੱਸਿਆ ਕਿ ਸੂਬਾ ਸਰਕਾਰ ਵੱਲੋਂ ਹੜ੍ਹ ਰੋਕਥਾਮ, ਰਾਹਤ ਬੁਨਿਆਦੀ ਢਾਂਚੇ ਨੂੰ ਮਜ਼ਬੂਤ ਕਰਨ ਅਤੇ ਨਹਿਰਾਂ ਅਤੇ ਨਾਲਿਆਂ (ਡਰੇਨਾਂ) ਦੀ ਸਫਾਈ ਵਾਸਤੇ ਫਿਨਲੈਂਡ ਤੋਂ ਉੱਨਤ ਕਿਸਮ ਦੀਆਂ ਐਂਫੀਬੀਅਸ ਮਸੀਨਾਂ (ਪਾਣੀ ਵਿੱਚ ਅਤੇ ਧਰਤੀ ‘ਤੇ ਚੱਲਣ ਵਾਲੀਆਂ ਮਸੀਨਾਂ) ਦੀ ਖਰੀਦ ਕੀਤੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਇਹ ਮਸੀਨਾਂ ਵਗਦੇ ਪਾਣੀ ਵਿਚ ਵੀ ਕੰਮ ਕਰਨ ਅਤੇ ਡੂੰਘਾਈ ਨਾਲ ਸਫ਼ਾਈ ਦੇ ਸਮਰੱਥ ਹਨ, ਜੋ ਇਨ੍ਹਾਂ ਮਸ਼ੀਨਾਂ ਨੂੰ ਰੋਕਥਾਮ ਉਪਾਵਾਂ ਅਤੇ ਐਮਰਜੈਂਸੀ ਕਾਰਵਾਈ ਲਈ ਮਹੱਤਵਪੂਰਨ ਬਣਾਉਂਦਾ ਹੈ। ਉਨ੍ਹਾਂ ਕਿਹਾ ਕਿ ਇਹ ਬਹੁ-ਮੰਤਵੀ ਮਸੀਨਾਂ ਡੂੰਘਾਈ ਨਾਲ ਸਫ਼ਾਈ ਕਰ ਸਕਦੀਆਂ ਹਨ ਜਿਸ ਲਈ ਸੰਭਾਵਿਤ ਅਤੇ ਐਮਰਜੈਂਸੀ ਹਾਲਾਤਾਂ ਵਿਚ ਹੜ੍ਹ ਰਾਹਤ ਕਾਰਜਾਂ ਵਾਸਤੇ ਇਨ੍ਹਾਂ ਮਸ਼ੀਨਾਂ ਨੂੰ ਖ਼ਰੀਦਿਆ ਜਾ ਰਿਹਾ ਹੈ। ਇਸ ਮੌਕੇ ਵਿਧਾਇਕ ਅਜਨਾਲਾ ਕੁਲਦੀਪ ਸਿੰਘ ਧਾਲੀਵਾਲ ਨੇ ਜਲ ਸਰੋਤ ਮੰਤਰੀ ਬਰਿੰਦਰ ਗੋਇਲ ਦਾ ਧੰਨਵਾਦ ਕਰਦਿਆਂ ਕਿਹਾ ਕਿ ਉਨ੍ਹਾਂ ਦੀ ਅਗਵਾਈ ਵਿਚ ਜਲ ਸਰੋਤ ਵਿਭਾਗ ਵੱਲੋਂ ਹੜ੍ਹ ਰੋਕੂ ਪ੍ਰਬੰਧਾਂ ਨੂੰ ਸਮਾਂ ਰਹਿੰਦੇ ਪੂਰਾ ਕੀਤਾ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਪਿਛਲੇ ਸਾਲ ਅਜਨਾਲਾ ਹਲਕੇ ਦੇ ਕਈ ਪਿੰਡਾਂ ਨੂੰ ਹੜ੍ਹਾਂ ਦੀ ਮਾਰ ਝੱਲਣੀ ਪਈ ਸੀ ਅਤੇ ਮਾਨ ਸਰਕਾਰ ਵੱਲੋਂ ਹੜ੍ਹ ਪੀੜ੍ਹਤਾਂ ਦੀ ਬਾਂਹ ਫੜ੍ਹ ਕੇ ਉਨ੍ਹਾਂ ਦੀ ਹਰ ਤਰ੍ਹਾਂ ਨਾਲ ਮਦਦ ਕੀਤੀ ਸੀ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਮੌਨਸੂਨ ਤੋਂ ਪਹਿਲਾਂ ਸਾਰੇ ਹੜ੍ਹ ਰੋਕੂ ਪ੍ਰਬੰਧ ਮੁਕੰਮਲ ਕੀਤੇ ਜਾ ਰਹੇ ਹਨ ਅਤੇ ਰਾਜ ਸਰਕਾਰ ਲੋਕਾਂ ਦੇ ਜਾਨ-ਮਾਲ ਦੀ ਰਾਖੀ ਲਈ ਵਚਨਬੱਧ ਹੈ।