ਗੈਰ-ਵਿੱਦਿਅਕ ਡਿਊਟੀਆਂ ਵਿਰੁੱਧ ਡੀਟੀਐੱਫ ਨੇ ਸੀਐੱਮ ਦੇ ਨਾਂ ਮੰਗ-ਪੱਤਰ ਭੇਜਿਆ
ਸੈਸ਼ਨ ਦੀ ਸ਼ੁਰੂਆਤ ’ਚ ਹੀ ਅਧਿਆਪਕਾਂ ਦੀ ਗੈਰ-ਵਿੱਦਿਅਕ ਡਿਊਟੀਆਂ ਵਿਰੁੱਧ ਡੀਟੀਐੱਫ ਨੇ ਸੀਐੱਮ ਦੇ ਨਾਂ ਮੰਗ ਪੱਤਰ ਭੇਜਿਆ
Publish Date: Tue, 28 Apr 2026 06:00 PM (IST)
Updated Date: Wed, 29 Apr 2026 04:10 AM (IST)

ਡਿਊਟੀਆਂ ’ਚ ਚਹੇਤਿਆਂ ਨੂੰ ਡਿਊਟੀ ਤੋਂ ਬਿਨਾਂ ਕਾਰਨ ਛੋਟ ਦੇਣ ਖਿਲਾਫ ਦਰਜ ਕਰਾਇਆ ਇਤਰਾਜ਼ ਕੇਂਦਰ ਤੇ ਪੰਜਾਬ ਸਰਕਾਰ ਵੱਲੋਂ ਕਰਵਾਈ ਜਾ ਰਹੀ ਜਨਗਣਨਾ ਵਿਚ ਸਾਰੇ ਵਿਭਾਗਾਂ ਵਿੱਚੋਂ ਅਨੁਪਾਤਕ ਡਿਊਟੀਆਂ ਲਾਈਆਂ ਜਾਣ ਪੱਤਰ ਪ੍ਰੇਰਕ, ਪੰਜਾਬੀ ਜਾਗਰਣ ਅੰਮ੍ਰਿਤਸਰ : ਗੁਰਬਿੰਦਰ ਸਿੰਘ ਖਹਿਰਾ, ਵਿੱਤ ਸਕੱਤਰ ਹਰਜਾਪ ਸਿੰਘ ਬੱਲ ਦੀ ਯੋਗ ਅਗਵਾਈ ਵਿਚ ਦਲਵਿੰਦਰਜੀਤ ਸਿੰਘ ਡਿਪਟੀ ਕਮਿਸ਼ਨਰ ਅੰਮ੍ਰਿਤਸਰ ਨੂੰ ਮੁੱਖ ਮੰਤਰੀ ਦੇ ਨਾਂ ਗੈਰ ਵਿੱਦਿਅਕ ਡਿਊਟੀਆਂ ਸਬੰਧੀ ਮੰਗ ਪੱਤਰ ਸੌਂਪਿਆ। ਜਥੇਬੰਦੀ ਦੇ ਆਗੂਆਂ ਵੱਲੋਂ ਅਧਿਆਪਕਾਂ ਦੀਆਂ ਵੱਡੀ ਗਿਣਤੀ ਵਿਚ ਲਾਈਆਂ ਜਾ ਰਹੀਆਂ ਗੈਰ ਵਿੱਦਿਅਕ ਡਿਊਟੀਆਂ ਦਾ ਇਤਰਾਜ਼ ਦਰਜ ਕਰਵਾਇਆ ਗਿਆ ਅਤੇ ਸਮੂਹ ਵਿਭਾਗਾਂ ਵਿੱਚੋਂ ਅਨੁਪਾਤਕ ਡਿਊਟੀਆਂ ਲਗਾਉਣ ਤੇ ਜ਼ੋਰ ਦਿੱਤਾ। ਅਧਿਆਪਕਾਂ ਦੀਆਂ ਪਹਿਲਾਂ ਹੀ ਪ੍ਰੀ-ਐਸਆਈਆਰ ਵੋਟਰ ਮੈਪਿੰਗ, ਡਰੱਗ ਅਤੇ ਸਮਾਜਿਕ ਆਰਥਿਕ ਸਰਵੇਖਣ, ਚੋਣਾਂ ਡਿਊਟੀ ਬਤੌਰ ਬੀਐੱਲਓ ਅਤੇ ਹੋਰ ਗ਼ੈਰ ਵਿੱਦਿਅਕ ਡਿਊਟੀਆਂ ਲਾਈਆਂ ਗਈਆਂ ਹਨ, ਜਿਸ ਕਾਰਣ ਸਕੂਲਾਂ ਵਿਚ ਵਿੱਦਿਅਕ ਮਾਹੌਲ ਬੁਰੀ ਤਰ੍ਹਾਂ ਪ੍ਰਭਾਵਿਤ ਹੋ ਰਿਹਾ ਹੈ। ਹੁਣ ਜਨਗਣਨਾ ਅਤੇ ਸਰਵੇਖਣ ਦੀਆਂ ਡਿਊਟੀਆਂ ਆਉਣ ਨਾਲ ਸਕੂਲਾਂ ਦੀ ਹਾਲਤ ਹੋਰ ਗੰਭੀਰ ਅਤੇ ਤਰਸਯੋਗ ਹੋ ਜਾਵੇਗੀ ਅਤੇ ਇਨ੍ਹਾਂ ਸਕੂਲਾਂ ਵਿਚ ਪੜ੍ਹਨ ਵਾਲੇ ਵਿਦਿਆਰਥੀਆਂ ਦਾ ਕੋਈ ਵਾਲੀ ਵਾਰਸ ਨਹੀਂ ਹੋਵੇਗਾ। ਇਸ ਨਾਲ ਸਰਕਾਰੀ ਵਿੱਦਿਆ ਵਿਚ ਵੱਡੇ ਪੱਧਰ ’ਤੇ ਨਿਘਾਰ ਆਵੇਗਾ। ਆਗੂਆਂ ਨੇ ਚਹੇਤਿਆਂ ਦੀਆਂ ਡਿਊਟੀਆਂ ਕੱਟੇ ਜਾਣ ਪਿੱਛੇ ਭ੍ਰਿਸ਼ਟਾਚਾਰ ਹੋਣ ਦਾ ਖਦਸ਼ਾ ਜ਼ਾਹਿਰ ਕੀਤਾ ਅਤੇ ਸਖ਼ਤ ਇਤਰਾਜ਼ ਲਾਉਂਦਿਆਂ ਮੰਗ ਕੀਤੀ ਕਿ ਪਿਛਲੀਆਂ ਕੱਟੀਆਂ ਗਈਆਂ ਡਿਊਟੀਆਂ ਦੀ ਉੱਚ ਪੱਧਰੀ ਕਮੇਟੀ ਗਠਿਤ ਕਰਕੇ ਜਾਂਚ ਕਰਵਾਈ ਜਾਵੇ। ਇਸ ਤੋਂ ਇਲਾਵਾ ਦੋਵਾਂ ਪਤੀ-ਪਤਨੀ ਵਿੱਚੋਂ ਇੱਕ ਨੂੰ ਛੋਟ ਦੇਣ, ਸਕੂਲ ਮੁਖੀਆਂ ਨੂੰ ਗਣਨਾਕਾਰ ਡਿਊਟੀ ਤੋਂ ਛੋਟ ਦੇਣ, ਇੱਕੋ ਸਕੂਲ ਵਿਚੋਂ ਬਹੁ-ਗਿਣਤੀ ਅਧਿਆਪਕਾਂ, ਕਰੋਨਿਕ ਬਿਮਾਰੀ ਪੀੜਤਾਂ, ਗਰਭਵਤੀ ਔਰਤਾਂ ਆਦਿ ਨੂੰ ਡਿਊਟੀ ਤੋਂ ਛੋਟ ਦੇਣ ਬਾਰੇ ਗੱਲਬਾਤ ਸਰਕਾਰ ਦੇ ਸਨਮੁੱਖ ਰੱਖੀ। ਡਿਪਟੀ ਕਮਿਸ਼ਨਰ ਅੰਮ੍ਰਿਤਸਰ ਵੱਲੋਂ ਇੰਨ੍ਹਾਂ ਡਿਊਟੀਆਂ ਦੀ ਰੈਸ਼ਨਲਾਈਜੇਸ਼ਨ ਕਰਨ, ਸਕੂਲ ਮੁਖੀਆਂ ਦੀ ਗਣਨਾਕਾਰ ਵਜੋਂ ਡਿਊਟੀ ਨਾ ਲਾਉਣ ਜਾਂ ਰਿਜ਼ਰਵ ਡਿਊਟੀ ਵਿਚ ਰੱਖਣ, ਕਪਲ ਕੇਸਾਂ ਵਿੱਚ ਇੱਕ ਨੂੰ ਵਿਚਾਰਨ, ਗਰਭਵਤੀ ਔਰਤਾਂ, ਕਰੋਨਿਕ ਬਿਮਾਰੀਆਂ ਆਦਿ ਕੇਸਾਂ ਨੂੰ ਮੈਰਿਟ ਅਧਾਰਿਤ ਛੋਟ ਦੇਣ ਦਾ ਵਿਸ਼ਵਾਸ ਦਵਾਇਆ। ਇਸ ਮੌਕੇ ਡੀਐਮਐਫ ਪੰਜਾਬ ਦੇ ਸੂਬਾ ਪ੍ਰਧਾਨ ਜਰਮਨਜੀਤ ਸਿੰਘ ਛੱਜਲਵੱਡੀ, ਸੂਬਾ ਕਮੇਟੀ ਮੈਂਬਰ ਗੁਰਦੇਵ ਸਿੰਘ, ਚਰਨਜੀਤ ਸਿੰਘ ਰਜਧਾਨ, ਸਹਾਇਕ ਪ੍ਰੈੱਸ ਸਕੱਤਰ ਕੁਲਦੀਪ ਸਿੰਘ ਵਰਨਾਲੀ, ਨਿਰਮਲ ਸਿੰਘ, ਸੁਖਜਿੰਦਰ ਸਿੰਘ ਜੱਬੋਵਾਲ, ਮਨਪ੍ਰੀਤ ਸਿੰਘ, ਵਿਪਨ ਰਿਖੀ, ਕੰਵਲਜੀਤ ਕੌਰ, ਵਿਸ਼ਾਲ ਕਪੂਰ, ਗੁਰ ਕਿਰਪਾਲ ਸਿੰਘ, ਸ਼ਮਸ਼ੇਰ ਸਿੰਘ, ਮੋਨਿਕਾ ਸੋਨੀ, ਹਰਵਿੰਦਰ ਸਿੰਘ, ਅਰਚਨਾ ਸ਼ਰਮਾ, ਬਿਕਰਮਜੀਤ ਸਿੰਘ ਭੀਲੋਵਾਲ, ਕੰਵਰਜੀਤ ਸਿੰਘ ਜੰਡਿਆਲਾ, ਕੰਵਲਨੀਤ ਸਿੰਘ ਫਤਿਹਪੁਰ, ਗੁਰਤੇਜ ਸਿੰਘ, ਸੁਖਵਿੰਦਰ ਸਿੰਘ ਬਿੱਟਾ, ਨਵਤੇਜ ਸਿੰਘ, ਗੁਰਤੇਜ ਸਿੰਘ, ਹਰਪ੍ਰੀਤ ਸਿੰਘ ਨਿਰੰਜਨਪੁਰ, ਰਾਜੀਵ ਕੁਮਾਰ ਮਰਵਾਹਾ, ਪ੍ਰਿਥੀਪਾਲ ਸਿੰਘ ਆਦਿ ਆਦਿ ਆਗੂ ਹਾਜ਼ਰ ਸਨ।