ਅੰਡਰ-19 ਉਮਰ ਵਰਗ ’ਚ ਬੱਦੋਵਾਲ ਦੀ ਟੀਮ ਬਣੀ ਫੁੱਟਬਾਲ ਚੈਂਪੀਅਨ
ਅੰਡਰ-19 ਉਮਰ ਵਰਗ ’ਚ ਬੱਦੋਵਾਲ ਦੀ ਟੀਮ ਬਣੀ ਫੁੱਟਬਾਲ ਚੈਂਪੀਅਨ
Publish Date: Tue, 28 Apr 2026 05:43 PM (IST)
Updated Date: Wed, 29 Apr 2026 04:08 AM (IST)

ਟੀਮ ਦੇ ਸਮੁੱਚੇ ਖਿਡਾਰੀਆਂ ਨੇ ਕੀਤਾ ਸ਼ਾਨਦਾਰ ਤੇ ਬੇਹਤਰ ਪ੍ਰਦਰਸ਼ਨ: ਕੋਚ ਮਨਪ੍ਰੀਤ ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਅੰਮ੍ਰਿਤਸਰ: ਯੂਥ ਸਪੋਰਟਸ ਐਂਡ ਐਕਟੀਵਿਟੀਜ਼ ਐਸੋਸੀਏਸ਼ਨ (ਵਾਈਐੱਸਐੱਸਏ) ਦੇ ਵੱਲੋਂ ਸੀਕੇਡੀ ਇੰਟਰਨੈਸ਼ਨਲ ਸਕੂਲ ਰਣਜੀਤ ਐਵੀਨਿਊ ਵਿਖੇ ਕਰਵਾਏ ਗਏ ਬਹੁ-ਖੇਡ ਮੁਕਾਬਲਿਆਂ ਦੀ ਲੜੀ ਵਿਚਲੇ ਅੰਡਰ-19 ਸਾਲ ਉਮਰ ਵਰਗ ਦੀ ਫੁੱਟਬਾਲ ਪ੍ਰਤੀਯੋਗਤਾ ਦੇ ਦੌਰਾਨ ਤਹਿਸੀਲ ਅਜਨਾਲਾ ਦੇ ਪਿੰਡ ਬੱਦੋਵਾਲ ਦੀ ਟੀਮ ਚੈਂਪੀਅਨ ਬਣੀ। ਪ੍ਰਾਪਤ ਜਾਣਕਾਰੀ ਅਨੁਸਾਰ ਅੰਡਰ-19 ਸਾਲ ਉਮਰ ਵਰਗ ਦੇ ਫੁੱਟਬਾਲ ਮੁਕਾਬਲਿਆਂ ਦੇ ਦੌਰਾਨ ਸ਼ਹਿਰੀ ਤੇ ਦੇਹਾਤੀ ਖੇਤਰ ਦੀਆਂ ਚੋਟੀ ਦੀਆਂ ਬਹੁਤ ਸਾਰੀਆ ਟੀਮਾਂ ਨੇ ਹਿੱਸਾ ਲਿਆ। ਸਿਲਸਿਲੇਵਾਰ ਮੈਚਾਂ ਦੇ ਦੌਰਾਨ ਪਿੰਡ ਬੱਦੋਵਾਲ ਦੀ ਟੀਮ ਨੇ ਸਮੁੱਚੀਆਂ ਟੀਮਾਂ ਨੂੰ ਪਛਾੜਦੇ ਹੋਏ ਫਾਈਨਲ ਮੁਕਾਬਲੇ ਵਿਚ ਜਗ੍ਹਾ ਬਣਾਈ ਤੇ ਆਪਣੀ ਕੱਟੜ ਵਿਰੋਧੀ ਟੀਮ ਨੂੰ ਕਰਾਰੀ ਹਾਰ ਦਿੰਦੇ ਹੋਏ ਮੋਹਰੀ ਰਹੀ ਤੇ ਚੈਂਪੀਅਨ ਹੋਣ ਦਾ ਖਿਤਾਬ ਹਾਸਲ ਕੀਤਾ। ਇਸ ਸਬੰਧੀ ਹੋਰ ਵਧੇਰੇ ਜਾਣਕਾਰੀ ਦਿੰਦੇ ਕੋਚ ਮਨਪ੍ਰੀਤ ਗਿੱਲ ਨੇ ਦੱਸਿਆ ਕਿ ਉਨ੍ਹਾਂ ਦੀ ਟੀਮ ਦੇ ਵਿਚ ਸ਼ਾਮਲ ਸ਼ੇਰਾ, ਵਿਕਾਸ, ਵਿਸ਼ਾਲ, ਜੋਬਨ, ਪ੍ਰਿੰਸ, ਸਚਿਨ, ਵਿਸ਼ਾਲ, ਸਟੀਫਨ, ਅਸ਼ੀਸ਼, ਸਾਹਿਲ ਤੇ ਆਸ਼ੂ ਖਿਡਾਰੀਆਂ ਨੇ ਸ਼ਾਨਦਾਰ ਤੇ ਬੇਹਤਰ ਪ੍ਰਦਰਸ਼ਨ ਦੇ ਚੱਲਦਿਆਂ ਆਪਣੀ ਖੇਡਸ਼ੈਲੀ ਦਾ ਲੋਹਾ ਮੰਨਵਾਇਆ ਹੈ। ਉਨ੍ਹਾਂ ਦੱਸਿਆ ਕਿ ਸਖਤ ਮਿਹਨਤ ਦੇ ਬਲਬੁੂਤੇ ਉਨ੍ਹਾਂ ਦੀ ਟੀਮ ਪਹਿਲਾਂ ਵੀ ਕਈ ਸ਼ਹਿਰੀ ਤੇ ਪੇਂਡੂ ਖੇਤਰ ਦੇ ਆਪਣੀ ਉਮਰ ਵਰਗ ਤੇ ਓੁਪਨ ਮੁਕਾਬਲਿਆਂ ਦੇ ਦੌਰਾਨ ਕਈ ਵੱਕਾਰੀ ਐਵਾਰਡ, ਟ੍ਰਾਫੀਆਂ, ਮੈਡਲ ਤੇ ਸਰਟੀਫਿਕੇਟ ਹਾਸਲ ਕਰ ਚੁੱਕੀ ਹੈ ਤੇ ਹੁਣ ਯੂਥ ਸਪੋਰਟਸ ਐਂਡ ਐਕਟੀਵਿਟੀਜ਼ ਐਸੋਸੀਏਸ਼ਨ (ਵਾਈਐਸਐਸਏ) ਦੇ ਵੱਲੋਂ ਸੀਕੇਡੀ ਇੰਟਰਨੈਸ਼ਨਲ ਸਕੂਲ ਰਣਜੀਤ ਐਵੀਨਿਊ ਵਿਖੇ ਕਰਵਾਏ ਗਏ ਬਹੁ-ਖੇਡ ਮੁਕਾਬਲਿਆਂ ਦੇ ਦੌਰਾਨ ਅੰਡਰ-19 ਸਾਲ ਉਮਰ ਵਰਗ ਦੀ ਫੁੱਟਬਾਲ ਪ੍ਰਤੀਯੋਗਤਾ ਦੇ ਵਿਚ ਪਹਿਲੇ ਸਥਾਨ ’ਤੇ ਰਹਿ ਕੇ ਚੈਂਪੀਅਨ ਬਣਨਾ ਮਾਣ ਤੇ ਫ਼ਖ਼ਰ ਵਾਲੀ ਗੱਲ ਹੈ। ਉਨ੍ਹਾਂ ਦੱਸਿਆ ਮੁੱਖ ਪ੍ਰਬੰਧਕ ਕੌਮਾਂਤਰੀ ਕੋਚ ਅਮਿਤ ਕੁਮਾਰ ਪਹਿਲਵਾਨ ਤੇ ਖੋ-ਖੋ ਫੈੱਡਰੇਸ਼ਨ ਆਫ ਇੰਡੀਆ ਦੇ ਮਾਨਤਾ ਪ੍ਰਾਪਤ ਕੋਚ ਰਾਜਨ ਕੁਮਾਰ ਸੂਰਯਵੰਸ਼ੀ ਤੇ ਕਈ ਹੋਰ ਵਿਅਕਤੀ ਵਿਸ਼ੇਸ਼ਾਂ ਦੇ ਵੱਲੋਂ ਮੈਡਲਾਂ, ਸਰਟੀਫਿਕੇਟਾਂ ਤੇ ਚੈਂਪੀਅਨ ਟ੍ਰਾਫੀ ਦੇ ਨਾਲ ਨਵਾਜਿਆ ਗਿਆ ਹੈ। ਇਸ ਮੌਕੇ ਮੁੱਖ ਪ੍ਰਬੰਧਕ ਕੌਮਾਂਤਰੀ ਕੋਚ ਅਮਿਤ ਕੁਮਾਰ ਪਹਿਲਵਾਨ ਤੇ ਖੋ-ਖੋ ਫੈਡਰੇਸ਼ਨ ਆਫ ਇੰਡੀਆ ਦੇ ਮਾਨਤਾ ਪ੍ਰਾਪਤ ਕੋਚ ਰਾਜਨ ਕੁਮਾਰ ਸੂਰਯਵੰਸ਼ੀ ਨੇ ਕਿਹਾ ਕਿ ਸਮੁੱਚੇ ਖਿਡਾਰੀਆਂ ਨੇ ਸ਼ਾਨਦਾਰ ਤੇ ਬੇਹਤਰ ਖੇਡ ਪ੍ਰਦਰਸ਼ਨ ਕੀਤਾ ਹੈ। ਖਿਡਾਰੀ ਹਾਰ ਜਿੱਤ ਤੋਂ ਪਰੇ ਰਹਿੰਦੇ ਹੋਏ ਖੇਡ ਭਾਵਨਾ ਦੇ ਨਾਲ ਖੇਡੇ ਹਨ, ਜਿਸ ਦੇ ਸਾਫ ਤੇ ਸਪੱਸ਼ਟ ਨਤੀਜੇ ਸਭ ਦੇ ਸਾਹਮਣੇ ਹਨ। ਉਨ੍ਹਾਂ ਕਿਹਾ ਕਿ ਖੇਡ ਪ੍ਰਤੀਯੋਗਤਾਵਾਂ ਦਾ ਮੁੱਖ ਮਕਸਦ ਸੂਬੇ ਦੇ ਵਿੱਚੋਂ ਨਸ਼ੇ ਰੂਪੀ ਕੋਹੜ ਨੂੰ ਜੜ ਤੋਂ ਖਤਮ ਕਰਨਾ ਹੈ ਤੇ ਪੰਜਾਬ ਸਰਕਾਰ ਦੇ ਵੱਲੋਂ ਨਸ਼ਿਆਂ ਦੇ ਖਿਲਾਫ ਛੇੜੀ ਗਈ ਮੁਹਿੰਮ ਦੇ ਵਿੱਚ ਆਪਣਾ ਬਣਦਾ ਯੋਗਦਾਨ ਪਾਉਣਾ ਵੀ ਹੈ।