ਅਟਾਰੀ ਹਲਕੇ ਦੀਆਂ ਸਾਰੀਆਂ ਮੁੱਖ ਸੜਕਾਂ ਦੀ ਹੋਵੇਗੀ ਕਾਇਆਕਲਪ : ਮਾਨ
ਅੰਮ੍ਰਿਤਸਰ ਦੇ ਅਟਾਰੀ ਹਲਕੇ ਦੀਆਂ ਸਾਰੀਆਂ ਮੁੱਖ ਸੜਕਾਂ ਦਾ ਹੋਵੇਗਾ ਕਾਇਆਕਲਪ: ਮਾਨ
Publish Date: Fri, 17 Apr 2026 08:19 PM (IST)
Updated Date: Sat, 18 Apr 2026 04:13 AM (IST)

* ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਰੱਖਿਆ ਨੀਂਹ ਪੱਥਰ * ਅਟਾਰੀ ’ਚ 137 ਕਿਲੋਮੀਟਰ ਲੰਬੀਆਂ 121 ਸੜਕਾਂ ਦੀ ਮੁਰੰਮਤ ਲਈ 57.80 ਕਰੋੜ ਖਰਚੇ ਜਾਣਗੇ : ਸੀਐੱਮ * ਪਾਕਿਸਤਾਨ ਸਰਹੱਦ ਨਾਲ ਲੱਗਦਾ ਹੋਣ ਦੇ ਬਾਵਜੂਦ ਪਿਛਲੀਆਂ ਸਰਕਾਰਾਂ ਨੇ ਅਟਾਰੀ ਹਲਕੇ ਨੂੰ ਰੱਖਿਆ ਪਿੱਛੇ : ਭਗਵੰਤ ਸਿੰਘ ਮਾਨ ਫੋਟੋ: 51, 52 ਕੈਪਸ਼ਨ: ਮੰਚ ਤੇ ਲੋਕਾਂ ਦਾ ਪਿਆਰ ਕਬੂਲਦੇ ਹੋਏ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਉਨ੍ਹਾਂ ਦੇ ਨਾਲ ਹਨ ਅਟਾਰੀ ਤੋਂ ਵਿਧਾਇਕ ਜਸਵਿੰਦਰ ਸਿੰਘ ਰਮਦਾਸ, ਵਿਧਾਇਕ ਇੰਦਰਬੀਰ ਸਿੰਘ ਨਿਜ਼ਰ, ਵਿਧਾਇਕ ਜਸਬੀਰ ਸਿੰਘ ਤੇ ਹੋਰ। ਕੈਪਸ਼ਨ:ਲੋਕਾਂ ਦਾ ਠਾਠਾ ਮਾਰਦਾ ਇੱਕਠ। ਤਜਿੰਦਰ ਸਿੰਘ, ਪੰਜਾਬੀ ਜਾਗਰਣ ਅਟਾਰੀ : ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਸ਼ੁੱਕਰਵਾਰ ਨੂੰ ਅੰਮ੍ਰਿਤਸਰ ਦੇ ਅਟਾਰੀ ਹਲਕੇ ’ਚ ਵੱਡੇ ਵਿਕਾਸ ਕਾਰਜਾਂ ਦੀ ਸ਼ੁਰੂਆਤ ਕਰਦਿਆਂ 137 ਕਿਲੋਮੀਟਰ ਲੰਬੀਆਂ 121 ਸੜਕਾਂ ਦੀ ਮੁਰੰਮਤ ਲਈ 57.80 ਕਰੋੜ ਦਾ ਐਲਾਨ ਕੀਤਾ। ਉਨ੍ਹਾਂ ਕਿਹਾ ਕਿ ਪਾਕਿਸਤਾਨ ਸਰਹੱਦ ਨਾਲ ਲੱਗਦਾ ਇਹ ਖੇਤਰ ਲੰਬੇ ਸਮੇਂ ਤੋਂ ਨਜ਼ਰਅੰਦਾਜ਼ ਹੁੰਦਾ ਰਿਹਾ ਹੈ, ਪਰ ਹੁਣ ਇੱਥੇ ਵਧੀਆ ਕਨੈਕਟੀਵਿਟੀ, ਨਿਵੇਸ਼ ਤੇ ਆਰਥਿਕ ਗਤੀਵਿਧੀਆਂ ਨੂੰ ਵਧਾਇਆ ਜਾਵੇਗਾ। ਮੁੱਖ ਮੰਤਰੀ ਨੇ ਕਿਹਾ ਕਿ ਸਰਕਾਰ ਇਕ ਪਾਸੇ ਵਿਕਾਸ ਕਾਰਜ ਕਰ ਰਹੀ ਹੈ, ਦੂਜੇ ਪਾਸੇ ਸਰਹੱਦੀ ਖੇਤਰਾਂ ਵਿੱਚ ਫੈਂਸਿੰਗ ਦੀ ਪੁਨਰ-ਵਿਉਂਤ ਰਾਹੀਂ ਲੱਖਾਂ ਏਕੜ ਜ਼ਮੀਨ ਖੇਤੀ ਲਈ ਖੋਲ੍ਹਣ, ਨਸ਼ਿਆਂ ਦੇ ਖ਼ਾਤਮੇ ਤੇ 2027 ’ਚ ਵਿਕਾਸ ਦੇ ਨਵੇਂ ਮੰਡੇਟ ਲਈ ਵੀ ਕੰਮ ਕਰ ਰਹੀ ਹੈ। ਸਭਾ ਨੂੰ ਸੰਬੋਧਨ ਕਰਦਿਆਂ ਮਾਨ ਨੇ ਕਿਹਾ ਕਿ ਸਾਡੀ ਸਰਕਾਰ ਤੋਂ ਪਹਿਲਾਂ ਪੰਜਾਬ ਨੇ ਇਕ ਕਾਲਾ ਦੌਰ ਦੇਖਿਆ, ਜਦੋਂ ਨਸ਼ਿਆਂ ਦਾ ਕਾਰੋਬਾਰ ਚਰਮ ’ਤੇ ਸੀ। ਉਸ ਵੇਲੇ ਸਰਕਾਰਾਂ ਨੇ ਆਪਣੇ ਅਧਿਕਾਰਾਂ ਦਾ ਗਲਤ ਇਸਤੇਮਾਲ ਕਰਕੇ ਨਸ਼ਿਆਂ ਨੂੰ ਉਤਸ਼ਾਹ ਦਿੱਤਾ ਅਤੇ ਸਰਕਾਰੀ ਗੱਡੀਆਂ ਰਾਹੀਂ ਵੀ ਨਸ਼ਿਆਂ ਦੀ ਸਪਲਾਈ ਹੁੰਦੀ ਸੀ। ਉਨ੍ਹਾਂ ਕਿਹਾ ਕਿ ਇਨ੍ਹਾਂ ਆਗੂਆਂ ਨੇ ਪੰਜਾਬ ਤੇ ਨੌਜਵਾਨੀ ਦੇ ਭਵਿੱਖ ਨਾਲ ਖਿਲਵਾੜ ਕੀਤਾ ਹੈ ਅਤੇ ਇਤਿਹਾਸ ਉਨ੍ਹਾਂ ਨੂੰ ਕਦੇ ਮਾਫ਼ ਨਹੀਂ ਕਰੇਗਾ। ਉਨ੍ਹਾਂ ਦੱਸਿਆ ਕਿ ‘ਆਪ’ ਸਰਕਾਰ ਨੇ ਨਸ਼ਿਆਂ ਦੇ ਖ਼ਾਤਮੇ ਲਈ ‘ਯੁੱਧ ਨਸ਼ਿਆਂ ਵਿਰੁੱਧ’ ਮੁਹਿੰਮ ਚਲਾਈ, ਜਿਸ ਤਹਿਤ ਵੱਡੇ ਨਸ਼ਾ ਤਸਕਰਾਂ ਨੂੰ ਜੇਲ੍ਹਾਂ ’ਚ ਪਾਇਆ ਗਿਆ ਹੈ ਅਤੇ ਨਸ਼ਿਆਂ ਦੀ ਸਪਲਾਈ ਚੇਨ ਤੋੜੀ ਗਈ ਹੈ। ਅਕਾਲੀ ਦਲ ’ਤੇ ਨਿਸ਼ਾਨਾ ਸਾਧਦਿਆਂ ਮਾਨ ਨੇ ਕਿਹਾ ਕਿ ਉਨ੍ਹਾਂ ਦੀ ‘ਪੰਜਾਬ ਬਚਾਓ ਯਾਤਰਾ’ ਦਰਅਸਲ ‘ਪਰਿਵਾਰ ਬਚਾਓ ਯਾਤਰਾ’ ਹੈ। ਉਨ੍ਹਾਂ ਦੋਸ਼ ਲਗਾਇਆ ਕਿ ਅਕਾਲੀਆਂ ਨੇ 15 ਸਾਲਾਂ ’ਚ ਪੰਜਾਬ ਨੂੰ ਲੁੱਟਿਆ ਤੇ ਕਿਸਾਨਾਂ ਦੇ ਸੰਘਰਸ਼ ਦੌਰਾਨ ਕੇਂਦਰ ਸਰਕਾਰ ਦਾ ਸਾਥ ਦਿੱਤਾ। ਉਨ੍ਹਾਂ ਕਿਹਾ ਕਿ ਪੰਜਾਬ ਦੀ ਪਵਿੱਤਰ ਧਰਤੀ ਨੇ ਮਹਾਨ ਸੰਤਾਂ, ਸ਼ਹੀਦਾਂ ਤੇ ਖਿਡਾਰੀਆਂ ਨੂੰ ਜਨਮ ਦਿੱਤਾ ਹੈ, ਪਰ ਪਿਛਲੀਆਂ ਸਰਕਾਰਾਂ ਕਾਰਨ ਇੱਥੇ ਅਪਰਾਧੀਆਂ ਦਾ ਦਬਦਬਾ ਵਧਿਆ। ਅਜਿਹੇ ਲੋਕਾਂ ਨੂੰ ਸਖ਼ਤ ਸਜ਼ਾ ਦਿੱਤੀ ਜਾਵੇਗੀ। ਮਾਨ ਨੇ ਕਿਹਾ ਕਿ 2027 ਦੀਆਂ ਚੋਣਾਂ ’ਚ ਲੋਕਾਂ ਕੋਲ ਤਿੰਨ ਵਿਕਲਪ ਹੋਣਗੇ-ਕਾਂਗਰਸ, ਅਕਾਲੀ ਦਲ ਤੇ ‘ਆਪ’। ਉਨ੍ਹਾਂ ਕਿਹਾ ਕਿ ‘ਆਪ’ ਦੀ ਕਲਮ ਹੀ ਪੰਜਾਬ ਨੂੰ ‘ਰੰਗਲਾ ਪੰਜਾਬ’ ਬਣਾਉਣ ਲਈ ਕੰਮ ਕਰ ਰਹੀ ਹੈ। ਮੁੱਖ ਮੰਤਰੀ ਨੇ ਦੱਸਿਆ ਕਿ ਸਰਕਾਰ ਨੇ 90 ਫ਼ੀਸਦੀ ਘਰਾਂ ਨੂੰ ਮੁਫ਼ਤ ਬਿਜਲੀ, 65,000 ਤੋਂ ਵੱਧ ਨੌਜਵਾਨਾਂ ਨੂੰ ਨੌਕਰੀਆਂ, ਸੜਕਾਂ ਦਾ ਸੁਧਾਰ, ਟੋਲ ਪਲਾਜ਼ਾ ਬੰਦ ਕਰਕੇ ਰੋਜ਼ਾਨਾ 70 ਲੱਖ ਦੀ ਬਚਤ ਅਤੇ ਸਿੰਚਾਈ ਲਈ ਨਹਿਰੀ ਪਾਣੀ ਦੀ ਵਰਤੋਂ 22 ਫ਼ੀਸਦੀ ਤੋਂ ਵਧਾ ਕੇ 71 ਫ਼ੀਸਦੀ ਕਰ ਦਿੱਤੀ ਹੈ। ਉਨ੍ਹਾਂ ਕਿਹਾ ਕਿ ‘ਮੁੱਖ ਮੰਤਰੀ ਸਿਹਤ ਯੋਜਨਾ’ ਤਹਿਤ 65 ਲੱਖ ਪਰਿਵਾਰਾਂ ਨੂੰ ਸਿਹਤ ਕਾਰਡ ਜਾਰੀ ਕੀਤੇ ਜਾ ਰਹੇ ਹਨ, ਜਿਨ੍ਹਾਂ ਨਾਲ 10 ਲੱਖ ਤੱਕ ਮੁਫ਼ਤ ਇਲਾਜ ਮਿਲੇਗਾ ਅਤੇ ਲੱਖਾਂ ਲੋਕ ਇਸਦਾ ਲਾਭ ਲੈ ਚੁੱਕੇ ਹਨ। ਕਿਸਾਨਾਂ ਲਈ ਵੱਡੀ ਰਾਹਤ ਦਿੰਦਿਆਂ ਮਾਨ ਨੇ ਕਿਹਾ ਕਿ ਕੇਂਦਰ ਸਰਕਾਰ ਨੇ ਸਰਹੱਦ ਤੋਂ 300 ਮੀਟਰ ਅੰਦਰ ਫੈਂਸਿੰਗ ਸ਼ਿਫਟ ਕਰਨ ਦਾ ਹੁਕਮ ਦਿੱਤਾ ਹੈ, ਜਿਸ ਨਾਲ ਲੱਖਾਂ ਏਕੜ ਜ਼ਮੀਨ ‘ਤੇ ਖੇਤੀ ਸੰਭਵ ਹੋਵੇਗੀ। ਇਸ ਲਈ ਪਠਾਨਕੋਟ, ਗੁਰਦਾਸਪੁਰ, ਅੰਮ੍ਰਿਤਸਰ, ਤਰਨਤਾਰਨ, ਫਾਜ਼ਿਲਕਾ ਅਤੇ ਫਿਰੋਜ਼ਪੁਰ ਵਿੱਚ ਸਰਵੇ ਕਰਵਾਇਆ ਜਾ ਰਿਹਾ ਹੈ। ਉਨ੍ਹਾਂ ਦਾਅਵਾ ਕੀਤਾ ਕਿ ਆਪ ਸਰਕਾਰ ਲੋਕਾਂ ਦੇ ਪੈਸੇ ਨੂੰ ਲੋਕਾਂ ਦੀ ਭਲਾਈ ਲਈ ਵਰਤ ਰਹੀ ਹੈ ਅਤੇ ਅਗਲੇ ਸਮੇਂ ਵਿੱਚ ਵੀ ਵਿਕਾਸ ਦੀ ਰਫ਼ਤਾਰ ਜਾਰੀ ਰਹੇਗੀ। ਆਖ਼ਰ ’ਚ ਮੁੱਖ ਮੰਤਰੀ ਪੰਜਾਬ ਵਲੋਂ ਅਟਾਰੀ ਦੇ ਜੰਮਪਲ ਹਾਕੀ ਉਲੰਪੀਅਨ ਜੁਗਰਾਜ਼ ਸਿੰਘ ਅਤੇ ਸ਼ਮਸ਼ੇਰ ਸਿੰਘ ਨੂੰ ਸਨਮਾਨਿਤ ਕੀਤਾ ਗਿਆ।