ਵਿਧਾਇਕ ਟੋਂਗ ਨੇ ਹਰ ਪੀੜਤ ਪਰਿਵਾਰ ਨੂੰ 4 ਲੱਖ ਰੁਪਏ ਦਾ ਸੌਂਪਿਆ ਚੈੱਕ
ਵਿਧਾਇਕ ਟੋਂਗ ਨੇ ਹਰ ਪੀੜਤ ਪਰਿਵਾਰ ਨੂੰ 4 ਲੱਖ ਰੁਪਏ ਦਾ ਸੌਂਪਿਆ ਚੈੱਕ
Publish Date: Sat, 06 Sep 2025 06:44 PM (IST)
Updated Date: Sat, 06 Sep 2025 06:46 PM (IST)

ਗੌਰਵ ਜੋਸ਼ੀ ਪੰਜਾਬੀ ਜਾਗਰਣ ਰਈਆ : ਭਾਰੀ ਬਾਰਿਸ਼ ਦੌਰਾਨ ਹਲਕਾ ਬਾਬਾ ਬਕਾਲਾ ਸਾਹਿਬ ਦੇ ਅਧੀਨ ਪੈਂਦੇ ਪਿੰਡ ਸਠਿਆਲਾ ਵਿਖੇ ਰਾਜਵਿੰਦਰ ਸਿੰਘ ਦੇ ਘਰ ਦੀ ਛੱਤ ਡਿੱਗਣ ਨਾਲ 12 ਸਾਲ ਦੀ ਇਕ ਬੱਚੀ ਦੀ ਮੌਤ ਹੋ ਗਈ ਸੀ ਅਤੇ ਬਾਕੀ ਪਰਿਵਾਰਕ ਮੈਂਬਰ ਜ਼ਖਮੀ ਹੋ ਗਏ ਸਨ। ਉਸ ਪਰਿਵਾਰ ਦੀ ਮਾਲੀ ਸਹਾਇਤਾ ਕਰਨ ਲਈ ਹਲਕਾ ਬਾਬਾ ਬਕਾਲਾ ਸਾਹਿਬ ਦੇ ਵਿਧਾਇਕ ਦਲਬੀਰ ਸਿੰਘ ਟੌਗ ਨੇ ਪਰਿਵਾਰ ਨੂੰ 4 ਲੱਖ ਰੁਪਏ ਦਾ ਚੈੱਕ ਸੌਂਪਿਆ ਅਤੇ ਕਿਹਾ ਕਿ ਇਸ ਨਾਲ ਪਰਿਵਾਰ ਦਾ ਘਾਟਾ ਤਾਂ ਪੂਰਾ ਨਹੀਂ ਹੋ ਸਕਦਾ ਪਰ ਮੁੱਖ ਮੰਤਰੀ ਪੰਜਾਬ ਭਗਵੰਤ ਸਿੰਘ ਮਾਨ ਵੱਲੋਂ ਪੀੜਤ ਪਰਿਵਾਰ ਦੀ ਸਹਾਇਤਾ ਲਈ ਇਹ ਰਾਸ਼ੀ ਜਾਰੀ ਕੀਤੀ ਗਈ ਹੈ। ਇਸ ਮੌਕੇ ਉਨ੍ਹਾਂ ਨਾਲ ਐੱਸਡੀਐੱਮ ਬਾਬਾ ਬਕਾਲਾ ਸਾਹਿਬ ਅਮਨਦੀਪ ਸਿੰਘ ਵੀ ਮੌਜੂਦ ਸਨ। ਵਿਧਾਇਕ ਟੌਗ ਨੇ ਕਿਹਾ ਮੁੱਖ ਮੰਤਰੀ ਪੰਜਾਬ ਭਗਵੰਤ ਸਿੰਘ ਮਾਨ ਹੜ੍ਹ ਨਾਲ ਹੋਏ ਨੁਕਸਾਨ ਦੀ ਪਲ-ਪਲ ਦੀ ਰਿਪੋਰਟ ਲੈ ਰਹੇ ਹਨ ਅਤੇ ਸਾਡੀ ਸਰਕਾਰ ਦੀ ਪੂਰੀ ਕੋਸ਼ਿਸ਼ ਹੈ ਕਿ ਇਨ੍ਹਾਂ ਪੀੜਤ ਪਰਿਵਾਰਾਂ ਦੀ ਹਰ ਸੰਭਵ ਮਦਦ ਕੀਤੀ ਜਾ ਸਕੇ ਅਤੇ ਮੈਂ ਪ੍ਰਮਾਤਮਾ ਅਗੇ ਅਰਦਾਸ ਕਰਦਾ ਹਾਂ ਕਿ ਜਲਦ ਹੀ ਸਾਰੇ ਹਾਲਾਤ ਠੀਕ ਹੋ ਜਾਣਗੇ। ਉਨਾਂ ਪਾਰਟੀ ਦੇ ਅਹੁਦੇਦਾਰਾਂ ਅਤੇ ਵਲੰਟੀਅਰਾਂ ਨੂੰ ਵੀ ਅਪੀਲ ਕੀਤੀ ਕਿ ਉਹ ਪ੍ਰਭਾਵਿਤ ਲੋਕਾਂ ਦੀ ਮਦਦ ਲਈ ਅੱਗੇ ਆਉਣ। ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਪੰਜਾਬ ਭਗਵੰਤ ਸਿੰਘ ਮਾਨ ਨੇ ਹੜ੍ਹ ਦੀ ਮਾਰ ਹੇਠ ਆਏ ਲੋਕਾਂ ਨੂੰ ਬਚਾਉਣ ਅਤੇ ਉਨ੍ਹਾਂ ਤੱਕ ਰਾਸ਼ਨ ਪਹੁੰਚਾਉਣ ਲਈ ਸਰਕਾਰ ਦਾ ਹੈਲੀਕਾਪਟਰ ਲੋਕ ਸੇਵਾ ਵਿਚ ਲਗਾ ਦਿੱਤਾ ਹੈ। ਉਨ੍ਹਾਂ ਕਿਹਾ ਕਿ ਸਾਡੇ ਲਈ ਇਕ-ਇਕ ਜਾਣ ਕੀਮਤੀ ਹੈ ਅਤੇ ਅਸੀਂ ਇਸ ਮੁਸ਼ਕਿਲ ਘੜੀ ਵਿਚ ਲੋਕਾਂ ਦੇ ਨਾਲ ਖੜ੍ਹੇ ਹਾਂ। ਵਿਧਾਇਕ ਟੌਂਗ ਨੇ ਲੋਕਾਂ ਨੂੰ ਅਪੀਲ ਕਰਦਿਆਂ ਕਿਹਾ ਕਿ ਉਹ ਬਾਰਿਸ਼ ਦੇ ਮੱਦੇਨਜਰ ਸੁਚੇਤ ਰਹਿਣ ਅਤੇ ਨੀਵੀਆਂ ਥਾਂਵਾਂ ਤੇ ਬਿਲਕੁਲ ਨਾ ਜਾਣ। ਉਨ੍ਹਾਂ ਕਿਹਾ ਕਿ ਇਹ ਇਕ ਕੁਦਰਤੀ ਆਫਤ ਹੈ, ਪਰ ਸਾਡੀ ਸਰਕਾਰ ਇਸ ਕੁਦਰਤੀ ਆਫਤ ਨਾਲ ਨਜਿੱਠਣ ਲਈ ਹਰ ਤਰ੍ਹਾਂ ਦੇ ਪ੍ਰਬੰਧ ਕਰ ਰਹੀ ਹੈ ਅਤੇ ਹੜ੍ਹ ਪੀੜਤ ਪਰਿਵਾਰਾਂ ਨੂੰ ਹਰ ਸੰਭਵ ਸਹਾਇਤਾ ਮੁਹੱਈਆ ਕਰਵਾਈ ਜਾ ਰਹੀ ਹੈ।