ਜੇਐੱਨਐੱਨ, ਲੁਧਿਆਣਾ : ਘਰ ਜਾ ਰਹੇ ਲੋਹਾ ਕਾਰੋਬਾਰੀ ਤੋਂ ਮੋਟਰਸਾਈਕਲ 'ਤੇ ਆਏ ਚਾਰ ਲੁਟੇਰੇ ਪਿਸਤੌਲ ਦਿਖਾ ਕੇ ਡੇਢ ਲੱਖ ਲੁੱਟ ਕੇ ਫਰਾਰ ਹੋ ਗਏ। ਕਾਰੋਬਾਰੀ ਨੇ ਤੁਰੰਤ ਇਸ ਦੀ ਸੂਚਨਾ ਪੁਲਿਸ ਨੂੰ ਦਿੱਤੀ। ਸੂਚਨਾ ਮਿਲਦਿਆਂ ਹੀ ਏਡੀਸੀਪੀ ਰਤਨ ਬਰਾੜ, ਏਸੀਪੀ ਮਨਦੀਪ ਸਿੰਘ ਤੇ ਥਾਣਾ ਡਵੀਜ਼ਨ ਨੰ. ਦੋ ਦੀ ਪੁਲਿਸ ਮੌਕੇ 'ਤੇ ਪੁੱਜੀ। ਪੁਲਿਸ ਮਾਮਲੇ ਦੀ ਜਾਂਚ 'ਚ ਰੁੱਝੀ ਹੋਈ ਹੈ। ਜਾਣਕਾਰੀ ਦਿੰਦਿਆਂ ਕਾਰੋਬਾਰੀ ਸੁਭਾਸ਼ ਦੁਆ ਨੇ ਦੱਸਿਆ ਕਿ ਉਸ ਦੀ ਫੀਲਡਗੰਜ ਸਥਿਤ ਗਲੀ ਨੰ. 16 'ਚ ਦੁਆ ਪਲਾਸਟਿਕ ਦੇ ਨਾਂ ਨਾਲ ਦੁਕਾਨ ਹੈ। ਵੀਰਵਾਰ ਰਾਤ ਨੌਂ ਵਜੇ ਉਹ ਦੁਕਾਨ ਬੰਦ ਕਾਰ 'ਚ ਘਰ ਜਾ ਰਿਹਾ ਸੀ। ਸਵਾ ਨੌਂ ਵਜੇ ਦੇ ਕਰੀਬ ਈਸਾ ਨਗਰੀ ਪੁਲੀ ਦੇ ਨੇੜੇ ਦੋ ਮੋਟਰਸਾਈਕਲ 'ਤੇ ਸਵਾਰ ਦੋ ਲੋਕ ਉਥੇ ਆਏ ਜਿਨ੍ਹਾਂ ਵਿਚੋਂ ਦੋ ਲੋਕਾਂ ਨੇ ਕਾਰ ਅੱਗੇ ਮੋਟਰਸਾਈਕਲ ਲਾ ਕੇ ਉਸ ਨੂੰ ਰੋਕ ਲਿਆ, ਜਦਕਿ ਦੋ ਥੋੜ੍ਹੀ ਦੂਰ ਜਾ ਕੇ ਰੁਕ ਗਏ। ਮੋਟਰਸਾਈਕਲ ਦੇ ਪਿੱਛੇ ਬੈਠਾ ਨੌਜਵਾਨ ਉਸ ਕੋਲ ਆਇਆ ਤੇ ਕਾਰ ਦਾ ਸ਼ੀਸ਼ਾ ਖੜਕਾਉਣ ਲੱਗਾ। ਜਿਵੇਂ ਹੀ ਸ਼ੀਸ਼ਾ ਹੇਠਾਂ ਕੀਤਾ ਨੌਜਵਾਨ ਨੇ ਜੇਬ 'ਚੋਂ ਪਿਸਤੌਲ ਕੱਢ ਲਿਆ ਤੇ ਧਮਕਾਉਂਦਿਆਂ ਕਿਹਾ ਕਿ ਜੋ ਕੁਝ ਵੀ ਉਸ ਕੋਲ ਹੈ ਉਨ੍ਹਾਂ ਹਵਾਲੇ ਕਰ ਦੇਵੇ, ਨਹੀਂ ਤਾਂ ਗੋਲੀ ਮਾਰ ਦਿਆਂਗੇ। ਮੈਂ ਉਸ ਨੂੰ ਪਿਛਲੀ ਸੀਟ 'ਤੇ ਪਿਆ ਬੈਗ ਫੜਾ ਦਿੱਤਾ। ਬੈਗ ਲੈਣ ਤੋਂ ਬਾਅਦ ਚਾਰੇ ਫਰਾਰ ਹੋ ਗਏ।