ਜੇਐੱਨਐੱਨ, ਚੰਡੀਗੜ੍ਹ : ਐੱਨਡੀਪੀਐੱਸ ਮਾਮਲੇ 'ਚ ਫਸੇ ਮੋਗਾ ਦੇ ਐੱਸਐੱਸਪੀ ਰਾਜਜੀਤ ਸਿੰਘ ਦੇ ਕੇਸ ਦੀ ਜਾਂਚ ਕਿਹੜਾ ਅਧਿਕਾਰੀ ਕਰੇ ਇਸ ਲਈ ਪੰਜਾਬ-ਹਰਿਆਣਾ ਹਾਈ ਕੋਰਟ ਨੇ ਪੰਜਾਬ ਦੇ ਏਜੀ ਤੋਂ ਏਡੀਜੀਪੀ ਪੱਧਰ ਦੇ ਅਧਿਕਾਰੀਆਂ ਦੇ ਨਾਂ ਦੀ ਸੂਚੀ ਮੰਗੀ ਹੈ। ਇਸ ਸੂਚੀ 'ਚੋਂ ਤਿੰਨ ਅਧਿਕਾਰੀਆਂ ਦੀ ਚੋਣ ਕਰ ਕੇ ਉਨ੍ਹਾਂ ਦੀ ਟੀਮ ਬਣਾ ਕੇ ਹਾਈ ਕੋਰਟ ਉਨ੍ਹਾਂ ਨੂੰ ਰਾਜਜੀਤ ਸਿੰਘ ਮਾਮਲੇ ਦੀ ਜਾਂਚ ਦਾ ਜ਼ਿੰਮਾ ਸੌਂਪੇਗਾ। ਜਸਟਿਸ ਸੂਰੀਆਕਾਂਤ ਤੇ ਜਸਟਿਸ ਸੁਧੀਰ ਮਿੱਤਲ ਦੀ ਬੈਂਚ ਨੇ ਇਹ ਆਦੇਸ਼ ਰਾਜਜੀਤ ਸਿੰਘ ਹੁੰਦਲ ਵੱਲੋਂ ਵੀਰਵਾਰ ਨੂੰ ਹਾਈ ਕੋਰਟ 'ਚ ਦਾਇਰ ਇਕ ਅਰਜ਼ੀ 'ਤੇ ਸੁਣਵਾਈ ਕਰਦਿਆਂ ਦਿੱਤੇ ਹਨ। ਅਰਜ਼ੀ 'ਚ ਰਾਜਜੀਤ ਸਿੰਘ ਨੇ ਨਸ਼ਿਆਂ 'ਤੇ ਲਗਾਮ ਕੱਸਣ ਲਈ ਗਿਠਤ ਐੱਸਟੀਐੱਫ ਦੇ ਮੁਖੀ ਹਰਪ੍ਰੀਤ ਸਿੰਘ 'ਤੇ ਕਈ ਇਲਜ਼ਾਮ ਲਾਏ ਹਨ। ਉਨ੍ਹਾਂ ਆਪਣੇ ਖ਼ਿਲਾਫ਼ ਦਰਜ ਮਾਮਲੇ ਦੀ ਜਾਂਚ ਸਿੱਧੂ ਦੀ ਬਜਾਏ ਕਿਸੇ ਹੋਰ ਨਿਰਪੱਖ ਅਧਿਕਾਰੀ ਵੱਲੋਂ ਕਰਵਾਏ ਜਾਣ ਦੀ ਮੰਗ ਕੀਤੀ ਹੈ। ਉਨ੍ਹਾਂ ਕਿਹਾ ਕਿ ਸਿੱਧੂ ਜਾਣਬੁੱਝ ਕੇ ਇਸ ਮਾਮਲੇ 'ਚ ਉਸ ਨੂੰ ਫਸਾਉਣ ਦੀ ਕੋਸ਼ਿਸ਼ ਕਰ ਰਹੇ ਹਨ ਉਹ ਵੀ ਸਿਰਫ ਇਸ ਆਧਾਰ 'ਤੇ ਕਿ ਜੂਨ 'ਚ ਜਿਸ ਇੰਸਪੈਕਟਰ ਇੰਦਰਜੀਤ ਸਿੰਘ ਨੂੰ ਐੱਨਡੀਪੀਐੱਸ ਤੇ ਨਾਜਾਇਜ਼ ਹਥਿਆਰ ਦੇ ਮਾਮਲੇ 'ਚ ਗਿ੍ਰਫ਼ਤਾਰ ਕੀਤਾ ਗਿਆ ਸੀ ਉਹ ਉਸ ਤਹਿਤ ਕੰਮ ਕੀਤਾ ਸੀ।