ਸਤਵਿੰਦਰ ਸਿੰਘ ਧੜਾਕ, ਐੱਸਏਐੱਸ ਨਗਰ : ਮੋਹਾਲੀ ਪੁਲਿਸ ਨੇ ਕੌਮਾਂਤਰੀ ਹਵਾਈ ਅੱਡੇ ਤੋਂ ਇਕ ਵਿਅਕਤੀ ਨੂੰ 22 ਲੱਖ ਰੁਪਏ ਦੀ ਨਕਦੀ ਸਣੇ ਗਿ੍ਰਫ਼ਤਾਰ ਕਰ ਲਿਆ ਹੈ। ਵਿਅਕਤੀ ਦੀ ਪਛਾਣ ਸੰਦੀਪ ਡਾਗਰ (33) ਵਜੋਂ ਹੋਈ ਹੈ ਜਿਹੜਾ ਪਟੇਲ ਨਗਰ ਗੁੜਗਾਂਓ ਦਾ ਰਹਿਣ ਵਾਲਾ ਦੱਸਿਆ ਜਾ ਰਿਹਾ ਹੈ। ਥਾਣੇ ਦੇ ਇੰਚਾਰਜ ਇੰਸਪੈਕਟਰ ਹਰਸਿਮਰਤ ਸਿੰਘ ਬੱਲ ਨੇ ਦੱਸਿਆ ਕਿ ਇਹ ਵਿਅਕਤੀ ਇੰਡੀਗੋ ਦੀ ਫ਼ਲਾਈਟ ਏਡੀ 454 ਰਾਹੀਂ ਦਿੱਲੀ ਤੋਂ ਮੋਹਾਲੀ ਆਇਆ ਸੀ ਜਿਸ ਕੋਲੋਂ ਉਕਤ ਰਾਸ਼ੀ ਬਰਾਮਦ ਹੋਈ ਹੈ। ਪੁਲਿਸ ਨੇ ਨਕਦੀ ਕਬਜ਼ੇ 'ਚ ਲੈ ਕੇ ਸੰਦੀਪ ਨੂੰ ਇਨਕਮ ਟੈਕਸ ਦੇ ਹਵਾਲੇ ਕਰ ਦਿੱਤਾ ਹੈ ਜਿਥੋਂ ਇਹ ਪਤਾ ਲਗਾਇਆ ਜਾਵੇਗਾ ਕਿ ਇਹ ਸਾਰਾ ਪੈਸਾ ਕਿਸ ਦਾ ਸੀ ਤੇ ਕਿਹੜੇ ਕੰਮ ਵਾਸਤੇ ਵਰਤਿਆ ਜਾਣਾ ਸੀ। ਬੱਲ ਨੇ ਦੱਸਿਆ ਕਿ ਇਹ ਵਿਅਕਤੀ ਪੈਸੇ ਬਾਰੇ ਕੋਈ ਵੀ ਠੋਸ ਸਬੂਤ ਜਾਂ ਜਾਣਕਾਰੀ ਪੁਲਿਸ ਨੂੰ ਨਹੀਂ ਦੇ ਸਕਿਆ ਇਸ ਦੀ ਦਲੀਲ ਹੈ ਕਿ ਉਸ ਨੇ ਪੰਚਕੂਲਾ ਵਿਖੇ ਇਕ ਫ਼ਲੈਟ ਖਰੀਦਣਾ ਹੈ ਜਿਸ ਵਾਸਤੇ ਇਹ ਪੈਸਾ ਲੈ ਕੇ ਉਹ ਪੰਚਕੂਲਾ ਜਾਵੇਗਾ। ਪੁਲਿਸ ਨੂੰ ਇਹ ਕਹਾਣੀ ਮਨਘੜਤ ਲੱਗੀ ਜਿਸ ਕਰ ਕੇ ਇਸ ਨੂੰ ਗਿ੍ਰਫ਼ਤਾਰ ਕਰ ਕੇ ਅਗਲੀ ਕਾਰਵਾਈ ਆਰੰਭ ਕਰ ਦਿੱਤੀ ਗਈ ਹੈ।