ਬੋਟਨੀ (Botany) 'ਚ ਗ੍ਰੈਜੂਏਟ ਹੋਣ ਤੋਂ ਬਾਅਦ ਉਨ੍ਹਾਂ ਨੇ ਫੈਸ਼ਨ ਟੈਕਨਾਲੋਜੀ 'ਚ ਡਿਪਲੋਮਾ ਅਤੇ ਐਮਬੀਏ (MBA) ਦੀ ਪੜ੍ਹਾਈ ਕੀਤੀ ਹੈ। ਰਾਜਨੀਤੀ ਵਿੱਚ ਆਉਣ ਤੋਂ ਪਹਿਲਾਂ ਉਹ ਕੋਲਕਾਤਾ ਦੀ ਮਸ਼ਹੂਰ ਫੈਸ਼ਨ ਡਿਜ਼ਾਈਨਰ ਅਤੇ ਬਿਜ਼ਨੈੱਸ ਵੂਮੈਨ ਸੀ। ਉਨ੍ਹਾਂ ਦਾ ਬ੍ਰਾਂਡ 'ਇੰਗਾ' (Inga) ਕਾਫ਼ੀ ਮਕਬੂਲ ਸੀ।

ਡਿਜੀਟਲ ਡੈਸਕ, ਨਵੀਂ ਦਿੱਲੀ : ਪੱਛਮੀ ਬੰਗਾਲ ਵਿਧਾਨ ਸਭਾ ਚੋਣਾਂ 'ਚ ਭਾਜਪਾ ਦੀ ਭਾਰੀ ਜਿੱਤ ਤੋਂ ਬਾਅਦ ਸੂਬੇ ਦੀ ਸਿਆਸਤ 'ਚ ਨਵੀਂ ਬਹਿਸ ਛਿੜ ਗਈ ਹੈ। ਹੁਣ ਸਵਾਲ ਇਹ ਹੈ ਕਿ ਆਖਰ ਬੰਗਾਲ ਦਾ ਅਗਲਾ ਮੁੱਖ ਮੰਤਰੀ ਕੌਣ ਹੋਵੇਗਾ? ਮੁੱਖ ਮੰਤਰੀ ਅਹੁਦੇ ਲਈ ਕਈ ਦਾਅਵੇਦਾਰਾਂ ਦੇ ਵਿਚਕਾਰ ਅਗਨੀਮਿੱਤਰਾ ਪਾਲ ਦਾ ਨਾਂ ਸਭ ਤੋਂ ਵੱਧ ਚਰਚਾ 'ਚ ਹੈ। ਫੈਸ਼ਨ ਡਿਜ਼ਾਈਨਰ ਤੋਂ ਸਿਆਸਤਦਾਨ ਬਣੀ ਪਾਲ ਭਾਜਪਾ ਦੇ ਮਜ਼ਬੂਤ ਚਿਹਰੇ ਵਜੋਂ ਉੱਭਰੀ ਹੈ।
25 ਨਵੰਬਰ 1974 ਨੂੰ ਜਨਮੀ ਅਗਨੀਮਿੱਤਰਾ ਪਾਲ ਡਾ. ਅਸ਼ੋਕ ਰਾਏ ਦੀ ਬੇਟੀ ਹਨ। ਬੋਟਨੀ (Botany) 'ਚ ਗ੍ਰੈਜੂਏਟ ਹੋਣ ਤੋਂ ਬਾਅਦ ਉਨ੍ਹਾਂ ਨੇ ਫੈਸ਼ਨ ਟੈਕਨਾਲੋਜੀ 'ਚ ਡਿਪਲੋਮਾ ਅਤੇ ਐਮਬੀਏ (MBA) ਦੀ ਪੜ੍ਹਾਈ ਕੀਤੀ ਹੈ। ਰਾਜਨੀਤੀ ਵਿੱਚ ਆਉਣ ਤੋਂ ਪਹਿਲਾਂ ਉਹ ਕੋਲਕਾਤਾ ਦੀ ਮਸ਼ਹੂਰ ਫੈਸ਼ਨ ਡਿਜ਼ਾਈਨਰ ਅਤੇ ਬਿਜ਼ਨੈੱਸ ਵੂਮੈਨ ਸੀ। ਉਨ੍ਹਾਂ ਦਾ ਬ੍ਰਾਂਡ 'ਇੰਗਾ' (Inga) ਕਾਫ਼ੀ ਮਕਬੂਲ ਸੀ।
ਉਨ੍ਹਾਂ ਨੇ ਬਾਲੀਵੁੱਡ ਫ਼ਿਲਮਾਂ ਜਿਵੇਂ 'ਕੋਈ ਮੇਰੇ ਦਿਲ ਸੇ ਪੂਛੇ' ਅਤੇ 'ਵਾਇਆ ਦਾਰਜੀਲਿੰਗ' ਲਈ ਕੱਪੜੇ ਡਿਜ਼ਾਈਨ ਕੀਤੇ। ਉਹ ਲਕਸ਼ਮੀ ਫੈਸ਼ਨ ਵੀਕ 'ਚ ਵੀ ਆਪਣੀ ਕੁਲੈਕਸ਼ਨ ਪੇਸ਼ ਕਰ ਚੁੱਕੇ ਹਨ। ਸ੍ਰੀਦੇਵੀ, ਮਿਥੁਨ ਚੱਕਰਵਰਤੀ, ਕੇਕੇ ਮੈਨਨ ਸਮੇਤ ਕਈ ਹਸਤੀਆਂ ਲਈ ਉਨ੍ਹਾਂ ਨੇ ਕੰਮ ਕੀਤਾ ਹੈ। ਇੱਥੋਂ ਤਕ ਕਿ ਹਿਲੇਰੀ ਕਲਿੰਟਨ ਨੂੰ ਵੀ ਉਨ੍ਹਾਂ ਨੇ ਸ਼ਾਲ ਅਤੇ ਬਲੈਂਕੇਟ ਤੋਹਫ਼ੇ ਵਜੋਂ ਦਿੱਤੇ ਸਨ।
2019 'ਚ ਭਾਜਪਾ 'ਚ ਸ਼ਾਮਲ ਹੋਣ ਤੋਂ ਬਾਅਦ ਉਨ੍ਹਾਂ ਦੀ ਸਿਆਸੀ ਯਾਤਰਾ ਤੇਜ਼ੀ ਨਾਲ ਅੱਗੇ ਵਧੀ। ਉਹ ਜਲਦੀ ਹੀ ਭਾਜਪਾ ਮਹਿਲਾ ਮੋਰਚਾ ਦੀ ਪ੍ਰਦੇਸ਼ ਪ੍ਰਧਾਨ ਬਣ ਗਈ। ਇਸ ਦੌਰਾਨ ਉਨ੍ਹਾਂ ਪੂਰੇ 23 ਜ਼ਿਲ੍ਹਿਆਂ 'ਚ ਔਰਤਾਂ ਲਈ ਸੈਲਫ ਡਿਫੈਂਸ ਵਰਕਸ਼ਾਪਾਂ ਦਾ ਪ੍ਰਬੰਧ ਕੀਤਾ।
2021 ਦੀਆਂ ਵਿਧਾਨ ਸਭਾ ਚੋਣਾਂ 'ਚ ਉਨ੍ਹਾਂ ਆਸਨਸੋਲ ਦੱਖਣ ਸੀਟ ਤੋਂ ਤ੍ਰਿਣਮੂਲ ਕਾਂਗਰਸ ਦੀ ਸਾਇਓਨੀ ਘੋਸ਼ ਨੂੰ ਹਰਾ ਕੇ ਪਹਿਲੀ ਵਾਰ ਵਿਧਾਇਕ ਬਣੀ। 2026 ਦੀਆਂ ਚੋਣਾਂ ਵਿੱਚ ਉਨ੍ਹਾਂ ਨੇ ਇਸ ਸੀਟ 'ਤੇ ਵੱਡੇ ਫ਼ਰਕ ਨਾਲ ਜਿੱਤ ਦਰਜ ਕੀਤੀ ਹੈ।
ਜਨਵਰੀ 2026 'ਚ ਉਨ੍ਹਾਂ ਨੂੰ ਭਾਜਪਾ ਪੱਛਮੀ ਬੰਗਾਲ ਦੀ ਮੀਤ-ਪ੍ਰਧਾਨ ਬਣਾਇਆ ਗਿਆ। ਉਨ੍ਹਾਂ ਦੇ ਪਤੀ ਪਾਰਥੋ ਪਾਲ ਉੱਦਮੀ (Entrepreneur) ਹਨ ਅਤੇ ਜੋੜੇ ਦੇ ਦੋ ਬੱਚੇ ਹਨ। ਭਾਜਪਾ ਦੀ ਭਾਰੀ ਜਿੱਤ ਤੋਂ ਬਾਅਦ ਸੁਵੇਂਦੂ ਅਧਿਕਾਰੀ, ਦਿਲੀਪ ਘੋਸ਼ ਅਤੇ ਸਮੀਕ ਭੱਟਾਚਾਰੀਆ ਵਰਗੇ ਆਗੂਆਂ ਦੇ ਨਾਂ ਵੀ ਮੁੱਖ ਮੰਤਰੀ ਦੇ ਅਹੁਦੇ ਲਈ ਚਰਚਾ 'ਚ ਹਨ। ਅਦਾਕਾਰਾ ਰੂਪਾ ਗਾਂਗੁਲੀ ਦਾ ਨਾਂ ਵੀ ਮਹਿਲਾ ਚਿਹਰੇ ਵਜੋਂ ਲਿਆ ਜਾ ਰਿਹਾ ਹੈ। ਪਰ ਅਗਨੀਮਿੱਤਰਾ ਪਾਲ ਦਾ ਪਿਛੋਕੜ, ਮਹਿਲਾ ਸਸ਼ਕਤੀਕਰਨ 'ਤੇ ਉਨ੍ਹਾਂ ਦਾ ਕੰਮ ਅਤੇ ਪਾਰਟੀ 'ਚ ਵਧਦੀ ਲੋਕਪ੍ਰਿਅਤਾ ਉਨ੍ਹਾਂ ਨੂੰ ਮਜ਼ਬੂਤ ਦਾਅਵੇਦਾਰ ਬਣਾਉਂਦੀ ਹੈ।