ਉੱਤਰ ਭਾਰਤ ਦੇ ਸੂਬਿਆਂ ਤੋਂ ਵੱਖ ਬਿਹਾਰ, ਝਾਰਖੰਡ ਤੇ ਪੂਰਬੀ ਭਾਰਤ ਦੇ ਕਈ ਹਿੱਸਿਆਂ ’ਚ ਮੌਸਮ ਦਾ ਦੂਜਾ ਰੂਪ ਦਿਸ ਸਕਦਾ ਹੈ। ਉੱਥੇ ਗਰਜ-ਚਮਕ ਨਾਲ ਮੀਂਹ ਤੇ ਤੇਜ਼ ਹਵਾਵਾਂ ਦਾ ਅਨੁਮਾਨ ਹੈ। ਪੂਰਬ ਉੱਤਰ ਸੂਬਿਆਂ, ਅਸਾਮ, ਮੇਘਾਲਿਆ ਤੇ ਅਰੁਣਾਚਲ ਪ੍ਰਦੇਸ਼ ’ਚ ਭਾਰੀ ਬਾਰਿਸ਼ ਹੋ ਸਕਦੀ ਹੈ। ਇਸ ਨਾਲ ਹੇਠਲੇ ਖੇਤਰਾਂ ’ਚ ਪਾਣੀ ਖੜ੍ਹਣ ਤੇ ਜ਼ਮੀਨ ਖਿਸਕਣ ਦਾ ਖ਼ਤਰਾ ਵੀ ਵਧ ਸਕਦਾ ਹੈ।

ਜਾਗਰਣ ਬਿਊਰੋ, ਨਵੀਂ ਦਿੱਲੀ : ਦੇਸ਼ ’ਚ ਮੌਸਮ ਇਸ ਸਮੇਂ ਦੋ ਵੱਖ-ਵੱਖ ਤਸਵੀਰਾਂ ਪੇਸ਼ ਕਰ ਰਿਹਾ ਹੈ। ਇਕ ਪਾਸੇ ਉੱਤਰ ਭਾਰਤ ਜ਼ਬਰਦਸਤ ਗਰਮੀ ਤੇ ਲੂ ਦੀ ਲਪੇਟ ’ਚ ਹੈ ਤੇ ਦੂਜੇ ਪਾਸੇ ਪੂਰਬ-ਉੱਤਰ ਤੇ ਦੱਖਣ ਦੇ ਕਈ ਸੂਬਿਆਂ ’ਚ ਤੇਜ਼ ਬਾਰਿਸ਼ ਤੇ ਹਨੇਰੀ ਦਾ ਦੌਰ ਜਾਰੀ ਹੈ। ਉੱਤਰ ਭਾਰਤ ਦੇ ਸੂਬਿਆਂ ’ਚ ਰਾਹਤ ਦਾ ਦੌਰ ਫਿਲਹਾਲ ਖ਼ਤਮ ਹੋ ਗਿਆ ਹੈ। ਅਗਲੇ ਪੰਜ ਤੋਂ ਸੱਤ ਦਿਨਾਂ ਤੱਕ ਇਹ ਇਲਾਕਾ ਜ਼ਬਰਦਸਤ ਗਰਮੀ ਦੀ ਲਪੇਟ ’ਚ ਆਉਣ ਵਾਲਾ ਹੈ। ਮੌਸਮ ਵਿਭਾਗ ਮੁਤਾਬਕ 18 ਤੋਂ 22 ਮਈ ਦੌਰਾਨ ਉੱਤਰ-ਪੱਛਮ ਤੇ ਮੱਧ ਭਾਰਤ ’ਚ ਗਰਮੀ ਦਾ ਕਹਿਰ ਹੋਰ ਤੇਜ਼ ਹੋ ਸਕਦਾ ਹੈ। ਦਿੱਲੀ, ਰਾਜਸਥਾਨ, ਪੰਜਾਬ, ਹਰਿਆਣਾ, ਉੱਤਰ ਪ੍ਰਦੇਸ਼ ਤੇ ਮੱਧ ਪ੍ਰਦੇਸ਼ ਦੇ ਕਈ ਹਿੱਸਿਆਂ ’ਚ ਤਾਪਮਾਨ 44 ਤੋਂ 45 ਡਿਗਰੀ ਸੈਲਸੀਅਸ ਤੱਕ ਪੁੱਜਣ ਦਾ ਖ਼ਦਸ਼ਾ ਹੈ। ਦੱਖਣੀ ਭਾਰਤ ’ਚ ਮੌਨਸੂਨ ਤੋਂ ਪਹਿਲਾਂ ਦੀਆਂ ਸਰਗਰਮੀਆਂ ਤੇਜ਼ ਹੋ ਗਈਆਂ ਹਨ। ਕੇਰਲਮ, ਤਾਮਿਲਨਾਡੂ ਤੇ ਕਰਨਾਟਕ ਦੇ ਕਈ ਹਿੱਸਿਆਂ ’ਚ ਬਾਰਿਸ਼ ਤੇ ਤੇਜ਼ ਹਵਾਵਾਂ ਦਾ ਦੌਰ ਜਾਰੀ ਹੈ। ਮੌਸਮ ਵਿਭਾਗ ਦੀ ਪੇਸ਼ੀਨਗੋਈ ਹੈ ਕਿ ਦੱਖਣ-ਪੱਛਮੀ ਮੌਨਸੂਨ 26 ਮਈ ਤੱਕ ਕੇਰਲਮ ਪੁੱਜ ਸਕਦਾ ਹੈ, ਜੋ ਆਮ ਸਮੇਂ ਤੋਂ ਪਹਿਲਾਂ ਦੀ ਸਥਿਤੀ ਮੰਨੀ ਜਾ ਰਹੀ ਹੈ।
ਮੌਸਮ ਵਿਭਾਗ ਨੇ ਰਾਜਸਥਾਨ ’ਚ 21 ਤੇ 22 ਮਈ ਨੂੰ ਗੰਭੀਰ ਲੂ ਦੀ ਚਿਤਾਵਨੀ ਜਾਰੀ ਕੀਤੀ ਹੈ। ਐੱਨਸੀਆਰ, ਹਰਿਆਣਾ ਤੇ ਪੱਛਮੀ ਉੱਤਰ ਪ੍ਰਦੇਸ਼ ’ਚ ਲੂ ਚੱਲਣ ਦੀ ਚਿਤਾਵਨੀ ਹੈ। ਮੌਸਮ ਮਾਹਰਾਂ ਮੁਤਾਬਕ ਇਸ ਵਾਰ ਮਈ ਦੇ ਦੂਜੇ ਪੰਦਰਵਾੜੇ ’ਚ ਤਾਪਮਾਨ ਆਮ ਨਾਲੋਂ ਵੱਧ ਬਣਿਆ ਹੋਇਆ ਹੈ, ਜਿਸ ਨਾਲ ਬਿਜਲੀ ਦੀ ਮੰਗ, ਜਲ ਸੰਕਟ ਤੇ ਸਿਹਤ ਸਬੰਧੀ ਖ਼ਤਰੇ ਤੇਜ਼ੀ ਨਾਲ ਵਧ ਸਕਦੇ ਹਨ। ਖ਼ਾਸ ਕਰ ਕੇ ਦੁਪਹਿਰ ਦਾ ਸਮਾਂ ਸਭ ਤੋਂ ਵੱਧ ਖ਼ਤਰੇ ਵਾਲਾ ਮੰਨਿਆ ਜਾ ਰਿਹਾ ਹੈ।
ਦਿੱਲੀ ’ਚ ਅਗਲੇ ਦੋ ਦਿਨਾਂ ਤੱਕ ਵੱਧ ਤੋਂ ਵੱਧ ਤਾਪਮਾਨ 43 ਤੋਂ 44 ਡਿਗਰੀ ਸੈਲਸੀਅਸ ਤੱਕ ਪੁੱਜ ਸਕਦਾ ਹੈ। ਹਾਲਾਂਕਿ ਅੰਸ਼ਕ ਤੌਰ ’ਤੇ ਬੱਦਲਵਾਈ ਤੇ ਤੇਜ਼ ਸਤਹੀ ਹਵਾਵਾਂ ਕਾਰਨ ਸ਼ਾਮ ਸਮੇਂ ਕੁਝ ਰਾਹਤ ਮਿਲਣ ਦੀ ਸੰਭਾਵਨਾ ਪ੍ਰਗਟਾਈ ਗਈ ਹੈ। ਮੌਸਮ ਵਿਭਾਗ ਨੇ 20 ਤੋਂ 30 ਕਿਲੋਮੀਟਰ ਪ੍ਰਤੀ ਘੰਟੇ ਦੀ ਰਫ਼ਤਾਰ ਨਾਲ ਤੇਜ਼ ਹਵਾਵਾਂ ਚੱਲਣ ਦਾ ਅਨੁਮਾਨ ਲਗਾਇਆ ਹੈ। ਇਸ ਦੇ ਬਾਵਜੂਦ ਗਰਮ ਹਵਾਵਾਂ ਕਾਰਨ ਤਾਪਮਾਨ ਅਸਲ ਤੋਂ ਵੱਧ ਮਹਿਸੂਸ ਹੋ ਸਕਦਾ ਹੈ।
ਖੇਤੀ ਤੇ ਕਿਰਤ ਅਧਾਰਤ ਸਰਗਰਮੀਆਂ ’ਤੇ ਗਰਮੀ ਦਾ ਅਸਰ
ਉੱਤਰ ਪ੍ਰਦੇਸ਼, ਰਾਜਸਥਾਨ ਤੇ ਮੱਧ ਪ੍ਰਦੇਸ਼ ’ਚ ਗਰਮੀ ਦਾ ਅਸਰ ਸਭ ਤੋਂ ਵੱਧ ਖੇਤੀ ਤੇ ਕਿਰਤ ਅਧਾਰਤ ਸਰਗਰਮੀਆਂ ’ਤੇ ਪੈਣ ਦਾ ਖ਼ਦਸ਼ਾ ਹੈ। ਖੇਤਾਂ ’ਚ ਖੜ੍ਹੀਆਂ ਫ਼ਸਲਾਂ ਤੇ ਪਸ਼ੂਧਨ ਵੀ ਇਸ ਤਾਪਮਾਨ ਤੋਂ ਪ੍ਰਭਾਵਿਤ ਹੋ ਸਕਦੇ ਹਨ। ਮਾਹਰਾਂ ਦਾ ਕਹਿਣਾ ਹੈ ਕਿ ਲਗਾਤਾਰ ਵਧਦੀ ਗਰਮੀ ਸੰਕੇਤ ਦੇ ਰਹੀ ਹੈ ਕਿ ਪੌਣ-ਪਾਣੀ ਬਦਲਾਅ ਹੁਣ ਸਿੱਧੇ ਤੌਰ ’ਤੇ ਮੌਸਮ ਦੇ ਚਰਿੱਤਰ ਨੂੰ ਪ੍ਰਭਾਵਿਤ ਕਰ ਰਿਹਾ ਹੈ। ਪਿਛਲੇ ਕੁਝ ਸਾਲਾਂ ’ਚ ਲੂ ਦੀ ਮਿਆਦ ਤੇ ਤੀਬਰਤਾ ਦੋਵੇਂ ਵਧੀ ਹੈ।
ਬਿਹਾਰ, ਝਾਰਖੰਡ ’ਚ ਮੀਂਹ ਤੇ ਤੇਜ਼ ਹਵਾਵਾਂ ਦੀ ਅਨੁਮਾਨ
ਉੱਤਰ ਭਾਰਤ ਦੇ ਸੂਬਿਆਂ ਤੋਂ ਵੱਖ ਬਿਹਾਰ, ਝਾਰਖੰਡ ਤੇ ਪੂਰਬੀ ਭਾਰਤ ਦੇ ਕਈ ਹਿੱਸਿਆਂ ’ਚ ਮੌਸਮ ਦਾ ਦੂਜਾ ਰੂਪ ਦਿਸ ਸਕਦਾ ਹੈ। ਉੱਥੇ ਗਰਜ-ਚਮਕ ਨਾਲ ਮੀਂਹ ਤੇ ਤੇਜ਼ ਹਵਾਵਾਂ ਦਾ ਅਨੁਮਾਨ ਹੈ। ਪੂਰਬ ਉੱਤਰ ਸੂਬਿਆਂ, ਅਸਾਮ, ਮੇਘਾਲਿਆ ਤੇ ਅਰੁਣਾਚਲ ਪ੍ਰਦੇਸ਼ ’ਚ ਭਾਰੀ ਬਾਰਿਸ਼ ਹੋ ਸਕਦੀ ਹੈ। ਇਸ ਨਾਲ ਹੇਠਲੇ ਖੇਤਰਾਂ ’ਚ ਪਾਣੀ ਖੜ੍ਹਣ ਤੇ ਜ਼ਮੀਨ ਖਿਸਕਣ ਦਾ ਖ਼ਤਰਾ ਵੀ ਵਧ ਸਕਦਾ ਹੈ।