ਮਹਾਰਾਸ਼ਟਰ ਦੇ ਉਪ-ਮੁੱਖ ਮੰਤਰੀ ਅਜੀਤ ਪਵਾਰ ਅਤੇ ਚਾਰ ਹੋਰ ਲੋਕਾਂ ਦੀ ਬੀਤੇ ਦਿਨ ਇੱਕ ਜਹਾਜ਼ ਹਾਦਸੇ ਵਿੱਚ ਮੌਤ ਹੋ ਗਈ। ਇਸ ਘਟਨਾ ਦੀ ਜਾਂਚ ਲਗਾਤਾਰ ਜਾਰੀ ਹੈ। ਤਾਜ਼ਾ ਘਟਨਾਕ੍ਰਮ ਵਿੱਚ ਇਹ ਗੱਲ ਸਾਹਮਣੇ ਆਈ ਹੈ ਕਿ ਖ਼ਰਾਬ ਵਿਜ਼ੀਬਿਲਟੀ ਵਿੱਚ ਲੈਂਡਿੰਗ ਦੌਰਾਨ ਪਾਇਲਟ ਦੀ ਸੰਭਾਵਿਤ ਗਲਤੀ ਕਾਰਨ ਉਹ ਜਹਾਜ਼ ਹਾਦਸਾਗ੍ਰਸਤ ਹੋਇਆ। ਇਹ ਜਾਣਕਾਰੀ ਘਟਨਾ ਦੀ ਸ਼ੁਰੂਆਤੀ ਜਾਂਚ ਦੇ ਨਤੀਜਿਆਂ ਦੇ ਅਧਾਰ 'ਤੇ ਦਿੱਤੀ ਗਈ ਹੈ।

ਜਹਾਜ਼ ਨੂੰ ਡਾਇਵਰਟ ਕੀਤਾ ਜਾ ਸਕਦਾ ਸੀ
ਜਹਾਜ਼ ਨੂੰ ਪੁਣੇ ਵੱਲ ਡਾਇਵਰਟ ਕੀਤਾ ਜਾ ਸਕਦਾ ਸੀ, ਪਰ ਪਾਇਲਟ ਨੇ ਫਿਰ ਵੀ ਬਾਰਾਮਤੀ ਵਿੱਚ ਹੀ ਲੈਂਡ ਕਰਨ ਦਾ ਫੈਸਲਾ ਕੀਤਾ। ਉਸ ਨੇ ਜਹਾਜ਼ ਨੂੰ ਮੁੜ ਤੋਂ ਸਹੀ ਸਥਿਤੀ ਵਿੱਚ ਲਿਆਉਣ ਦੀ ਕੋਸ਼ਿਸ਼ ਕੀਤੀ, ਪਰ ਜਹਾਜ਼ ਦੀ ਰਫ਼ਤਾਰ ਅਤੇ ਪੋਜੀਸ਼ਨ ਕਾਰਨ ਇਹ ਕੋਸ਼ਿਸ਼ ਵੀ ਨਾਕਾਮ ਰਹੀ।
ਸ਼ੁਰੂਆਤੀ ਜਾਂਚ ਦੇ ਅਨੁਸਾਰ, ਵੀ.ਆਈ.ਪੀ. (VVIP) ਫਲਾਈਟਾਂ ਅਤੇ ਹੈਲੀਕਾਪਟਰ ਆਪ੍ਰੇਸ਼ਨਾਂ ਵਿੱਚ ਤੈਅ ਸਮੇਂ 'ਤੇ ਲੈਂਡ ਕਰਨ ਦਾ ਦਬਾਅ ਹੋਣਾ ਇੱਕ ਆਮ ਗੱਲ ਹੈ। ਇੱਕ ਅਨਿਯੰਤਰਿਤ ਏਅਰਫੀਲਡ 'ਤੇ ਅਜਿਹੀ ਪਹੁੰਚ ਅਪਣਾਉਣਾ ਜੋਖ਼ਮ ਭਰਿਆ ਮੰਨਿਆ ਜਾਂਦਾ ਹੈ, ਖ਼ਾਸ ਕਰਕੇ ਜਦੋਂ ਕੁਝ ਮਿੰਟ ਪਹਿਲਾਂ ਰਨਵੇਅ ਸਾਫ਼ ਦਿਖਾਈ ਨਹੀਂ ਦੇ ਰਿਹਾ ਸੀ।
ਮਾਮਲੇ ਦੀ ਜਾਂਚ ਜਾਰੀ ਹੈ
ਜਾਂਚਕਰਤਾ ਹੁਣ ਫਲਾਈਟ ਅਲਾਈਨਮੈਂਟ, ਰਨਵੇਅ ਤੋਂ ਜਹਾਜ਼ ਦੀ ਦੂਰੀ ਅਤੇ ਘਟਨਾਵਾਂ ਦੇ ਕ੍ਰਮ ਦੀ ਜਾਂਚ ਕਰ ਰਹੇ ਹਨ ਤਾਂ ਜੋ ਪਤਾ ਲੱਗ ਸਕੇ ਕਿ ਅਸਲ ਵਿੱਚ ਕੀ ਗਲਤੀ ਹੋਈ ਅਤੇ ਕਿਸ ਮੋੜ 'ਤੇ ਇਹ ਦਰਦਨਾਕ ਹਾਦਸਾ ਵਾਪਰਿਆ।
ਸਵੇਰੇ ਕਰੀਬ 8 ਵਜੇ ਅਜੀਤ ਪਵਾਰ ਦਿੱਲੀ ਦੀ ਕੰਪਨੀ ਵੀ.ਐਸ.ਆਰ. ਵੈਂਚਰਸ ਦੇ ਇੱਕ Learjet 45 ਵਿੱਚ ਮੁੰਬਈ ਤੋਂ ਰਵਾਨਾ ਹੋਏ ਸਨ। ਉਨ੍ਹਾਂ ਨੇ ਸਥਾਨਕ ਚੋਣਾਂ ਤੋਂ ਪਹਿਲਾਂ ਆਪਣੇ ਜੱਦੀ ਸ਼ਹਿਰ ਬਾਰਾਮਤੀ ਵਿੱਚ ਚਾਰ ਚੋਣ ਰੈਲੀਆਂ ਨੂੰ ਸੰਬੋਧਨ ਕਰਨਾ ਸੀ। ਇਹ ਹਾਦਸਾ ਸਵੇਰੇ ਕਰੀਬ 8:45 ਵਜੇ ਬਾਰਾਮਤੀ ਏਅਰਪੋਰਟ 'ਤੇ ਦੂਜੀ ਵਾਰ ਲੈਂਡਿੰਗ ਦੀ ਕੋਸ਼ਿਸ਼ ਕਰਦੇ ਸਮੇਂ ਵਾਪਰਿਆ।