ਪੁਲਿਸ ਕਮਿਸ਼ਨਰ ਰਘੂਬੀਰ ਲਾਲ ਨੇ ਦੱਸਿਆ ਕਿ ਨੌਬਸਤਾ ਨਿਵਾਸੀ ਅਮਿਤ ਰਾਠੌਰ ਨੇ ਪਿਛਲੀ 2 ਜਨਵਰੀ ਨੂੰ ਸ਼ੇਅਰ ’ਚ ਨਿਵੇਸ਼ ’ਤੇ ਭਾਰੀ ਮੁਨਾਫ਼ੇ ਦਾ ਝਾਂਸਾ ਦੇ ਕੇ ਸਾਈਬਰ ਠੱਗੀ ਦਾ ਮੁਕੱਦਮਾ ਦਰਜ ਕਰਵਾਇਆ ਸੀ। ਜਾਂਚ ’ਚ ਠੱਗੀ ਦੇ ਤਾਰ ਅਬੋਹਰ ਨਾਲ ਜੁੜੇ ਮਿਲੇ।

ਜਾਗਰਣ ਸੰਵਾਦਦਾਤਾ, ਕਾਨਪੁਰ : ਸ਼ੇਅਰਾਂ ’ਚ ਨਿਵੇਸ਼ ’ਤੇ ਭਾਰੀ ਮੁਨਾਫ਼ੇ ਦਾ ਝਾਂਸਾ ਦੇ ਕੇ 12.82 ਲੱਖ ਰੁਪਏ ਦੀ ਠੱਗੀ ਮਾਮਲੇ ਦੀ ਜਾਂਚ ਕਰ ਰਹੀ ਪੁਲਿਸ ਨੇ ਪੰਜਾਬ ਦੇ ਵੱਡੇ ਸਾਈਬਰ ਗਿਰੋਹ ਦਾ ਪਰਦਾਫਾਸ਼ ਕੀਤਾ ਹੈ। ਫਾਜ਼ਿਲਕਾ ਜ਼ਿਲ੍ਹੇ ਦੇ ਅਬੋਹਰ ’ਚ ਸਰਗਰਮ ਪੰਜ ਮੈਂਬਰੀ ਗਿਰੋਹ ਦੇ ਦੋ ਠੱਗਾਂ ਨੂੰ ਪੁਲਿਸ ਨੇ ਉਥੇ ਪੁੱਜ ਕੇ ਫੜ ਲਿਆ। ਜਾਂਚ ’ਚ ਸਾਹਮਣੇ ਆਇਆ ਕਿ ਇਕ ਮੋਚੀ ਦੇ ਬੈਂਕ ਖਾਤੇ ਤੋਂ ਸਿਰਫ਼ ਤਿੰਨ ਮਹੀਨੇ ਦੇ ਅੰਦਰ 80 ਕਰੋੜ ਰੁਪਏ ਦਾ ਲੈਣ-ਦੇਣ ਕੀਤਾ ਗਿਆ। ਗਿਰੋਹ 650 ਤੋਂ ਵੱਧ ਲੋਕਾਂ ਨੂੰ ਠੱਗ ਚੁੱਕਾ ਹੈ, ਜਿਨ੍ਹਾਂ ਦੀਆਂ ਸ਼ਿਕਾਇਤਾਂ ਨੈਸ਼ਨਲ ਸਾਈਬਰ ਕ੍ਰਾਈਮ ਰਿਪੋਰਟਿੰਗ ਪੋਰਟਲ (ਐੱਨਸੀਆਰਪੀ) ’ਤੇ ਦਰਜ ਹਨ। ਇਨ੍ਹਾਂ ’ਚ ਉੱਤਰ ਪ੍ਰਦੇਸ਼ ਦੇ 14 ਮਾਮਲੇ ਹਨ। ਸਾਈਬਰ ਠੱਗੀ ਦਾ ਜਾਲ ਪਾਕਿਸਤਾਨ ਤੇ ਸ੍ਰੀਲੰਕਾ ਤੱਕ ਫੈਲਿਆ ਹੈ। 400 ਕਰੋੜ ਤੋਂ ਵੱਧ ਦੀ ਠੱਗੀ ਦਾ ਸ਼ੱਕ ਜ਼ਾਹਰ ਕੀਤਾ ਜਾ ਰਿਹਾ ਹੈ।
ਪੁਲਿਸ ਕਮਿਸ਼ਨਰ ਰਘੂਬੀਰ ਲਾਲ ਨੇ ਦੱਸਿਆ ਕਿ ਨੌਬਸਤਾ ਨਿਵਾਸੀ ਅਮਿਤ ਰਾਠੌਰ ਨੇ ਪਿਛਲੀ 2 ਜਨਵਰੀ ਨੂੰ ਸ਼ੇਅਰ ’ਚ ਨਿਵੇਸ਼ ’ਤੇ ਭਾਰੀ ਮੁਨਾਫ਼ੇ ਦਾ ਝਾਂਸਾ ਦੇ ਕੇ ਸਾਈਬਰ ਠੱਗੀ ਦਾ ਮੁਕੱਦਮਾ ਦਰਜ ਕਰਵਾਇਆ ਸੀ। ਜਾਂਚ ’ਚ ਠੱਗੀ ਦੇ ਤਾਰ ਅਬੋਹਰ ਨਾਲ ਜੁੜੇ ਮਿਲੇ। ਠੱਗਾਂ ਦੇ ਮੋਬਾਈਲ ਨੰਬਰ ਦੇ ਆਧਾਰ ’ਤੇ ਪੁਲਿਸ ਫਾਜ਼ਿਲਕਾ ਤੱਕ ਪੁੱਜੀ। ਦੋ ਦਿਨ ਪਹਿਲਾਂ ਉਥੋਂ ਕਰਨ ਕਸੇਰਾ ਤੇ ਗੁਲਸ਼ਨ ਕੁਮਾਰ ਨੂੰ ਅਬੋਹਰ ਥਾਣੇ ਲਿਆਂਦਾ ਗਿਆ, ਪਰ ਸਥਾਨਕ ਲੋਕਾਂ ਦੇ ਵਿਰੋਧ ਨੂੰ ਦੇਖਦੇ ਹੋਏ ਦੋਵਾਂ ਨੂੰ ਕਾਨਪੁਰ ਲਿਆ ਕੇ ਪੁੱਛਗਿੱਛ ਕੀਤੀ ਗਈ। ਦੋਵਾਂ ਨੇ ਦੱਸਿਆ ਕਿ ਗਿਰੋਹ ’ਚ ਪੰਜ ਮੈਂਬਰ ਹਨ। ਅਬੋਹਰ ਦਾ ਲਿਟਿਲ ਮੋਂਗਾ ਸਰਗਨਾ ਹੈ, ਜੋ ਆਪਣੇ ਸਾਥੀ ਕਾਲਰਾ ਕਸੇਰਾ ਦੇ ਨਾਲ ਫ਼ਰਾਰ ਹੈ। ਇਕ ਹੋਰ ਮੈਂਬਰ ਅਜੇ ਨੂੰ ਦਿੱਲੀ ਪੁਲਿਸ ਤਿੰਨ ਦਿਨ ਪਹਿਲਾਂ ਗ੍ਰਿਫ਼ਤਾਰ ਕਰ ਚੁੱਕੀ ਹੈ। ਅਜੇ ਇਕ ਸਾਧਾਰਨ ਮੋਚੀ ਹੈ, ਪਰ ਉਸ ਦੇ ਦਿੱਲੀ ’ਚ ਨਿਊ ਕੋਂਡਲੀ ਮਿਊਰ ਵਿਹਾਰ ਫੇਜ਼-3 ਸਥਿਤ ਨੈਸ਼ਨਲ ਅਰਬਨ ਕੋਆਪਰੇਟਿਵ ਬੈਂਕ ਬਰਾਂਚ ਦੇ ਖਾਤੇ ’ਚ 80 ਕਰੋੜ ਦਾ ਲੈਣ-ਦੇਣ ਮਿਲਿਆ। ਇਸ ਖਾਤੇ ’ਚ ਜੋ ਪੈਸਾ ਆਇਆ, ਉਹ ਪੰਜਵੀਂ ਲੇਅਰ ਦਾ ਹੈ। ਠੱਗਾਂ ਨੇ ਦੱਸਿਆ ਕਿ ਠੱਗੀ ਗਈ ਰਕਮ ਦਾ ਚਾਰ ਥਾਂ ਹੋਰ ਵੀ ਬਟਵਾਰਾ ਕਰਦੇ ਸਨ, ਤਾਂ ਜੋ ਖਾਤਿਆਂ ’ਚ ਰਕਮ ਟਰੇਸ ਨਾ ਹੋ ਸਕੇ। ਮੋਚੀ ਦੇ ਖਾਤੇ ’ਚ ਜਮ੍ਹਾਂ 13.80 ਲੱਖ ਰੁਪਏ ਫ੍ਰੀਜ਼ ਕਰਵਾ ਦਿੱਤੇ ਗਏ ਹਨ। ਪੁਲਿਸ ਨੂੰ ਮੁਲਜ਼ਮਾਂ ਤੋਂ ਕੁਝ ਹੋਰ ਬੈਂਕ ਖਾਤਿਆਂ ਦੀ ਜਾਣਕਾਰੀ, ਚੈੱਕ ਤੇ ਸ਼ੱਕੀ ਸਕ੍ਰੀਨਸ਼ਾਟ ਮਿਲੇ ਹਨ। ਪੁਲਿਸ ਕਮਿਸ਼ਨਰ ਨੇ ਦੱਸਿਆ ਕਿ ਇਹ ਗਿਰੋਹ ਫ਼ਰਜ਼ੀ ਟ੍ਰੇਡਿੰਗ, ਆਨਲਾਈਨ ਪਾਬੰਦੀਸ਼ੁਦਾ ਗੇਮਿੰਗ ਐਪ, ਡਿਜੀਟਲ ਅਰੈਸਟ, ਵ੍ਹਟਸਐਪ ’ਤੇ ਲਿੰਕ ਭੇਜ ਕੇ ਰੁਪਏ ਠੱਗਣ ਸਮੇਤ ਹੋਰ ਵੀ ਕਈ ਤਰੀਕਿਆਂ ਨਾਲ ਠੱਗੀ ਕਰਦਾ ਹੈ। ਇਸ ਤੋਂ ਇਲਾਵਾ ਡਰੱਗ ਤਸਕਰੀ, ਹਥਿਆਰਾਂ ਦੀ ਗ਼ੌਰਕਾਨੂੰਨੀ ਤਸਕਰੀ ਤੇ ਹਨੀਟ੍ਰੈਪ ਵਰਗੀਆਂ ਘਟਨਾਵਾਂ ’ਚ ਵੀ ਸ਼ਾਮਲ ਹੋਣ ਦਾ ਸ਼ੱਕ ਹੈ।