ਅਧਿਕਾਰੀਆਂ ਨੇ ਨਾਮ ਨਾ ਛਾਪਣ ਦੀ ਸ਼ਰਤ 'ਤੇ ਦੱਸਿਆ ਕਿ 45,000 ਕਰੋੜ ਰੁਪਏ ਦੇ 'ਪ੍ਰੋਜੈਕਟ 17A' ਪ੍ਰੋਗਰਾਮ ਤਹਿਤ ਪੰਜਵੇਂ ਸਟੈਲਥ ਫ੍ਰੀਗੇਟ, ਦੂਨਾਗਿਰੀ ਨੂੰ ਇਕ ਮਹੀਨੇ ਦੇ ਅੰਦਰ ਬੇੜੇ 'ਚ ਸ਼ਾਮਲ ਕੀਤੇ ਜਾਣ ਦੀ ਆਸ ਹੈ। ਨਾਲ ਹੀ ਪਣਡੁੱਬੀ-ਵਿਰੋਧੀ ਜੰਗੀ ਜਹਾਜ਼ (ASW-SWC) 'ਅਗ੍ਰਯ' ਤੇ ਵੱਡੇ ਸਰਵੇਖਣ ਜਹਾਜ਼ 'ਸੰਸ਼ੋਧਕ' ਨੂੰ ਵੀ ਇੱਕੋ ਸਮੇਂ ਬੇੜੇ 'ਚ ਸ਼ਾਮਲ ਕੀਤਾ ਜਾਵੇਗਾ।

ਡਿਜੀਟਲ ਡੈਸਕ, ਨਵੀਂ ਦਿੱਲੀ : ਭਾਰਤੀ ਜਲ ਸੈਨਾ ਹਿੰਦ ਮਹਾਂਸਾਗਰ ਖੇਤਰ 'ਚ ਆਪਣੀ ਆਪ੍ਰੇਸ਼ਨਲ ਪਕੜ ਨੂੰ ਮਜ਼ਬੂਤ ਕਰਨ ਲਈ ਨਵੀਂ ਪਹਿਲ ਤਹਿਤ ਤਿੰਨ ਸਵਦੇਸ਼ੀ ਜਹਾਜ਼ਾਂ ਨੂੰ ਆਪਣੇ ਬੇੜੇ 'ਚ ਸ਼ਾਮਲ ਕਰਨ ਜਾ ਰਹੀ ਹੈ। ਇਸ ਵਿੱਚੋਂ ਇਕ ਸਟੈਲਥ ਫ੍ਰੀਗੇਟ (Stealth Frigate), ਇਕ ਪਣਡੁੱਬੀ-ਵਿਰੋਧੀ ਜੰਗੀ ਜਹਾਜ਼ ਤੇ ਇਕ ਸਰਵੇਖਣ ਜਹਾਜ਼ ਹੈ। ਇਸ ਮਾਮਲੇ ਨਾਲ ਜੁੜੇ ਅਧਿਕਾਰੀਆਂ ਨੇ ਐਤਵਾਰ ਨੂੰ ਦੱਸਿਆ ਕਿ ਇਸ ਖੇਤਰ 'ਚ ਚੀਨ ਨੇ ਆਪਣੀ ਸਮੁੰਦਰੀ ਮੌਜੂਦਗੀ ਲਗਾਤਾਰ ਵਧਾਈ ਹੈ।
ਉੱਥੇ ਹੀ, ਇਨ੍ਹਾਂ ਜਹਾਜ਼ਾਂ ਦੇ ਆਉਣ ਨਾਲ ਉਨ੍ਹਾਂ ਦੀਆਂ ਗਤੀਵਿਧੀਆਂ 'ਤੇ ਨਜ਼ਰ ਰੱਖਣਾ ਆਸਾਨ ਹੋ ਜਾਵੇਗਾ। ਇਹ ਜਹਾਜ਼ ਦੂਨਾਗਿਰੀ, ਅਗ੍ਰਯ ਤੇ ਸੰਸ਼ੋਧਕ ਕੋਲਕਾਤਾ ਸਥਿਤ ਗਾਰਡਨ ਰੀਚ ਸ਼ਿਪਬਿਲਡਰਜ਼ ਐਂਡ ਇੰਜੀਨੀਅਰਜ਼ (GRSE) ਵੱਲੋਂ ਬਣਾਏ ਗਏ ਸਨ ਤੇ ਹਾਲ ਹੀ 'ਚ ਜਲ ਸੈਨਾ ਨੂੰ ਸੌਂਪੇ ਗਏ ਹਨ।
ਅਧਿਕਾਰੀਆਂ ਨੇ ਨਾਮ ਨਾ ਛਾਪਣ ਦੀ ਸ਼ਰਤ 'ਤੇ ਦੱਸਿਆ ਕਿ 45,000 ਕਰੋੜ ਰੁਪਏ ਦੇ 'ਪ੍ਰੋਜੈਕਟ 17A' ਪ੍ਰੋਗਰਾਮ ਤਹਿਤ ਪੰਜਵੇਂ ਸਟੈਲਥ ਫ੍ਰੀਗੇਟ, ਦੂਨਾਗਿਰੀ ਨੂੰ ਇਕ ਮਹੀਨੇ ਦੇ ਅੰਦਰ ਬੇੜੇ 'ਚ ਸ਼ਾਮਲ ਕੀਤੇ ਜਾਣ ਦੀ ਆਸ ਹੈ। ਨਾਲ ਹੀ ਪਣਡੁੱਬੀ-ਵਿਰੋਧੀ ਜੰਗੀ ਜਹਾਜ਼ (ASW-SWC) 'ਅਗ੍ਰਯ' ਤੇ ਵੱਡੇ ਸਰਵੇਖਣ ਜਹਾਜ਼ 'ਸੰਸ਼ੋਧਕ' ਨੂੰ ਵੀ ਇੱਕੋ ਸਮੇਂ ਬੇੜੇ 'ਚ ਸ਼ਾਮਲ ਕੀਤਾ ਜਾਵੇਗਾ।
ਪ੍ਰੋਜੈਕਟ 17A ਤਹਿਤ ਬਾਕੀ ਬਚੇ ਦੋ ਫ੍ਰੀਗੇਟਾਂ ਦੇ ਵੀ ਛੇ ਮਹੀਨਿਆਂ ਦੇ ਅੰਦਰ ਬੇੜੇ 'ਚ ਸ਼ਾਮਲ ਹੋਣ ਦੀ ਉਮੀਦ ਹੈ। ਜਿੱਥੇ ਨੀਲਗਿਰੀ, ਉਦੈਗਿਰੀ, ਹਿਮਗਿਰੀ ਤੇ ਤਾਰਾਗਿਰੀ ਪਹਿਲਾਂ ਹੀ ਸੇਵਾ 'ਚ ਹਨ, ਉੱਥੇ ਹੀ ਮਹਿੰਦਰਗਿਰੀ ਤੇ ਵਿੰਧਿਆਗਿਰੀ ਦੇ ਵੀ ਇਸ ਸਾਲ ਦੇ ਅਖੀਰ 'ਚ ਦੂਨਾਗਿਰੀ ਤੋਂ ਬਾਅਦ ਬੇੜੇ 'ਚ ਸ਼ਾਮਲ ਹੋਣ ਦੀ ਉਮੀਦ ਹੈ।
P-17A (ਜਾਂ ਨੀਲਗਿਰੀ-ਕਲਾਸ) ਪਲੇਟਫਾਰਮ ਭਾਰਤ ਦੇ ਸਵਦੇਸ਼ੀ ਜੰਗੀ ਜਹਾਜ਼-ਨਿਰਮਾਣ ਪ੍ਰੋਗਰਾਮ 'ਚ ਇਕ ਵੱਡਾ ਕਦਮ ਹਨ। ਇਨ੍ਹਾਂ ਵਿਚ ਲਗਪਗ 75% ਸਵਦੇਸ਼ੀ ਸਮੱਗਰੀ ਦੇ ਨਾਲ-ਨਾਲ ਆਧੁਨਿਕ ਹਥਿਆਰ, ਸੈਂਸਰ ਅਤੇ ਨਿਗਰਾਨੀ ਪ੍ਰਣਾਲੀਆਂ ਲੱਗੀਆਂ ਹੋਈਆਂ ਹਨ। P-17A, ਸ਼ਿਵਾਲਿਕ-ਕਲਾਸ ਸਟੈਲਥ ਫ੍ਰੀਗੇਟ (P-17) ਦਾ ਅਗਲਾ ਵਰਜ਼ਨ ਹੈ। ਇਸ ਦੇ ਨਾਲ ਹੀ ਨੀਲਗਿਰੀ, ਉਦੈਗਿਰੀ ਤੇ ਤਾਰਾਗਿਰੀ ਨੂੰ ਮਝਗਾਂਵ ਡੌਕ ਸ਼ਿਪਬਿਲਡਰਜ਼ ਲਿਮਟਿਡ 'ਚ ਬਣਾਇਆ ਗਿਆ ਸੀ।
ਇਹ ਫ੍ਰੀਗੇਟ ਬ੍ਰਹਿਮੋਸ ਸੁਪਰਸੋਨਿਕ ਕਰੂਜ਼ ਮਿਜ਼ਾਈਲਾਂ, ਬਰਾਕ-8 ਸਤ੍ਹਾ ਤੋਂ ਹਵਾ 'ਚ ਮਾਰ ਕਰਨ ਵਾਲੀ ਮਿਜ਼ਾਈਲ ਪ੍ਰਣਾਲੀ, MF-STAR ਨਿਗਰਾਨੀ ਰਡਾਰ ਤੇ ਪਣਡੁੱਬੀ-ਵਿਰੋਧੀ ਜੰਗੀ ਸਮਰੱਥਾਵਾਂ ਨਾਲ ਲੈਸ ਹਨ। ਅਗ੍ਰਯ, GRSE ਵੱਲੋਂ ਬਣਾਏ ਜਾ ਰਹੇ ਅੱਠ ASW-SWC 'ਚੋਂ ਚੌਥਾ ਹੈ ਤੇ ਇਸਨੂੰ ਤੱਟਵਰਤੀ ਪਾਣੀ ਅਤੇ ਸਮੁੰਦਰੀ ਕਿਨਾਰਿਆਂ ਵਾਲੇ ਖੇਤਰਾਂ 'ਚ ਆਪ੍ਰੇਸ਼ਨ ਲਈ ਡਿਜ਼ਾਈਨ ਕੀਤਾ ਗਿਆ ਹੈ।
77 ਮੀਟਰ ਲੰਬਾ ਇਹ ਜਹਾਜ਼ ਪਾਣੀ ਦੇ ਅੰਦਰ ਨਿਗਰਾਨੀ, ਖੋਜ ਤੇ ਹਮਲਾ ਕਰਨ ਵਾਲੇ ਮਿਸ਼ਨਾਂ ਤੇ ਜਹਾਜ਼ਾਂ ਨਾਲ ਮਿਲ ਕੇ ਕੰਮ ਕਰਨ 'ਚ ਸਮਰੱਥ ਹੈ। ਸੰਸ਼ੋਧਕ, ਜੋ ਕਿ GRSE ਵੱਲੋਂ ਬਣਾਏ ਜਾ ਰਹੇ ਚਾਰ ਵੱਡੇ ਸਰਵੇਖਣ ਜਹਾਜ਼ਾਂ 'ਚੋਂ ਆਖਰੀ ਹੈ, ਨਾਲ ਭਾਰਤ ਦੀ ਹਾਈਡ੍ਰੋਗ੍ਰਾਫਿਕ ਅਤੇ ਸਰਵੇਖਣ ਸਮਰੱਥਾਵਾਂ ਦੇ ਮਜ਼ਬੂਤ ਹੋਣ ਦੀ ਉਮੀਦ ਹੈ।
110 ਮੀਟਰ ਲੰਬਾ ਇਹ ਜਹਾਜ਼ ਤੱਟਵਰਤੀ ਅਤੇ ਡੂੰਘੇ ਪਾਣੀ ਵਿੱਚ ਹਾਈਡ੍ਰੋਗ੍ਰਾਫਿਕ ਸਰਵੇਖਣਾਂ ਲਈ ਡਿਜ਼ਾਈਨ ਕੀਤਾ ਗਿਆ ਹੈ, ਜਿਸ ਵਿਚ ਬੰਦਰਗਾਹਾਂ ਦੇ ਪ੍ਰਵੇਸ਼ ਮਾਰਗ ਤੇ ਨੇਵੀਗੇਸ਼ਨ ਚੈਨਲ ਸ਼ਾਮਲ ਹਨ।