ਬੀਆਈਐੱਸ ਨੇ ਉਕਤ ਮਿਸ਼ਰਣ ਵਾਲੇ ਈਂਧਨ ਦੀਆਂ ਤਕਨੀਕੀ ਵਿਸ਼ੇਸ਼ਤਾਵਾਂ, ਸੈਂਪਲਿੰਗ ਤੇ ਟੈਸਟਿੰਗ ਦੇ ਤਰੀਕੇ ਤੈਅ ਕੀਤੇ ਹਨ। ਇਸ ਨਾਲ ਪੈਟਰੋਲ ਪੰਪਾਂ ’ਤੇ ਇਨ੍ਹਾਂ ਈਂਧਨਾਂ ਨੂੰ ਸਪੱਸ਼ਟ ਰੂਪ ਨਾਲ ਲੇਬਲ ਕੀਤਾ ਜਾਵੇਗਾ, ਜਿਵੇਂ ਈ-22 ਪੈਟਰੋਲ, ਈ-25 ਪੈਟਰੋਲ ਆਦਿ।

ਜਾਗਰਣ ਬਿਊਰੋ, ਨਵੀਂ ਦਿੱਲੀ : ਤੈਅ ਸਮੇਂ ਤੋਂ ਕਾਫ਼ੀ ਪਹਿਲਾਂ ਪੂਰੇ ਦੇਸ਼ ’ਚ 20 ਫ਼ੀਸਦੀ ਐਥਨਾਲ ਮਿਸ਼ਰਤ ਪੈਟਰੋਲ (ਈ-20) ਦੀ ਵਿਕਰੀ ਦਾ ਟੀਚਾ ਹਾਸਲ ਕਰਨ ਤੋਂ ਬਾਅਦ ਸਰਕਾਰ ਹੁਣ 30 ਫ਼ੀਸਦੀ ਐਥਨਾਲ ਮਿਸ਼ਰਤ ਈਂਧਨ ਵੱਲ ਵਧਦੀ ਦਿਖਾਈ ਦੇ ਰਹੀ ਹੈ। ਸਰਕਾਰੀ ਏਜੰਸੀ ਇੰਡੀਅਨ ਸਟੈਂਡਰਡ ਬਿਊਰੋ (ਬੀਆਈਐੱਸ) ਨੇ ਪੈਟਰੋਲ ’ਚ ਉੱਚ ਪੱਧਰ ਦੇ ਐਥਨਾਲ ਬਲੈਂਡਿੰਗ ਲਈ ਨਵੇਂ ਈਂਧਨ ਮਿਆਰ ਜਾਰੀ ਕਰ ਦਿੱਤੇ ਹਨ। ਇਨ੍ਹਾਂ ’ਚ ਈ-22, ਈ-25, ਈ-27 ਤੇ ਈ-30 (ਭਾਵ 22 ਤੋਂ 30 ਫ਼ੀਸਦ ਤੱਕ ਐਥਨਾਲ ਮਿਸ਼ਰਣ) ਈਂਧਨ ਦੇ ਮਿਆਰ ਤੈਅ ਕੀਤੇ ਗਏ ਹਨ। ਬੀਆਈਐੱਸ ਨੇ ਉਕਤ ਮਿਸ਼ਰਣ ਵਾਲੇ ਈਂਧਨ ਦੀਆਂ ਤਕਨੀਕੀ ਵਿਸ਼ੇਸ਼ਤਾਵਾਂ, ਸੈਂਪਲਿੰਗ ਤੇ ਟੈਸਟਿੰਗ ਦੇ ਤਰੀਕੇ ਤੈਅ ਕੀਤੇ ਹਨ। ਇਸ ਨਾਲ ਪੈਟਰੋਲ ਪੰਪਾਂ ’ਤੇ ਇਨ੍ਹਾਂ ਈਂਧਨਾਂ ਨੂੰ ਸਪੱਸ਼ਟ ਰੂਪ ਨਾਲ ਲੇਬਲ ਕੀਤਾ ਜਾਵੇਗਾ, ਜਿਵੇਂ ਈ-22 ਪੈਟਰੋਲ, ਈ-25 ਪੈਟਰੋਲ ਆਦਿ। ਮਾਹਿਰਾਂ ਦਾ ਮੰਨਣਾ ਹੈ ਕਿ ਇਹ ਕਦਮ ਭਾਰਤ ਨੂੰ ਊਰਜਾ ਖੇਤਰ ’ਚ ਆਤਮਨਿਰਭਰ ਬਣਾਉਣ ਦੀ ਦਿਸ਼ਾ ’ਚ ਮਹੱਤਵਪੂਰਨ ਹੈ। ਵੈਸੇ ਸਪੱਸ਼ਟ ਕਰ ਦਈਏ ਕਿ ਅਜੇ ਸਰਕਾਰ ਨੇ ਰਾਸ਼ਟਰ ਪੱਧਰੀ ਤੌਰ ’ਤੇ ਈ-20 ਈਂਧਨ ਦੀ ਵਿਕਰੀ ਜ਼ਰੂਰੀ ਨਹੀਂ ਕੀਤੀ ਹੈ। ਸਰਕਾਰ ਵੱਲੋਂ ਦੇਸ਼ ’ਚ ਐਥਨਾਲ ਮਿਸ਼ਰਤ ਈਂਧਨ ਦੀ ਵਿਕਰੀ ’ਚ ਪੱਛਮੀ ਏਸ਼ੀਆ ’ਚ ਚੱਲ ਰਹੀ ਜੰਗ ਤੇ ਆਲਮੀ ਊਰਜਾ ਸੰਕਟ ਵਿਚਾਲੇ ਹੋਰ ਤੇਜ਼ੀ ਲਿਆਂਦੀ ਜਾ ਰਹੀ ਹੈ। ਭਾਰਤ ਦੁਨੀਆ ਦਾ ਤੀਜਾ ਸਭ ਤੋਂ ਵੱਡਾ ਤੇਲ ਦਾ ਦਰਾਮਦਕਾਰ ਹੈ ਤੇ ਆਪਣੀ ਜ਼ਰੂਰਤ ਦਾ ਲਗਪਗ 90 ਫ਼ੀਸਦੀ ਕੱਚਾ ਤੇਲ ਦਰਾਮਦ ਕਰਦਾ ਹੈ। ਪਿਛਲੇ ਵਿੱਤੀ ਸਾਲ ਦੇ ਦੌਰਾਨ ਕੱਚੇ ਤੇਲ ਦਾ ਦਰਾਮਦ ਬਿੱਲ ਲਗਪਗ 123 ਅਰਬ ਡਾਲਰ ਰਿਹਾ, ਜਦਕਿ ਪੱਛਮੀ ਏਸ਼ੀਆ ਸੰਕਟ ਨਾਲ ਕੀਮਤਾਂ ਵਧਣ ਦਾ ਖ਼ਤਰਾ ਬਣਿਆ ਹੋਇਆ ਹੈ। ਭਾਰਤੀ ਰੁਪਏ ’ਚ ਗਿਰਾਵਟ ਹੋਣ ਤੇ ਮਹਿੰਗਾਈ ਦਾ ਪੱਧਰ ਵਧਣ ਲਈ ਇਸ ਨੂੰ ਜ਼ਿੰਮੇਵਾਰ ਮੰਨਿਆ ਜਾ ਰਿਹਾ ਹੈ।
ਈ-20 ਦੀ ਵਿਕਰੀ ਨਾਲ ਬਚੇ 1.44 ਲੱਖ ਕਰੋੜ
ਈ-20 ਮਿਸ਼ਰਤ ਈਂਧਨ ਦੀ ਵਿਕਰੀ ਕਰਨ ਨਾਲ 2014 ਤੋਂ ਹੁਣ ਤੱਕ ਦੇਸ਼ ਨੂੰ ਲਗਪਗ 1.44 ਲੱਖ ਕਰੋੜ ਰੁਪਏ ਦੀ ਵਿਦੇਸ਼ੀ ਮੁਦਰਾ ਦੀ ਬਚਤ ਹੋਈ ਹੈ। ਲਗਪਗ 245 ਲੱਖ ਮੀਟ੍ਰਿਕ ਟਨ ਕੱਚੇ ਤੇਲ ਦੀ ਦਰਾਮਦ ’ਚ ਕਮੀ ਆਈ ਹੈ। ਇਹੀ ਕਾਰਨ ਹੈ ਕਿ ਸਰਕਾਰ ਇਸ ਨੂੰ ਹੋਰ ਉਤਸ਼ਾਹ ਦੇਣ ’ਚ ਰੁੱਝੀ ਹੈ।
ਬ੍ਰਾਜ਼ੀਲ ਤੋਂ ਸਿੱਖ ਸਕਦੇ ਹਾਂ ਸਬਕ
ਐਥਨਾਲ ਨਾਲ ਜੁੜੇ ਵਿਸ਼ੇ ’ਤੇ ਦੇਸ਼ ਦੇ ਪ੍ਰਸਿੱਧ ਮਾਹਿਰ ਅਤੇ ਟੋਯੋਟਾ ਕਿਰਲੋਸਕਰ ਮੋਟਰ ਦੇ ਵਾਈਸ ਪ੍ਰੈਜ਼ੀ਼ਡੈਂਟ ਤੇ ਮੁਖੀ (ਭਾਰਤ) ਵਿਕਰਮ ਗੁਲਾਟੀ ਨੇ ਇਸ ਵਿਕਾਸ ਦਾ ਸਵਾਗਤ ਕੀਤਾ ਹੈ। ਉਨ੍ਹਾਂ ਨੇ ਕਿਹਾ ਕਿ ਪੈਟਰੋਲ ’ਚ 20 ਫ਼ੀਸਦੀ ਐਥਨਾਲ ਮਿਸ਼ਰਣ ’ਚ ਜਿੰਨੀ ਤੇਜ਼ੀ ਨਾਲ ਅਸੀਂ ਕਾਮਯਾਬੀ ਹਾਸਲ ਕੀਤੀ ਹੈ, ਉਸ ਨਾਲ ਇਹ ਉਮੀਦ ਬਣਦੀ ਹੈ ਕਿ ਅਸੀਂ ਊਰਜਾ ਖੇਤਰ ’ਚ ਆਤਮਨਿਰਭਰ ਹੋ ਸਕਦੇ ਹਾਂ। ਬੀਆਈਐੱਸ ਵੱਲੋਂ ਈ-20 ਦੀ ਵਿਕਰੀ ਸ਼ੁਰੂ ਹੋ ਜਾਣ ਤੋਂ ਬਾਅਦ ਆਤਮਨਿਰਭਰ ਹੋਣ ਵੱਲ ਹੋਰ ਤੇਜ਼ੀ ਨਾਲ ਵਧਿਆ ਜਾਵੇਗਾ। ਉਨ੍ਹਾਂ ਨੇ ਬ੍ਰਾਜ਼ੀਲ ਦੀ ਮਿਸਾਲ ਦਿੰਦੇ ਹੋਏ ਕਿਹਾ ਕਿ ਉਥੇ ਈ-27 ਫਾਰਮੂਲਾ ਲਾਗੂ ਹੈ, ਪਰ ਔਸਤਨ 50-55 ਫ਼ੀਸਦੀ ਐਥਨਾਲ ਮਿਸ਼ਰਤ ਪੈਟਰੋਲ ਦੀ ਵਿਕਰੀ ਹੋ ਰਹੀ ਹੈ। ਬ੍ਰਾਜ਼ੀਲ ’ਚ 95 ਫ਼ੀਸਦੀ ਤੱਕ ਵਾਹਨ ਅਜਿਹੇ ਬਣੇ ਹਨ ਕਿ ਉਹ 100 ਫ਼ੀਸਦੀ ਐਥਨਾਲ ਨਾਲ ਚੱਲ ਸਕਦੇ ਹਨ। ਭਾਰਤ ਨੂੰ ਵੀ ਇਸ ਬਾਰੇ ਸੋਚਣਾ ਚਾਹੀਦਾ ਹੈ।
ਸਸਤਾ ਹੋਣਾ ਚਾਹੀਦਾ ਹੈ ਐਥਨਾਲ ਮਿਸ਼ਰਤ ਪੈਟਰੋਲ
ਗੁਲਾਟੀ ਨੇ ਕਿਹਾ ਕਿ ਦੇਸ਼ ’ਚ ਸਾਨੂੰ ਬ੍ਰਾਜ਼ੀਲ ਸਰਕਾਰ ਵਾਂਗ ਐਥਨਾਲ ਮਿਸ਼ਰਤ ਈਂਧਨ ਨੂੰ ਆਮ ਪੈਟਰੋਲ ਤੋਂ ਸਸਤਾ ਕਰਨ ਦੀ ਵਿਵਸਥਾ ਕਰਨੀ ਚਾਹੀਦੀ ਹੈ। ਉਥੇ ਮਿਸ਼ਰਤ ਪੈਟਰੋਲ 30 ਫ਼ੀਸਦੀ ਤੱਕ ਸਸਤਾ ਹੁੰਦਾ ਹੈ। ਉਥੇ ਮਿਸ਼ਰਤ ਈਂਧਨ ਨਾਲ ਚੱਲਣ ਵਾਲੇ ਵਾਹਨਾਂ ਨੂੰ ਸਰਕਾਰ ਵੱਲੋਂ ਟੈਕਸ ਤੋਂ ਛੋਟ ਮਿਲੀ ਹੋਈ ਹੈ। ਸਾਨੂੰ ਇਹ ਸੋਚਣਾ ਚਾਹੀਦਾ ਹੈ ਕਿ ਐਥਨਾਲ ਵਾਤਾਵਰਨ ਦੀ ਰੱਖਿਆ ਵੀ ਕਰ ਰਿਹਾ ਹੈ, ਕਿਸਾਨਾਂ ਦੀ ਮਦਦ ਕਰ ਰਿਹਾ ਹੈ, ਇਕ ਨਵਾਂ ਉਦਯੋਗ ਸਥਾਪਤ ਕਰ ਰਿਹਾ ਹੈ ਤੇ ਵਿਦੇਸ਼ੀ ਮੁਦਰਾ ਦੀ ਬਚਤ ਕਰਵਾ ਰਿਹਾ ਹੈ।