ਪੱਛਮੀ ਹਵਾਵਾਂ ਹੌਲੀ-ਹੌਲੀ ਇਸ ਨੂੰ ਕਮਜ਼ੋਰ ਕਰ ਰਹੀਆਂ ਹਨ, ਜਿਸ ਨਾਲ ਉੱਤਰ-ਪੱਛਮੀ ਸੂਬਿਆਂ ਵਿਚ ਹਲਕੀ ਬਾਰਿਸ਼ ਦਾ ਦੌਰ ਜਾਰੀ ਰਹਿ ਸਕਦਾ ਹੈ ਜਦਕਿ ਪੂਰਬੀ ਅਤੇ ਉੱਤਰ ਪੂਰਬੀ ਹਿੱਸਿਆਂ ਵਿਚ ਮੌਨਸੂਨ ਹਾਲੇ ਵੀ ਪੂਰੀ ਤਾਕਤ ਨਾਲ ਸਰਗਰਮ ਹੈ।
ਜਾਗਰਣ ਬਿਊਰੋ, ਨਵੀਂ ਦਿੱਲੀ : ਪੇਸ਼ੀਨਗੋਈ ਦੇ ਉਲਟ ਦੇਸ਼ ਦੇ ਪੱਛਮੀ ਹਿੱਸੇ ਤੋਂ ਮੌਨਸੂਨ ਦੀ ਵਾਪਸੀ ਆਰੰਭ ਤਾਂ ਹੋ ਗਈ ਹੈ ਪਰ ਚੱਕਰਵਾਤੀ ਸਰਗਰਮੀਆਂ ਦੇ ਚੱਲਦੇ ਇਸ ਦੇ ਪਰਤਣ ਦੀ ਰਫ਼ਤਾਰ ਰੁਕ ਗਈ ਹੈ। ਰਾਜਸਥਾਨ ਤੇ ਗੁਜਰਾਤ ਦੇ ਕੁਝ ਜ਼ਿਲ੍ਹਿਆਂ ਵਿਚ ਮੌਨਸੂਨੀ ਬਾਰਿਸ਼ ਰੁਕਣ ਤੋਂ ਬਾਅਦ ਭਾਰਤੀ ਮੌਸਮ ਵਿਭਾਗ ਨੇ ਸਮੇਂ ਸਿਰ ਵਾਪਸੀ ਦਾ ਐਲਾਨ ਵੀ ਕਰ ਦਿੱਤਾ ਸੀ ਪਰ ਇਸ ਦੇ ਬਾਵਜੂਦ ਬੰਗਾਲ ਦੀ ਖਾੜੀ ਅਤੇ ਮੱਧ ਭਾਰਤ ਵਿਚ ਬਣੇ ਘੱਟ ਦਬਾਅ ਤੇ ਚੱਕਰਵਾਤੀ ਤੰਤਰ ਨੇ ਮੌਨਸੂਨ ਨੂੰ ਰੋਕ ਕੇ ਰੱਖਿਆ ਹੈ। ਪੱਛਮੀ ਹਵਾਵਾਂ ਹੌਲੀ-ਹੌਲੀ ਇਸ ਨੂੰ ਕਮਜ਼ੋਰ ਕਰ ਰਹੀਆਂ ਹਨ, ਜਿਸ ਨਾਲ ਉੱਤਰ-ਪੱਛਮੀ ਸੂਬਿਆਂ ਵਿਚ ਹਲਕੀ ਬਾਰਿਸ਼ ਦਾ ਦੌਰ ਜਾਰੀ ਰਹਿ ਸਕਦਾ ਹੈ ਜਦਕਿ ਪੂਰਬੀ ਅਤੇ ਉੱਤਰ ਪੂਰਬੀ ਹਿੱਸਿਆਂ ਵਿਚ ਮੌਨਸੂਨ ਹਾਲੇ ਵੀ ਪੂਰੀ ਤਾਕਤ ਨਾਲ ਸਰਗਰਮ ਹੈ। ਹਾਲਾਂਕਿ 20 ਸਤੰਬਰ ਤੋਂ ਬਾਅਦ ਮੌਨਸੂਨ ਦੀ ਵਾਪਸੀ ਤੇਜ਼ੀ ਨਾਲ ਅੱਗੇ ਵਧੇਗੀ ਅਤੇ ਅਗਲੇ ਤਿੰਨ ਤੋਂ ਚਾਰ ਹਫ਼ਤਿਆਂ ਵਿਚ ਇਹ ਪੂਰੇ ਦੇਸ਼ ਤੋਂ ਵਿਦਾ ਹੋ ਜਾਵੇਗਾ।
ਦਿੱਲੀ-ਐੱਨਸੀਆਰ ਵਿਚ 18 ਸਤੰਬਰ ਦੀ ਰਾਤ ਅਤੇ 19 ਸਤੰਬਰ ਦੀ ਸਵੇਰ ਤੱਕ ਹਲਕੀ ਬਾਰਿਸ਼ ਦਾ ਅਨੁਮਾਨ ਹੈ। ਸਕਾਈਮੇਟ ਦੇ ਮੁਤਾਬਕ, ਦਿੱਲੀ ਤੋਂ ਮੌਨਸੂਨ ਦੀ ਵਿਦਾਈ 25 ਸਤੰਬਰ ਤੱਕ ਹੁੰਦੀ ਹੈ ਪਰ ਨਮੀ ਵਿਚ ਕਮੀ ਅਤੇ ਪੱਛਮੀ ਹਵਾਵਾਂ ਦੇ ਪ੍ਰਭਾਵ ਨਾਲ ਇਸ ਵਾਰ 20-21 ਸਤੰਬਰ ਤੱਕ ਹੀ ਹੋ ਸਕਦੀ ਹੈ। ਪੰਜਾਬ-ਹਰਿਆਣਾ ਦੇ ਕਈ ਜ਼ਿਲ੍ਹਿਆਂ ਵਿਚ ਵੀ 18-19 ਸਤੰਬਰ ਨੂੰ ਹਲਕੀ ਬਾਰਿਸ਼ ਹੋ ਸਕਦੀ ਹੈ। ਫਿਰ ਇੱਥੋਂ ਵੀ ਮੌਨਸੂਨ ਪਰਤਣ ਦੀ ਗਤੀ ਤੇਜ਼ ਹੋ ਜਾਵੇਗੀ। ਰਾਜਸਥਾਨ ਅਤੇ ਗੁਜਰਾਤ ਦੇ ਕਈ ਜ਼ਿਲ੍ਹਿਆਂ ਤੋਂ ਮੌਨਸੂਨ ਦੀ ਵਿਦਾਈ ਹੋ ਚੁੱਕੀ ਹੈ, ਪਰ ਨਵਾਂ ਮੌਸਮ ਤੰਤਰ ਸਰਗਰਮ ਹੋਣ ਨਾਲ ਇੱਥੇ ਵੀ ਦੋ ਦਿਨ ਬਾਰਿਸ਼ ਦੀ ਸੰਭਾਵਨਾ ਬਣੀ ਹੋਈ ਹੈ। ਦੇਸ਼ ਭਰ ਦੀ ਸਥਿਤੀ ਦੇਖੀਏ ਤਾਂ ਪੂਰਬੀ ਉੱਤਰ ਪ੍ਰਦੇਸ਼, ਬਿਹਾਰ, ਝਾਰਖੰਡ, ਉਪ-ਹਿਮਾਲੀਆ ਬੰਗਾਲ ਅਤੇ ਸਿੱਕਿਮ ਵਿਚ ਭਾਰੀ ਤੋਂ ਬਹੁਤ ਭਾਰੀ ਬਾਰਿਸ਼ ਦੇ ਆਸਾਰ ਹਨ, ਜਿਹੜੀ ਕੁਝ ਦਿਨ ਜਾਰੀ ਰਹੇਗੀ। ਉੱਤਰ ਪ੍ਰਦੇਸ਼ ਦੇ 30 ਜ਼ਿਲ੍ਹਿਆਂ ਲਈ ਮੌਸਮ ਵਿਭਾਗ ਨੇ ਬਾਰਿਸ਼, ਹਨੇਰੀ ਅਤੇ ਬਿਜਲੀ ਡਿੱਗਣ ਦਾ ਅਲਰਟ ਜਾਰੀ ਕੀਤਾ ਹੈ। ਮੌਨਸੂਨ ਦਾ ਇਹ ਅਸਮਾਨ ਪੈਟਰਨ ਪੂਰੇ ਸੀਜ਼ਨ ਵਿਚ ਦੇਖਣ ਨੂੰ ਮਿਲਿਆ ਹੈ। ਉੱਤਰ ਅਤੇ ਪੂਰਬੀ ਭਾਰਤ ਵਿਚ ਬਾਰਿਸ਼ ਆਮ ਤੋਂ ਵੱਧ ਰਹੀ ਜਦਕਿ ਦੱਖਣੀ ਰਾਜਾਂ ਵਿਚ ਇਹ ਉਮੀਦ ਤੋਂ ਘੱਟ ਦਰਜ ਕੀਤੀ ਗਈ। ਸਤੰਬਰ ਦੇ ਆਖ਼ਰੀ ਪੰਦਰਵਾੜੇ ਵਿਚ ਵੀ ਇਹੀ ਰੁਝਾਨ ਬਣਿਆ ਰਹੇਗਾ। ਕੇਰਲ, ਕਰਨਾਟਕ, ਤੇਲੰਗਾਨਾ ਅਤੇ ਮਹਾਰਾਸ਼ਟਰ ਦੇ ਕਈ ਹਿੱਸਿਆ ਵਿਚ ਅਗਲੇ ਕੁਝ ਦਿਨਾਂ ਤੱਕ ਚੰਗੀ ਬਾਰਿਸ਼ ਹੋ ਸਕਦੀ ਹੈ।