ਪੰਜਾਬ ਦੇ ਸਰਹਿੰਦ ਸਟੇਸ਼ਨ ਦੇ ਕੋਲ ਪਟੜੀ 'ਤੇ ਰੱਖੇ ਗਏ ਡੇਟੋਨੇਟਰ ਦੀ ਦਿਸ਼ਾ ਅਤੇ ਕੁਝ ਮੀਟਰ ਦੀ ਦੂਰੀ ਕਾਰਨ ਇੱਕ ਵੱਡਾ ਹਾਦਸਾ ਟਲ ਗਿਆ। ਲੁਧਿਆਣਾ ਦੀ ਦਿਸ਼ਾ ਵਿੱਚ ਰੱਖੇ ਡੇਟੋਨੇਟਰ 'ਤੇ ਜਿਵੇਂ ਹੀ ਮਾਲਗੱਡੀ ਦੇ ਇੰਜਣ ਦਾ ਪਹੀਆ ਪਹੁੰਚਿਆ ਤਾਂ ਧਮਾਕਾ ਹੋਇਆ, ਪਰ ਇੰਜਣ ਉਦੋਂ ਤੱਕ ਅੱਗੇ ਨਿਕਲ ਚੁੱਕਾ ਸੀ, ਜਿਸ ਕਾਰਨ ਪੂਰਾ ਬਲਾਸਟ ਉਸ ਦੇ ਹੇਠਾਂ ਨਹੀਂ ਆ ਸਕਿਆ।

ਡੇਟੋਨੇਟਰ ਨੂੰ ਲੁਧਿਆਣਾ ਵਾਲੇ ਪਾਸੇ ਇਸ ਤਰ੍ਹਾਂ ਰੱਖਿਆ ਗਿਆ ਸੀ ਕਿ ਮੰਡੀ ਗੋਬਿੰਦਗੜ੍ਹ ਵੱਲੋਂ ਆਉਣ ਵਾਲੀ ਮਾਲਗੱਡੀ ਦੇ ਪਹੀਏ ਦੇ ਸੰਪਰਕ ਵਿੱਚ ਆਉਂਦੇ ਹੀ ਧਮਾਕਾ ਹੋ ਜਾਵੇ। ਇਸ ਦੇ ਨਾਲ ਹੀ, ਡੇਟੋਨੇਟਰ ਤੋਂ ਕਰੀਬ ਤਿੰਨ ਮੀਟਰ ਅੱਗੇ ਦਿੱਲੀ ਵਾਲੀ ਦਿਸ਼ਾ ਵਿੱਚ ਵਾਧੂ ਵਿਸਫੋਟਕ ਸਮੱਗਰੀ ਰੱਖੀ ਗਈ ਸੀ, ਤਾਂ ਜੋ ਧਮਾਕੇ ਦੀ ਤੀਬਰਤਾ ਨੂੰ ਵਧਾਇਆ ਜਾ ਸਕੇ।
ਘਟਨਾ ਦੇ ਸਮੇਂ ਮਾਲਗੱਡੀ ਬਿਹਾਰ ਦੇ ਧਨਬਾਦ ਤੋਂ ਕੋਲਾ ਲੈ ਕੇ ਮੰਡੀ ਗੋਬਿੰਦਗੜ੍ਹ ਪਹੁੰਚਣ ਤੋਂ ਬਾਅਦ ਖਾਲੀ ਹੋ ਕੇ ਵਾਪਸ ਪਰਤ ਰਹੀ ਸੀ। ਇਸ ਦੌਰਾਨ ਰੇਲ ਦੀ ਰਫ਼ਤਾਰ ਘਟ ਕੇ 20 ਤੋਂ 25 ਕਿਲੋਮੀਟਰ ਪ੍ਰਤੀ ਘੰਟਾ ਰਹਿ ਗਈ ਸੀ। ਇਸੇ ਦੌਰਾਨ ਇੱਕ ਜ਼ੋਰਦਾਰ ਧਮਾਕਾ ਹੋਇਆ, ਜਿਸ ਨਾਲ ਲੋਕੋ ਪਾਇਲਟ ਦਾ ਕੈਬਿਨ ਨੁਕਸਾਨਿਆ ਗਿਆ।
ਰੇਲ ਅਧਿਕਾਰੀਆਂ ਦਾ ਮੰਨਣਾ ਹੈ ਕਿ ਜੇਕਰ ਇਸ ਸੈਕਸ਼ਨ ਦੀ ਵੱਧ ਤੋਂ ਵੱਧ ਸਮਰੱਥਾ ਅਨੁਸਾਰ ਮਾਲਗੱਡੀ 100 ਕਿਲੋਮੀਟਰ ਪ੍ਰਤੀ ਘੰਟਾ ਦੀ ਰਫ਼ਤਾਰ ਨਾਲ ਚੱਲ ਰਹੀ ਹੁੰਦੀ, ਤਾਂ ਪਟੜੀ ਟੁੱਟਣ ਤੋਂ ਬਾਅਦ ਮਾਲਗੱਡੀ ਦੇ ਪਲਟਣ ਦਾ ਖ਼ਤਰਾ ਕਈ ਗੁਣਾ ਵੱਧ ਜਾਣਾ ਸੀ। ਇਸ ਤੋਂ ਇਲਾਵਾ, ਜੇਕਰ ਮਾਲਗੱਡੀ ਦਿੱਲੀ ਦੀ ਦਿਸ਼ਾ ਤੋਂ ਆਉਂਦੀ, ਤਾਂ ਕਰੀਬ 20 ਮੀਟਰ ਲੰਬੇ ਇੰਜਣ ਦਾ ਅੱਧੇ ਤੋਂ ਵੱਧ ਹਿੱਸਾ ਵਿਸਫੋਟਕ ਦੇ ਉੱਪਰ ਹੁੰਦਾ ਅਤੇ ਪੂਰਾ ਬਲਾਸਟ ਸਿੱਧਾ ਇੰਜਣ ਦੇ ਹੇਠਾਂ ਆਉਣਾ ਸੀ, ਜਿਸ ਨਾਲ ਇੰਜਣ ਉੱਡ ਸਕਦਾ ਸੀ ਅਤੇ ਵੱਡਾ ਹਾਦਸਾ ਵਾਪਰ ਸਕਦਾ ਸੀ।
ਘਟਨਾ ਤੋਂ ਬਾਅਦ ਰੇਲਵੇ ਨੇ ਨੁਕਸਾਨੇ ਗਏ ਟਰੈਕ ਨੂੰ ਠੀਕ ਕਰਨ ਲਈ ਕਰੀਬ 20 ਫੁੱਟ ਪਟੜੀ ਬਦਲ ਕੇ ਵੈਲਡਿੰਗ ਕਰਵਾਈ ਹੈ। ਫਿਲਹਾਲ ਸੁਰੱਖਿਆ ਦੇ ਮੱਦੇਨਜ਼ਰ ਇਸ ਸੈਕਸ਼ਨ ਤੋਂ ਗੁਜ਼ਰਨ ਵਾਲੀਆਂ ਹੋਰ ਮਾਲਗੱਡੀਆਂ ਨੂੰ 20 ਕਿਲੋਮੀਟਰ ਪ੍ਰਤੀ ਘੰਟਾ ਦੀ ਰਫ਼ਤਾਰ ਨਾਲ ਕੱਢਿਆ ਜਾ ਰਿਹਾ ਹੈ, ਤਾਂ ਜੋ ਵੈਲਡਿੰਗ ਪੂਰੀ ਤਰ੍ਹਾਂ ਮਜ਼ਬੂਤ ਹੋ ਸਕੇ।
ਅਧਿਕਾਰੀਆਂ ਅਨੁਸਾਰ, ਮੁਰੰਮਤ ਦਾ ਕੰਮ ਪੂਰਾ ਹੋਣ ਤੋਂ ਬਾਅਦ ਇੱਥੋਂ ਫਿਰ ਤੋਂ ਆਮ ਵਾਂਗ 100 ਕਿਲੋਮੀਟਰ ਪ੍ਰਤੀ ਘੰਟਾ ਦੀ ਰਫ਼ਤਾਰ ਨਾਲ ਮਾਲਗੱਡੀਆਂ ਚਲਾਈਆਂ ਜਾਣਗੀਆਂ। ਜਾਂਚ ਵਿੱਚ ਇਹ ਵੀ ਸਾਹਮਣੇ ਆਇਆ ਹੈ ਕਿ ਧਮਾਕਾ ਸ਼ੁੱਕਰਵਾਰ ਰਾਤ ਕਰੀਬ 9:50 ਵਜੇ ਹੋਇਆ, ਜਦਕਿ ਇਸ ਤੋਂ ਪਹਿਲਾਂ ਲਗਭਗ ਸਵਾ ਸੱਤ ਵਜੇ ਇੱਕ ਖਾਲੀ ਮਾਲਗੱਡੀ ਇਸੇ ਰੂਟ ਤੋਂ ਅੰਬਾਲਾ ਵੱਲ ਰਵਾਨਾ ਹੋਈ ਸੀ।
ਅਜਿਹੇ ਵਿੱਚ ਸ਼ੱਕ ਜਤਾਇਆ ਜਾ ਰਿਹਾ ਹੈ ਕਿ ਵਿਸਫੋਟਕ ਸਮੱਗਰੀ ਸਵਾ ਸੱਤ ਵਜੇ ਤੋਂ 9:50 ਵਜੇ ਦੇ ਵਿਚਕਾਰ ਪਟੜੀ 'ਤੇ ਰੱਖੀ ਗਈ ਸੀ। ਸੁਰੱਖਿਆ ਏਜੰਸੀਆਂ ਵਿਸਫੋਟਕ ਰੱਖਣ ਵਾਲਿਆਂ ਅਤੇ ਇਸ ਸਾਜ਼ਿਸ਼ ਵਿੱਚ ਸ਼ਾਮਲ ਸਾਰੇ ਲੋਕਾਂ ਦੀ ਭਾਲ ਵਿੱਚ ਜੁਟੀਆਂ ਹੋਈਆਂ ਹਨ।
ਇਸ ਪਟੜੀ 'ਤੇ ਸਿਰਫ਼ ਮਾਲਗੱਡੀਆਂ ਹੀ ਦੌੜਦੀਆਂ ਹਨ
ਲੁਧਿਆਣਾ ਤੋਂ ਕੋਲਕਾਤਾ ਲਈ ਮਾਲਗੱਡੀਆਂ ਵਾਸਤੇ ਵਿਸ਼ੇਸ਼ 'ਈਸਟਰਨ ਡੈਡੀਕੇਟਿਡ ਫਰੇਟ ਕੋਰੀਡੋਰ' (EDFC) ਵਿਛਾਇਆ ਗਿਆ ਹੈ। ਇਸ ਕੋਰੀਡੋਰ 'ਤੇ ਸਿਰਫ਼ ਮਾਲਗੱਡੀਆਂ ਹੀ ਆਉਂਦੀਆਂ-ਜਾਂਦੀਆਂ ਹਨ। 24 ਘੰਟਿਆਂ ਵਿੱਚ ਕਰੀਬ 25 ਤੋਂ 30 ਮਾਲਗੱਡੀਆਂ ਇੱਥੋਂ ਗੁਜ਼ਰਦੀਆਂ ਹਨ। ਸ਼ੁੱਕਰਵਾਰ ਰਾਤ 9:50 ਵਜੇ ਘਟਨਾ ਵਾਪਰੀ, ਜਿਸ ਤੋਂ ਬਾਅਦ ਆਵਾਜਾਈ ਰੋਕ ਦਿੱਤੀ ਗਈ ਸੀ ਅਤੇ ਸੁਰੱਖਿਆ ਏਜੰਸੀਆਂ ਵੱਲੋਂ ਕਲੀਨ ਚਿੱਟ ਮਿਲਣ ਤੋਂ ਬਾਅਦ ਹੀ ਮਾਲਗੱਡੀਆਂ ਨੂੰ ਦੁਬਾਰਾ ਚਲਾਇਆ ਗਿਆ।