ਸਿੱਖਿਆ ਮੰਤਰਾਲੇ ਦੇ ਸਕੂਲੀ ਸਿੱਖਿਆ ਸਕੱਤਰ ਸੰਜੇ ਕੁਮਾਰ ਨੇ ਸਾਰੇ ਸੂਬਿਆਂ ਤੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਦੇ ਵਧੀਕ ਮੁੱਖ ਸਕੱਤਰ, ਮੁੱਖ ਸਕੱਤਰ ਤੇ ਸਕੱਤਰ (ਸਿੱਖਿਆ) ਨਾਲ ਕੇਂਦਰੀ ਵਿਦਿਆਲਾ ਤੇ ਨਵੋਦਿਆ ਵਿਦਿਆਲਿਆਂ ਦੇ ਕਮਿਸ਼ਨਰਾਂ ਨੂੰ ਲਿਖੇ ਪੱਤਰ ’ਚ ਸਕੂਲਾਂ ’ਚ ਤੇਲ ਦੀ ਮਾਤਰਾ ਨੂੰ ਘਟਾਉਣ ਨੂੰ ਲੈ ਕੇ ਤੁਰੰਤ ਜ਼ਰੂਰੀ ਕਦਮ ਚੁੱਕਣ ਦੇ ਹੁਕਮ ਦਿੱਤੇ ਹਨ

ਅਰਵਿੰਦ ਪਾਂਡੇ, ਜਾਗਰਣ,ਨਵੀਂ ਦਿੱਲੀ : ਮੋਟਾਪੇ ਨਾਲ ਨਜਿੱਠਣ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਮੰਤਰ ਦਾ ਅਸਰ ਹੁਣ ਛੇਤੀ ਹੀ ਸਕੂਲੀ ਬੱਚਿਆਂ ਨੂੰ ਪੀਐੱਮ ਪੋਸ਼ਣ ਯੋਜਨਾ ਦੇ ਤਹਿਤ ਮਿਲਣ ਵਾਲੇ ਦੁਪਹਿਰ ਦੇ ਖਾਣੇ ਸਮੇਤ ਸਕੂਲਾਂ ਦੀਆਂ ਕੈਂਟੀਨਾਂ ਤੇ ਹੋਸਟਲਾਂ ’ਚ ਦਿਖਾਈ ਦੇਵੇਗਾ। ਉਥੇ ਬੱਚਿਆਂ ਦੇ ਖਾਣੇ ’ਚ ਪਹਿਲਾਂ ਦੇ ਮੁਕਾਬਲੇ ਦਸ ਫ਼ੀਸਦੀ ਘੱਟ ਖਾਣਯੋਗ ਤੇਲ ਦੀ ਵਰਤੋਂ ਕੀਤੀ ਜਾਵੇਗੀ। ਮੌਜੂਦਾ ਸਮੇਂ ’ਚ ਪੀਐੱਮ ਪੋਸ਼ਣ ਯੋਜਨਾ ਦੇ ਤਹਿਤ ਸਕੂਲੀ ਬੱਚਿਆਂ ਨੂੰ ਦਿੱਤੇ ਜਾਣ ਵਾਲੇ ਖਾਣੇ ’ਚ ਪ੍ਰਤੀ ਬੱਚਾ ਪ੍ਰਾਇਮਰੀ ਪੱਧਰ ’ਤੇ ਪੰਜ ਗ੍ਰਾਮ ਤੇ ਅੱਪਰ ਪ੍ਰਾਇਮਰੀ ਪੱਧਰ ’ਤੇ ਸਾਢੇ ਸੱਤ ਗ੍ਰਾਮ ਖਾਣਯੋਗ ਤੇਲ ਦੀ ਵਰਤੋਂ ਦਾ ਤੈਅ ਮਾਪਦੰਡ ਹੈ। ਇਸ ਯੋਜਨਾ ਦੇ ਤਹਿਤ ਦੇਸ਼ ਦੇ 11.20 ਲੱਖ ਸਕੂਲਾਂ ਦੇ 11.80 ਕਰੋੜ ਬੱਚਿਆਂ ਨੂੰ ਹਰ ਦਿਨ ਦੁਪਹਿਰ ਦਾ ਤਾਜ਼ਾ ਖਾਣਾ ਮੁਹੱਈਆ ਕਰਵਾਇਆ ਜਾਂਦਾ ਹੈ।
ਪੀਐੱਮ ਮੋਦੀ ਨੇ ਹਾਲ ਹੀ ਵਿਚ ਮਨ ਕੀ ਬਾਤ ’ਚ ਵਧਦੇ ਮੋਟਾਪੇ ਨੂੰ ਲੈ ਕੇ ਡੂੰਘੀ ਚਿੰਤਾ ਦਾ ਪ੍ਰਗਟਾਵਾ ਕੀਤਾ ਸੀ। ਉਨ੍ਹਾਂ ਸੁਝਾਅ ਦਿੱਤਾ ਸੀ ਕਿ ਅਸੀਂ ਖਾਣੇ ’ਚ ਦਿਨ-ਬ-ਦਿਨ ਤੇਲ ਦੀ ਵਰਤੋਂ ’ਚ ਦਸ ਫ਼ੀਸਦੀ ਦੀ ਕਮੀ ਕਰ ਕੇ ਇਸ ਤੋਂ ਬਚ ਸਕਦੇ ਹਾਂ। ਪੀਐੱਮ ਦੇ ਇਸ ਸੁਝਾਅ ਤੋਂ ਬਾਅਦ ਸਿੱਖਿਆ ਮੰਤਰਾਲੇ ਨੇ ਸਕੂਲਾਂ ਨੂੰ ਇਸ ਨਾਲ ਨਜਿੱਠਣ ਲਈ ਇਕ ਵਿਸਥਾਰਤ ਗਾਈਡਲਾਈਨ ਜਾਰੀ ਕੀਤੀ ਹੈ, ਜਿਸ ਵਿਚ ਤੇਲ ਦੀ ਘੱਟ ਵਰਤੋਂ ਨੂੰ ਲੈ ਕੇ ਜਾਗਰੂਕਤਾ ਮੁਹਿੰਮ ਚਲਾਉਣ, ਮਾਪਿਆਂ ਦੇ ਨਾਲ ਮੀਟਿੰਗਾਂ ਕਰਨ, ਸਕੂਲਾਂ ’ਚ ਇਸ ਨੂੰ ਲੈ ਕੇ ਸਿਹਤਮੰਦ ਖਾਣੇ ਦੀ ਮੁਕਾਬਲੇਬਾਜ਼ੀ ਕਰਵਾਉਣ ਦੀਆਂ ਹਦਾਇਤਾਂ ਕੀਤੀਆਂ ਗਈਆਂ ਹਨ।
ਸਿੱਖਿਆ ਮੰਤਰਾਲੇ ਦੇ ਸਕੂਲੀ ਸਿੱਖਿਆ ਸਕੱਤਰ ਸੰਜੇ ਕੁਮਾਰ ਨੇ ਸਾਰੇ ਸੂਬਿਆਂ ਤੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਦੇ ਵਧੀਕ ਮੁੱਖ ਸਕੱਤਰ, ਮੁੱਖ ਸਕੱਤਰ ਤੇ ਸਕੱਤਰ (ਸਿੱਖਿਆ) ਨਾਲ ਕੇਂਦਰੀ ਵਿਦਿਆਲਾ ਤੇ ਨਵੋਦਿਆ ਵਿਦਿਆਲਿਆਂ ਦੇ ਕਮਿਸ਼ਨਰਾਂ ਨੂੰ ਲਿਖੇ ਪੱਤਰ ’ਚ ਸਕੂਲਾਂ ’ਚ ਤੇਲ ਦੀ ਮਾਤਰਾ ਨੂੰ ਘਟਾਉਣ ਨੂੰ ਲੈ ਕੇ ਤੁਰੰਤ ਜ਼ਰੂਰੀ ਕਦਮ ਚੁੱਕਣ ਦੇ ਹੁਕਮ ਦਿੱਤੇ ਹਨ। ਉਨ੍ਹਾਂ ਪੱਤਰ ’ਚ ਸਿਹਤ ਨੂੰ ਲੈ ਕੇ ਜਾਰੀ ਲੈਂਸੇਟ ਦੀ ਰਿਪੋਰਟ ਦਾ ਵੀ ਹਵਾਲਾ ਦਿੱਤਾ ਹੈ, ਜਿਸ ਵਿਚ 2022 ’ਚ ਦੇਸ਼ ’ਚ ਪੰਜ ਤੋਂ 19 ਸਾਲ ਦੇ ਉਮਰ ਵਰਗ ਦੇ 12.5 ਮਿਲੀਅਨ ਬੱਚੇ ਮੋਟਾਪੇ ਦੀ ਸਮੱਸਿਆ ਤੋਂ ਪੀੜਤ ਪਾਏ ਗਏ ਹਨ, ਜਦਕਿ 1990 ’ਚ ਇਨ੍ਹਾਂ ਦੀ ਗਿਣਤੀ ਸਿਰਫ 0.4 ਮਿਲੀਅਨ ਹੀ ਸੀ।
ਇਹ ਕਦਮ ਵੀ ਚੁੱਕਣ ਦੇ ਦਿੱਤੇ ਸੁਝਾਅ
-ਸਕੂਲਾਂ ’ਚ ਤਾਇਨਾਤ ਰਸੋਈਏ ਨੂੰ ਘੱਟ ਤੇਲ ਵਾਲੇ ਖਾਣੇ ਤਿਆਰ ਕਰਨ ਲਈ ਸਿਖਲਾਈ ਦਿਵਾਈ ਜਾਵੇ।
-ਸਕੂਲਾਂ ’ਚ ਬੱਚਿਆਂ ਵਿਚ ਹੀ ਸਿਹਤ ਦੂਤ ਤਾਇਨਾਤ ਕੀਤੇ ਜਾਣ।
-ਸਕੂਲਾਂ ’ਚ ਗ੍ਰਹਿ ਵਿਗਿਆਨ ਕਾਲਜਾਂ ਦੀ ਮਦਦ ਨਾਲ ਘੱਟ ਤੇਲ ਵਾਲੇ ਖਾਣੇ ਬਣਾਉਣ, ਕੁਕਿੰਗ ਕਲਾਸਾਂ ਲਗਵਾਉਣ ਵਰਗੇ ਪ੍ਰੋਗਰਾਮ ਕਰਵਾਏ ਜਾਣ।
-ਬੱਚਿਆਂ ਨੂੰ ਯੋਗਾਂ ਤੇ ਕਸਰਤ ਵਰਗੀਆਂ ਸਰਗਰਮੀਆਂ ਨਾਲ ਜੁੜਨ ਲਈ ਉਤਸ਼ਾਹਿਤ ਕੀਤਾ ਜਾਵੇ।