ਸਿਆਸਤ 'ਚ ਵੱਡਾ ਫੇਰਬਦਲ: ਅਜੀਤ ਪਵਾਰ ਦੇ ਦੇਹਾਂਤ ਮਗਰੋਂ NCP ਦੀ ਵਾਗਡੋਰ ਸੁਨੇਤਰਾ ਪਵਾਰ ਹੱਥ; ਅੱਜ ਹੋ ਸਕਦੈ ਸਹੁੰ ਚੁੱਕ ਸਮਾਗਮ
ਮਹਾਰਾਸ਼ਟਰ ਦੇ ਮਰਹੂਮ ਉਪ-ਮੁੱਖ ਮੰਤਰੀ ਅਜੀਤ ਪਵਾਰ ਦੀ ਪਤਨੀ ਅਤੇ ਰਾਜ ਸਭਾ ਮੈਂਬਰ ਸੁਨੇਤਰਾ ਪਵਾਰ ਸ਼ਨੀਵਾਰ ਨੂੰ ਮਹਾਰਾਸ਼ਟਰ ਦੀ ਨਵੀਂ ਉਪ-ਮੁੱਖ ਮੰਤਰੀ ਵਜੋਂ ਸਹੁੰ ਚੁੱਕ ਸਕਦੇ ਹਨ। ਰਾਸ਼ਟਰਵਾਦੀ ਕਾਂਗਰਸ ਪਾਰਟੀ (NCP) ਦੇ ਆਗੂ ਛਗਨ ਭੁਜਬਲ ਅਨੁਸਾਰ, ਸ਼ਨੀਵਾਰ ਨੂੰ ਵਿਧਾਇਕ ਦਲ ਦੀ ਬੈਠਕ ਵਿੱਚ ਉਨ੍ਹਾਂ ਨੂੰ ਨੇਤਾ ਚੁਣਿਆ ਜਾਵੇਗਾ, ਜਿਸ ਤੋਂ ਬਾਅਦ ਸ਼ਾਮ ਨੂੰ ਸਹੁੰ ਚੁੱਕ ਸਮਾਗਮ ਹੋ ਸਕਦਾ ਹੈ। ਉਹ ਰਾਜ ਵਿੱਚ ਇਸ ਅਹੁਦੇ ਨੂੰ ਸੰਭਾਲਣ ਵਾਲੀ ਪਹਿਲੀ ਮਹਿਲਾ ਹੋਣਗੇ।
Publish Date: Sat, 31 Jan 2026 08:02 AM (IST)
Updated Date: Sat, 31 Jan 2026 08:03 AM (IST)

ਮੁੰਬਈ: ਮਹਾਰਾਸ਼ਟਰ ਦੇ ਮਰਹੂਮ ਉਪ-ਮੁੱਖ ਮੰਤਰੀ ਅਜੀਤ ਪਵਾਰ ਦੀ ਪਤਨੀ ਅਤੇ ਰਾਜ ਸਭਾ ਮੈਂਬਰ ਸੁਨੇਤਰਾ ਪਵਾਰ ਸ਼ਨੀਵਾਰ ਨੂੰ ਮਹਾਰਾਸ਼ਟਰ ਦੀ ਨਵੀਂ ਉਪ-ਮੁੱਖ ਮੰਤਰੀ ਵਜੋਂ ਸਹੁੰ ਚੁੱਕ ਸਕਦੇ ਹਨ। ਰਾਸ਼ਟਰਵਾਦੀ ਕਾਂਗਰਸ ਪਾਰਟੀ (NCP) ਦੇ ਆਗੂ ਛਗਨ ਭੁਜਬਲ ਅਨੁਸਾਰ, ਸ਼ਨੀਵਾਰ ਨੂੰ ਵਿਧਾਇਕ ਦਲ ਦੀ ਬੈਠਕ ਵਿੱਚ ਉਨ੍ਹਾਂ ਨੂੰ ਨੇਤਾ ਚੁਣਿਆ ਜਾਵੇਗਾ, ਜਿਸ ਤੋਂ ਬਾਅਦ ਸ਼ਾਮ ਨੂੰ ਸਹੁੰ ਚੁੱਕ ਸਮਾਗਮ ਹੋ ਸਕਦਾ ਹੈ। ਉਹ ਰਾਜ ਵਿੱਚ ਇਸ ਅਹੁਦੇ ਨੂੰ ਸੰਭਾਲਣ ਵਾਲੀ ਪਹਿਲੀ ਮਹਿਲਾ ਹੋਣਗੇ।
ਮੁੱਖ ਮੰਤਰੀ ਫੜਨਵੀਸ ਨੇ ਦਿੱਤੀ ਸਹਿਮਤੀ
ਨਾਗਪੁਰ ਵਿੱਚ ਕੇਂਦਰੀ ਮੰਤਰੀ ਨਿਤਿਨ ਗਡਕਰੀ ਨਾਲ ਮੁਲਾਕਾਤ ਤੋਂ ਬਾਅਦ ਮੁੱਖ ਮੰਤਰੀ ਦੇਵੇਂਦਰ ਫੜਨਵੀਸ ਨੇ ਕਿਹਾ ਕਿ ਉਹ NCP ਦੇ ਫੈਸਲੇ ਨਾਲ ਸਹਿਮਤ ਹਨ ਅਤੇ ਭਾਜਪਾ ਤੇ ਸਰਕਾਰ ਇਸ ਦਾ ਪੂਰਾ ਸਮਰਥਨ ਕਰੇਗੀ। ਇਸ ਤੋਂ ਪਹਿਲਾਂ ਪ੍ਰਫੁੱਲ ਪਟੇਲ, ਛਗਨ ਭੁਜਬਲ ਅਤੇ ਸੁਨੀਲ ਤਟਕਰੇ ਨੇ ਫੜਨਵੀਸ ਨਾਲ ਮੁਲਾਕਾਤ ਕਰਕੇ ਕਰੀਬ ਇੱਕ ਘੰਟਾ ਚਰਚਾ ਕੀਤੀ ਸੀ।
ਅਜੀਤ ਪਵਾਰ ਦੇ ਦੇਹਾਂਤ ਤੋਂ ਬਾਅਦ ਪੈਦਾ ਹੋਇਆ ਸਿਆਸੀ ਖਲਾਅ
ਬੁੱਧਵਾਰ ਨੂੰ ਬਾਰਾਮਤੀ ਵਿੱਚ ਇੱਕ ਜਹਾਜ਼ ਹਾਦਸੇ ਵਿੱਚ ਉਪ-ਮੁੱਖ ਮੰਤਰੀ ਅਜੀਤ ਪਵਾਰ ਸਮੇਤ ਪੰਜ ਲੋਕਾਂ ਦੀ ਮੌਤ ਹੋ ਗਈ ਸੀ। ਉਨ੍ਹਾਂ ਦੇ ਦੇਹਾਂਤ ਤੋਂ ਬਾਅਦ ਪਾਰਟੀ ਨੂੰ ਇਕਜੁੱਟ ਰੱਖਣ ਲਈ ਵਰਕਰਾਂ ਅਤੇ ਸੀਨੀਅਰ ਆਗੂਆਂ ਵੱਲੋਂ ਸੁਨੇਤਰਾ ਪਵਾਰ ਨੂੰ ਇਹ ਜ਼ਿੰਮੇਵਾਰੀ ਸੌਂਪਣ ਦੀ ਮੰਗ ਉੱਠ ਰਹੀ ਸੀ। ਜੇਕਰ ਸੁਨੇਤਰਾ ਪਵਾਰ ਉਪ-ਮੁੱਖ ਮੰਤਰੀ ਬਣਦੇ ਹਨ, ਤਾਂ ਉਹ ਅਜੀਤ ਪਵਾਰ ਦੀ ਖਾਲੀ ਹੋਈ ਬਾਰਾਮਤੀ ਵਿਧਾਨ ਸਭਾ ਸੀਟ ਤੋਂ ਚੋਣ ਲੜ ਸਕਦੇ ਹਨ ਅਤੇ ਉਨ੍ਹਾਂ ਦੇ ਵੱਡੇ ਪੁੱਤਰ ਪਾਰਥ ਪਵਾਰ ਨੂੰ ਉਨ੍ਹਾਂ ਦੀ ਥਾਂ ਰਾਜ ਸਭਾ ਭੇਜਿਆ ਜਾ ਸਕਦਾ ਹੈ।
ਦੋਵਾਂ NCP ਧੜਿਆਂ ਦੇ ਰਲੇਵੇਂ ਦੀ ਚਰਚਾ ਤੇਜ਼
ਅਜੀਤ ਪਵਾਰ ਦੀ ਮੌਤ ਤੋਂ ਬਾਅਦ ਉਨ੍ਹਾਂ ਦੀ NCP ਅਤੇ ਸ਼ਰਦ ਪਵਾਰ ਦੀ ਅਗਵਾਈ ਵਾਲੀ NCP (ਸ਼ਰਦਚੰਦਰ ਪਵਾਰ) ਦੇ ਰਲੇਵੇਂ ਦੀਆਂ ਚਰਚਾਵਾਂ ਵੀ ਤੇਜ਼ ਹੋ ਗਈਆਂ ਹਨ। ਸੂਤਰਾਂ ਅਨੁਸਾਰ, ਫਰਵਰੀ ਦੇ ਦੂਜੇ ਹਫਤੇ ਇਸ ਦਾ ਐਲਾਨ ਹੋ ਸਕਦਾ ਹੈ। ਜੇਕਰ ਅਜਿਹਾ ਹੁੰਦਾ ਹੈ, ਤਾਂ ਸ਼ਰਦ ਪਵਾਰ ਪੂਰੀ ਪਾਰਟੀ ਦੀ ਅਗਵਾਈ ਸੰਭਾਲ ਸਕਦੇ ਹਨ, ਪਰ ਇਸ ਲਈ ਉਨ੍ਹਾਂ ਨੂੰ ਮਹਾਵਿਕਾਸ ਆਘਾੜੀ ਛੱਡ ਕੇ ਸੱਤਾਧਾਰੀ ਮਹਾਯੁਤੀ (NDA) ਦਾ ਹਿੱਸਾ ਬਣਨਾ ਪਵੇਗਾ।
CID ਵੱਲੋਂ ਹਾਦਸੇ ਦੀ ਜਾਂਚ ਸ਼ੁਰੂ
ਮਹਾਰਾਸ਼ਟਰ ਦੇ ਅਪਰਾਧ ਜਾਂਚ ਵਿਭਾਗ (CID) ਨੇ ਬਾਰਾਮਤੀ ਜਹਾਜ਼ ਹਾਦਸੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ। ਪੁਣੇ ਦਿਹਾਤੀ ਪੁਲਿਸ ਨੇ ਅਚਨਚੇਤ ਮੌਤ ਦਾ ਮਾਮਲਾ ਦਰਜ ਕਰਕੇ ਜਾਂਚ CID ਨੂੰ ਸੌਂਪ ਦਿੱਤੀ ਹੈ। ਇਸ ਦੇ ਨਾਲ ਹੀ ਜਹਾਜ਼ ਹਾਦਸਾ ਜਾਂਚ ਬਿਊਰੋ (AAIB) ਵੀ ਹਾਦਸੇ ਦੇ ਕਾਰਨਾਂ ਦੀ ਪੜਤਾਲ ਕਰ ਰਿਹਾ ਹੈ।