ਸਾਧਵੀ ਪ੍ਰੇਮ ਬਾਈਸਾ (23) ਜਿਨ੍ਹਾਂ ਦੀ ਭੇਤ ਭਰੇ ਹਾਲਾਤ ਦੌਰਾਨ ਮੌਤ ਹੋ ਗਈ ਸੀ, ਦੀਆਂ ਅੰਤਮ ਰਸਮਾਂ ਨਿਭਾਅ ਦਿੱਤੀਆਂ ਗਈਆਂ ਹਨ। ਸ਼ੁੱਕਰਵਾਰ ਨੂੰ ਪਰੇਉ ਪਿੰਡ, ਬਲੋਤਰਾ ਵਿਚ ਉਨ੍ਹਾਂ ਦੇ ਆਸ਼ਰਮ ਵਿਚ ਧਾਰਮਿਕ ਰਵਾਇਤਾਂ ਮੁਤਾਬਕ ਦਫਨਾਇਆ ਗਿਆ ਹੈ।
ਜੈਪੁਰ (ਆਈਏਐੱਨਐੱਸ) : ਸਾਧਵੀ ਪ੍ਰੇਮ ਬਾਈਸਾ (23) ਜਿਨ੍ਹਾਂ ਦੀ ਭੇਤ ਭਰੇ ਹਾਲਾਤ ਦੌਰਾਨ ਮੌਤ ਹੋ ਗਈ ਸੀ, ਦੀਆਂ ਅੰਤਮ ਰਸਮਾਂ ਨਿਭਾਅ ਦਿੱਤੀਆਂ ਗਈਆਂ ਹਨ। ਸ਼ੁੱਕਰਵਾਰ ਨੂੰ ਪਰੇਉ ਪਿੰਡ, ਬਲੋਤਰਾ ਵਿਚ ਉਨ੍ਹਾਂ ਦੇ ਆਸ਼ਰਮ ਵਿਚ ਧਾਰਮਿਕ ਰਵਾਇਤਾਂ ਮੁਤਾਬਕ ਦਫਨਾਇਆ ਗਿਆ ਹੈ। ਸਾਧਵੀ ਪ੍ਰੇਮ ਬਾਈਸਾ ਨੂੰ ਦਫਨਾਏ ਜਾਣ ਦੌਰਾਨ ਸਾਧੂਆਂ, ਸੇਵਕਾਂ ਅਤੇ ਭਗਤਾਂ ਦਾ ਵੱਡਾ ਇਕੱਠ ਮੌਜੂਦ ਸੀ। ਇਸ ਦੌਰਾਨ ਭਜਨ ਗਾਏ ਗਏ ਅਤੇ ਮੰਤਰਾਂ ਦਾ ਪਾਠ ਕੀਤਾ ਗਿਆ ਤੇ ਫਿਰ ਸਮਾਧੀ ਦੀ ਪੂਜਾ ਕੀਤੀ ਗਈ। ਸਾਧਵੀ ਬਾਈਸਾ ਨੂੰ ਆਸ਼ਰਮ ਵਿਚ ਦਫਨਾਏ ਜਾਣ ਦੀ ਪ੍ਰਕਿਰਿਆ ਸ਼ੁੱਕਰਵਾਰ ਨੂੰ ਦੁਪਹਿਰ 12:30 ਵਜੇ ਇਸ ਡੇਰੇ ਨੁਮਾ ਆਸ਼ਰਮ ਵਿਚ ਮੁਕੰਮਲ ਹੋਈ।
ਸਾਧਵੀ ਦੇ ਪਿਤਾ ਵੀਰਮ ਨਾਥ ਨੇ ਦਾਅਵਾ ਕੀਤਾ ਕਿ ਧੀ ਨੂੰ ਸਿਰਫ਼ ਹਲਕਾ ਜ਼ੁਕਾਮ ਸੀ ਅਤੇ ਗਲਾ ਸੁੱਜ ਗਿਆ ਸੀ। ਉਨ੍ਹਾਂ ਸਾਫ਼ ਕਿਹਾ ਕਿ ਜੋਧਪੁਰ ਦੇ ਆਸ਼ਰਮ ਵਿਚ ਉਨ੍ਹਾਂ ਦੀ ਧੀ ਨੂੰ ਇਕ ਟੀਕਾ ਲਗਾਇਆ ਗਿਆ, ਜਿਸ ਤੋਂ ਬਾਅਦ ਬੇਟੀ ਦੀ ਤਬੀਅਤ ਖਰਾਬ ਹੋ ਗਈ ਸੀ। ਉਨ੍ਹਾਂ ਦੱਸਿਆ ਕਿ ਧੀ ਨੂੰ ਹਸਪਤਾਲ ਲੈ ਕੇ ਜਾਣ ਲਈ ਕਿਹਾ ਸੀ ਪਰ ਉਸ ਨੇ ਇਨਕਾਰ ਕਰ ਦਿੱਤਾ ਸੀ। ਫਿਰ ਆਸ਼ਰਮ ਪ੍ਰਬੰਧਕਾਂ ਨੇ ਉਸ ਨੂੰ ਟੀਕਾ ਲਗਾ ਦਿੱਤਾ ਤੇ ਇਸ ਤੋਂ 30 ਸਕਿੰਟਾਂ ਬਾਅਦ ਧੀ ਦੀ ਸਥਿਤੀ ਖਰਾਬ ਹੋ ਗਈ। ਉਨ੍ਹਾਂ ਕਿਹਾ ਕਿ ਇਸ ਮਾਮਲੇ ਦੀ ਮੁਕੰਮਲ ਜਾਂਚ ਹੋਣੀ ਚਾਹੀਦੀ ਹੈ ਤੇ ਮੈਡੀਕਲ ਰਿਪੋਰਟ ਜਨਤਕ ਕੀਤੀ ਜਾਣੀ ਚਾਹੀਦੀ ਹੈ। ਉਨ੍ਹਾਂ ਦੱਸਿਆ ਕਿ ਮੇਰੀ ਧੀ ਦੇ ਆਖ਼ਰੀ ਲਫ਼ਜ਼ ਸਨ "ਮੈਨੂੰ ਆਪਣੀ ਜ਼ਿੰਦਗੀ ਵਿਚ ਇਨਸਾਫ਼ ਨਹੀਂ ਮਿਲਿਆ ਕਿਰਪਾ ਕਰ ਕੇ ਇਹ ਯਕੀਨੀ ਬਣਾਓ ਕਿ ਮੈਨੂੰ ਨਿਆਂ ਮਿਲੇ।"
ਓਧਰ, ਸੂਤਰਾਂ ਮੁਤਾਬਕ 23 ਸਾਲਾ ਸਾਧਵੀ ਪ੍ਰੇਮ ਬਾਈਸਾ ਦੀ ਭੇਤ ਭਰੀ ਮੌਤ ਮਗਰੋਂ ਇਕ ਸ਼ੱਕੀ ਖ਼ੁਦਕੁਸ਼ੀ ਨੋਟ ਸਾਹਮਣੇ ਆਇਆ ਹੈ, ਜਿਸ ਕਾਰਨ ਵਿਵਾਦ ਹੈ। ਇਸ ਦੌਰਾਨ, ਸਾਧਵੀ ਨਾਲ ਜੁੜੇ ਇਕ ਪੁਰਾਣੇ ਬਲੈਕਮੇਲਿੰਗ ਮਾਮਲੇ ਨੇ ਦੁਬਾਰਾ ਲੋਕਾਂ ਦਾ ਧਿਆਨ ਖਿੱਚਿਆ ਹੈ। ਕਈ ਸ਼ਰਧਾਲੂਆਂ ਨੇ ਉਸ ਦੇ ਪਿਤਾ ਅਤੇ ਆਸ਼ਰਮ ਪ੍ਰਬੰਧਕਾਂ ਦੀ ਭੂਮਿਕਾ ਬਾਰੇ ਵੀ ਸਵਾਲ ਕੀਤੇ ਹਨ। ਕਾਬਿਲੇ ਜ਼ਿਕਰ ਹੈ ਕਿ 13 ਜੁਲਾਈ 2025 ਨੂੰ ਸਾਧਵੀ ਬਾਈਸਾ ਦਾ ਇਕ ਵੀਡੀਓ ਵਾਇਰਲ ਹੋਇਆ, ਜਿਸ ਵਿਚ ਇਕ ਵਿਅਕਤੀ ਵੀ ਮੌਜੂਦ ਸੀ ਤੇ ਇਹ ਅਸ਼ਲੀਲ ਜਾਪਦਾ ਸੀ। ਪੀੜਤ ਸਾਧਵੀ ਨੇ 16 ਜੁਲਾਈ ਨੂੰ ਬੋਰਾਨਾਡਾ ਪੁਲਿਸ ਸਟੇਸ਼ਨ ਵਿਚ ਐੱਫਆਈਆਰ ਦਰਜ ਕਰਵਾਈ ਸੀ, ਸਾਧਵੀ ਨੇ ਕਿਹਾ ਸੀ ਕਿ ਵੀਡੀਓ ਵਿਚ ਨਜ਼ਰ ਆ ਰਿਹਾ ਸ਼ਖ਼ਸ ਉਸ ਦਾ ਪਿਤਾ ਹੈ ਅਤੇ ਇਹ ਫੁਟੇਜ 2021 ਦੀ ਹੈ, ਜਦੋਂ ਉਹ ਡਿਪ੍ਰੈਸ਼ਨ ਦਾ ਸ਼ਿਕਾਰ ਸੀ ਅਤੇ ਪਿਤਾ ਨੇ ਉਸ ਨੂੰ ਭਾਵਨਾਤਮਕ ਸਹਾਰਾ ਦਿੱਤਾ ਸੀ।
ਵੀਡੀਓ ਕੰਟੈਂਟ ਦੇ ਸ਼ਰਾਰਤ ਭਰੇ ਸੰਪਾਦਨ ਮਗਰੋਂ ਪੁਲਿਸ ਨੇ ਚਾਰ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕੀਤਾ, ਜਿਨ੍ਹਾਂ ਵਿਚ ਜੋਗਿੰਦਰ ਉਰਫ ਜੋਗਾ ਰਾਮ (29), ਇਕ ਸਾਊਂਡ ਸਿਸਟਮ ਇੰਸਟਾਲਰ ਤੇ ਡਰਾਈਵਰ ਰਮੇਸ਼, ਜੋਗਿੰਦਰ ਜੋਗੇ ਦੀ ਪਤਨੀ ਕ੍ਰਿਸ਼ਨਾ ਤੇ ਇਕ ਹੋਰ ਸ਼ਰਾਰਤੀ ਅਨਸਰ ਸਨ। ਐੱਫਆਈਆਰ ਮੁਤਾਬਕ ਜੋਗਿੰਦਰ ਜੋਗੇ ਨੇ ਸਾਧਵੀ ਦੇ ਘਰ ਵਿਚ ਲੱਗੇ ਸੀਸੀਟੀਵੀ ਕੈਮਰੇ ਤੋਂ ਉਸ ਦੀ ਵੀਡੀਓ ਪ੍ਰਾਪਤ ਕੀਤੀ ਸੀ ਤੇ ਬਲੈਕਮੇਲਿੰਗ ਦੇ ਯਤਨਾਂ ਦੌਰਾਨ ਹੋਰਨਾਂ ਮੁਲਜ਼ਮਾਂ ਨਾਲ ਮਿਲ ਕੇ 20 ਲੱਖ ਰੁਪਏ ਦੀ ਮੰਗ ਕੀਤੀ ਸੀ, ਇਹ ਗਿਰੋਹ ਧਮਕੀ ਦੇ ਰਿਹਾ ਸੀ ਕਿ ਵੀਡੀਓ ਜਨਤਕ ਕਰ ਦੇਵੇਗਾ। ਜਦੋਂ ਸਾਧਵੀ ਨੇ ਪੈਸੇ ਦੇਣ ਤੋਂ ਨਾਂਹ ਕੀਤੀ ਤਾਂ ਉਨ੍ਹਾਂ ਨੇ ਇਸ ਫੁਟੇਜ ਦਾ ਸੰਪਾਦਨ ਕੀਤਾ ਤੇ ਆਨਲਾਈਨ ਪਾ ਦਿੱਤੀ। ਉਸ ਸਮੇਂ ਪ੍ਰੇਮ ਬਾਈਸਾ ਨੇ ਕਿਹਾ ਸੀ ਕਿ ਇਨ੍ਹਾਂ ਨੇ ਲੋਕਾਂ ਨੇ ਧਾਰਮਿਕ ਲਿਬਾਸ ਨੂੰ ਬਦਨਾਮ ਕੀਤਾ ਹੈ। ਆਪਣੀ ਬੇਗੁਨਾਹੀ ਸਾਬਤ ਕਰਨ ਲਈ ਅਗਨੀ ਪ੍ਰੀਖਿਆ ਲਈ ਤਿਆਰ ਹਾਂ। ਓਧਰ, ਪੁਲਿਸ ਦਾ ਕਹਿਣਾ ਹੈ ਕਿ ਮੁਲਜ਼ਮਾਂ ਨੇ ਜਾਣਬੁੱਝ ਕੇ ਸਾਧਵੀ ਦੇ ਅਕਸ ਨੂੰ ਨੁਕਸਾਨ ਪਹੁੰਚਾਇਆ ਸੀ।