Rukhsana Sultana : ਐਮਰਜੈਂਸੀ ਵਿੱਚ ਸੰਜੇ ਗਾਂਧੀ ਦੀ ਭੂਮਿਕਾ ਨੂੰ ਬਹੁਤ ਮਹੱਤਵਪੂਰਨ ਮੰਨਿਆ ਜਾਂਦਾ ਸੀ ਤੇ ਅਜਿਹੇ ਸਮੇਂ ਸੰਜੇ ਗਾਂਧੀ ਦੀ ਬਹੁਤ ਕਰੀਬੀ ਦੋਸਤ ਰੁਖਸਾਨਾ ਸੁਲਤਾਨਾ ਸੱਤਾ ਦੇ ਗਲਿਆਰਿਆਂ 'ਚ ਕਾਫੀ ਤਾਕਤਵਰ ਹੋ ਗਈ ਸੀ। ਰੁਖਸਾਨਾ ਸੁਲਤਾਨਾ ਦੀ ਪਛਾਣ ਭਾਵੇਂ ਸਮਾਜ ਸੇਵੀ ਵਜੋਂ ਹੋਈ ਸੀ ਪਰ ਬਾਅਦ ਵਿੱਚ ਸੰਜੇ ਗਾਂਧੀ ਨਾਲ ਉਨ੍ਹਾਂ ਦੀ ਨੇੜਤਾ ਉਨ੍ਹਾਂ ਦੀ ਖਾਸ ਪਛਾਣ ਬਣ ਗਈ। ਇਹੀ ਕਾਰਨ ਸੀ ਕਿ ਇੰਦਰਾ ਗਾਂਧੀ ਦੇ ਨਾਲ-ਨਾਲ ਸੰਜੇ ਦੀ ਪਤਨੀ ਮੇਨਕਾ ਗਾਂਧੀ ਵੀ ਉਨ੍ਹਾਂ ਨੂੰ ਜ਼ਿਆਦਾ ਪਸੰਦ ਨਹੀਂ ਕਰਦੀ ਸੀ।

Rukhsana Sultana : Story of Rukhsana Sultana। ਐਮਰਜੈਂਸੀ ਨੂੰ ਦੇਸ਼ ਦੀ ਰਾਜਨੀਤੀ ਵਿਚ ਇੱਕ ਕਾਲੇ ਅਧਿਆਏ ਵਜੋਂ ਦੇਖਿਆ ਜਾਂਦਾ ਹੈ। ਐਮਰਜੈਂਸੀ ਦੌਰਾਨ ਜਿੱਥੇ ਸਮੁੱਚੀ ਵਿਰੋਧੀ ਧਿਰ ਨੂੰ ਜੇਲ੍ਹ ਦੀਆਂ ਕੋਠੜੀਆਂ 'ਚ ਡੱਕ ਦਿੱਤਾ ਗਿਆ ਅਤੇ ਇੰਦਰਾ ਗਾਂਧੀ ਦੇ ਨਾਲ-ਨਾਲ ਕਈ ਅਹਿਮ ਫੈਸਲੇ ਸੰਜੇ ਗਾਂਧੀ ਲੈਂਦੇ ਸਨ। ਉਸ ਸਮੇਂ ਸੱਤਾ ਦੇ ਗਲਿਆਰਿਆਂ 'ਚ ਇਕ ਹੋਰ ਨਾਂ ਦੀ ਚਰਚਾ ਹੁੰਦੀ ਸੀ, ਜਿਸ ਦੀ ਤੂਤੀ ਬੋਲਦੀ ਸੀ ਤੇ ਉਹ ਨਾਂ ਸੀ 'ਰੁਖਸਾਨਾ ਸੁਲਤਾਨਾ'।
ਕੌਣ ਸੀ Rukhsana Sultana
ਐਮਰਜੈਂਸੀ ਵਿੱਚ ਸੰਜੇ ਗਾਂਧੀ ਦੀ ਭੂਮਿਕਾ ਨੂੰ ਬਹੁਤ ਮਹੱਤਵਪੂਰਨ ਮੰਨਿਆ ਜਾਂਦਾ ਸੀ ਤੇ ਅਜਿਹੇ ਸਮੇਂ ਸੰਜੇ ਗਾਂਧੀ ਦੀ ਬਹੁਤ ਕਰੀਬੀ ਦੋਸਤ ਰੁਖਸਾਨਾ ਸੁਲਤਾਨਾ ਸੱਤਾ ਦੇ ਗਲਿਆਰਿਆਂ 'ਚ ਕਾਫੀ ਤਾਕਤਵਰ ਹੋ ਗਈ ਸੀ। ਰੁਖਸਾਨਾ ਸੁਲਤਾਨਾ ਦੀ ਪਛਾਣ ਭਾਵੇਂ ਸਮਾਜ ਸੇਵੀ ਵਜੋਂ ਹੋਈ ਸੀ ਪਰ ਬਾਅਦ ਵਿੱਚ ਸੰਜੇ ਗਾਂਧੀ ਨਾਲ ਉਨ੍ਹਾਂ ਦੀ ਨੇੜਤਾ ਉਨ੍ਹਾਂ ਦੀ ਖਾਸ ਪਛਾਣ ਬਣ ਗਈ। ਇਹੀ ਕਾਰਨ ਸੀ ਕਿ ਇੰਦਰਾ ਗਾਂਧੀ ਦੇ ਨਾਲ-ਨਾਲ ਸੰਜੇ ਦੀ ਪਤਨੀ ਮੇਨਕਾ ਗਾਂਧੀ ਵੀ ਉਨ੍ਹਾਂ ਨੂੰ ਜ਼ਿਆਦਾ ਪਸੰਦ ਨਹੀਂ ਕਰਦੀ ਸੀ।
ਰਸ਼ੀਦ ਕਿਦਵਈ ਨੇ ਕਿਤਾਬ ਵਿੱਚ ਕੀਤਾ ਜ਼ਿਕਰ
ਕਾਂਗਰਸ ਦੇ ਸੀਨੀਅਰ ਨੇਤਾ ਰਾਸ਼ਿਦ ਕਿਦਵਈ ਨੇ ਆਪਣੀ ਕਿਤਾਬ '24 ਅਕਬਰ ਰੋਡ' 'ਚ ਐਮਰਜੈਂਸੀ, ਸੰਜੇ ਗਾਂਧੀ ਤੇ ਰੁਖਸਾਨਾ ਸੁਲਤਾਨਾ ਨਾਲ ਜੁੜੀਆਂ ਕਹਾਣੀਆਂ ਦਾ ਵਿਸਥਾਰ ਨਾਲ ਜ਼ਿਕਰ ਕੀਤਾ ਹੈ। ਕਿਤਾਬ ਵਿੱਚ, ਕਿਦਵਈ ਨੇ ਕਈ ਕਿੱਸੇ ਸੁਣਾਏ ਹਨ ਕਿ ਕਿਵੇਂ ਰੁਖਸਾਨਾ ਸੁਲਤਾਨਾ ਸੰਜੇ ਗਾਂਧੀ ਨਾਲ ਆਪਣੀ ਨੇੜਤਾ ਕਾਰਨ ਸਿਆਸੀ ਤੌਰ 'ਤੇ ਸ਼ਕਤੀਸ਼ਾਲੀ ਬਣ ਗਈ ਸੀ।
ਐਮਰਜੈਂਸੀ 'ਚ ਚਲਾਇਆ ਗਿਆ ਨਸਬੰਦੀ ਪ੍ਰੋਗਰਾਮ
ਸੰਜੇ ਗਾਂਧੀ ਨੇ ਮਹਿਸੂਸ ਕੀਤਾ ਕਿ ਦੇਸ਼ ਦੀਆਂ ਜ਼ਿਆਦਾਤਰ ਸਮੱਸਿਆਵਾਂ ਦਾ ਮੁੱਖ ਕਾਰਨ ਵਧਦੀ ਆਬਾਦੀ ਹੈ। ਇਸੇ ਲਈ ਐਮਰਜੈਂਸੀ ਦੌਰਾਨ ਉਨ੍ਹਾਂ ਨੇ ਸਖਤ ਨਸਬੰਦੀ ਪ੍ਰੋਗਰਾਮ ਚਲਾਇਆ ਸੀ। ਮੰਨਿਆ ਜਾਂਦਾ ਹੈ ਕਿ ਨਸਬੰਦੀ ਪ੍ਰੋਗਰਾਮ 'ਚ ਸੰਜੇ ਗਾਂਧੀ ਰੁਖਸਾਨਾ ਸੁਲਤਾਨਾ ਨਾਲ ਸਲਾਹ ਕਰ ਕੇ ਹੀ ਫੈਸਲੇ ਲੈਂਦੇ ਸਨ। ਫਿਰ ਰੁਖਸਾਨਾ ਸੁਲਤਾਨਾ ਨੂੰ ਦਿੱਲੀ ਦੇ ਮੁਸਲਿਮ ਬਹੁਲ ਇਲਾਕੇ ਜਾਮਾ ਮਸਜਿਦ ਵਿਚ ਲੋਕਾਂ ਦੀ ਨਸਬੰਦੀ ਕਰਨ ਤੇ ਗੈਰ-ਕਾਨੂੰਨੀ ਉਸਾਰੀਆਂ ਨੂੰ ਹਟਾਉਣ ਦੀ ਜ਼ਿੰਮੇਵਾਰੀ ਸੌਂਪੀ ਗਈ ਸੀ, ਜਿਸ ਨੂੰ ਲੈ ਕੇ ਕਾਫੀ ਵਿਵਾਦ ਹੋਇਆ ਸੀ।
ਰੁਖਸਾਨਾ ਨੇ ਕਰਵਾਈ 13000 ਲੋਕਾਂ ਦੀ ਨਸਬੰਦੀ
ਰਸ਼ੀਦ ਕਿਦਵਈ ਨੇ ਆਪਣੀ ਕਿਤਾਬ ਵਿੱਚ ਜ਼ਿਕਰ ਕੀਤਾ ਹੈ ਕਿ ਰੁਖਸਾਨਾ ਸੁਲਤਾਨਾ ਨੇ ਜਾਮਾ ਮਸਜਿਦ ਖੇਤਰ ਵਿਚ 1 ਸਾਲ ਵਿਚ ਨਸਬੰਦੀ ਪ੍ਰੋਗਰਾਮ ਤਹਿਤ ਲਗਪਗ 8000 ਲੋਕਾਂ ਦੀ ਨਸਬੰਦੀ ਕਰਵਾਈ ਸੀ, ਜਦੋਂਕਿ ਕੁਝ ਹੋਰ ਸਰੋਤਾਂ ਨੇ ਇਹ ਅੰਕੜਾ 13000 ਤਕ ਦੱਸਿਆ ਹੈ। ਰੁਖਸਾਨਾ ਸੁਲਤਾਨਾ ਨੂੰ ਇੰਨੇ ਸਾਰੇ ਨਸਬੰਦੀ ਕਰਵਾਉਣ ਲਈ ਸਰਕਾਰ ਤੋਂ 84 ਹਜ਼ਾਰ ਰੁਪਏ ਵੀ ਮਿਲੇ ਸਨ। ਉਦੋਂ ਵਿਰੋਧੀ ਨੇਤਾ ਜਬਰੀ ਨਸਬੰਦੀ ਦੇ ਦੋਸ਼ ਲਗਾ ਰਹੇ ਸਨ।
ਦਿੱਲੀ 'ਚ ਰੁਖਸਾਨਾ ਨੇ ਢੇਰੀ ਕਰਵਾਇਆ ਤੁਰਕਮਾਨ ਗੇਟ
ਜੁਲਾਈ 1976 ਵਿਚ ਜਦੋਂ ਰੁਖਸਾਨਾ ਸੁਲਤਾਨਾ ਨੇ ਦਿੱਲੀ ਦੇ ਤੁਰਕਮਾਨ ਗੇਟ ਇਲਾਕੇ 'ਚ ਕਈ ਦੁਕਾਨਾਂ ਨੂੰ ਢਾਹ ਦਿੱਤਾ ਤਾਂ ਵੱਡੀ ਗਿਣਤੀ ਵਿੱਚ ਲੋਕਾਂ ਨੇ ਇਸ ਦਾ ਵਿਰੋਧ ਕੀਤਾ। ਜਦੋਂ ਪੁਲਿਸ ਨੇ ਵਿਦਰੋਹੀ ਭੀੜ 'ਤੇ ਲਾਠੀਚਾਰਜ ਕੀਤਾ, ਅੱਥਰੂ ਗੈਸ ਦੇ ਗੋਲੇ ਛੱਡੇ ਤੇ ਗੋਲੀਆਂ ਚਲਾਈਆਂ ਤਾਂ ਬਹੁਤ ਸਾਰੇ ਲੋਕ ਮਾਰੇ ਗਏ। ਇਸ ਘਟਨਾ ਤੋਂ ਬਾਅਦ ਕਾਂਗਰਸ 'ਚ ਹੀ ਰੁਖਸਾਨਾ ਸੁਲਤਾਨਾ ਦਾ ਵਿਰੋਧ ਹੋਇਆ ਪਰ ਸੰਜੇ ਗਾਂਧੀ ਨੇ ਸਾਰੀਆਂ ਸ਼ਿਕਾਇਤਾਂ ਨੂੰ ਨਜ਼ਰਅੰਦਾਜ਼ ਕਰ ਦਿੱਤਾ ਸੀ।
ਰੁਖਸਾਨਾ ਸੁਲਤਾਨਾ ਦੀ ਇਹ ਪਛਾਣ ਵੀ
ਸੰਜੇ ਗਾਂਧੀ ਦੇ ਕਰੀਬੀ ਹੋਣ ਦੇ ਨਾਲ-ਨਾਲ ਰੁਖਸਾਨਾ ਸੁਲਤਾਨਾ ਦੀ ਇਕ ਹੋਰ ਵੱਡੀ ਪਛਾਣ ਸੀ। ਰੁਖਸਾਨਾ ਸੁਲਤਾਨਾ ਦਾ ਬਾਲੀਵੁੱਡ ਨਾਲ ਡੂੰਘਾ ਸਬੰਧ ਸੀ। ਰੁਖਸਾਨਾ ਦੀ ਮਾਂ ਜ਼ਰੀਨਾ ਸੁਲਤਾਨਾ ਉਸ ਸਮੇਂ ਦੀ ਫਿਲਮ ਅਦਾਕਾਰਾ ਬੇਗਮ ਪਾਰਾ ਦੀ ਅਸਲੀ ਭੈਣ ਸੀ। ਇਸ ਤੋਂ ਇਲਾਵਾ ਰੁਖਸਾਨਾ ਸੁਲਤਾਨਾ ਦੀ ਬੇਟੀ ਅੰਮ੍ਰਿਤਾ ਸਿੰਘ ਵੀ ਬਾਲੀਵੁੱਡ ਦੀ ਮਸ਼ਹੂਰ ਅਭਿਨੇਤਰੀ ਰਹਿ ਚੁੱਕੀ ਹੈ, ਜਿਸ ਦਾ ਵਿਆਹ ਅਭਿਨੇਤਾ ਸੈਫ ਅਲੀ ਖਾਨ ਨਾਲ ਹੋਇਆ ਸੀ, ਹਾਲਾਂਕਿ ਬਾਅਦ 'ਚ ਦੋਹਾਂ ਦਾ ਤਲਾਕ ਹੋ ਗਿਆ ਸੀ।
ਸ਼ਿਵੇਂਦਰ ਸਿੰਘ ਨਾਲ ਹੋਇਆ ਸੀ ਰੁਖਸਾਨਾ ਦਾ ਵਿਆਹ
ਰੁਖਸਾਨਾ ਸੁਲਤਾਨਾ ਦਾ ਵਿਆਹ ਸ਼ਿਵੇਂਦਰ ਸਿੰਘ ਵਿਰਕ ਨਾਲ ਹੋਇਆ ਸੀ ਤੇ ਉਨ੍ਹਾਂ ਦੀ ਧੀ ਅੰਮ੍ਰਿਤਾ ਸਿੰਘ ਦੇ ਜਨਮ ਤੋਂ ਬਾਅਦ ਦੋਹਾਂ ਦਾ ਤਲਾਕ ਹੋ ਗਿਆ ਸੀ। ਤਲਾਕ ਤੋਂ ਬਾਅਦ ਰੁਖਸਾਨਾ ਨੇ ਦਿੱਲੀ 'ਚ ਜਿਊਲਰੀ ਬੁਟੀਕ ਖੋਲ੍ਹਿਆ ਤੇ ਇੱਥੇ ਪਹਿਲੀ ਵਾਰ ਉਨ੍ਹਾਂ ਦੀ ਮੁਲਾਕਾਤ ਸੰਜੇ ਗਾਂਧੀ ਨਾਲ ਹੋਈ ਸੀ।