Road Accident : ਟਿਹਰੀ ’ਚ ਕੁੰਜਾਪੁਰੀ ਮੰਦਰ ਤੋਂ ਪਰਤਦੇ ਸਮੇਂ ਬੱਸ ਖੱਡ ’ਚ ਡਿੱਗੀ, ਪੰਜ ਸ਼ਰਧਾਲੂ ਹਲਾਕ; 13 ਜਣੇ ਜ਼ਖ਼ਮੀ
ਪੁਲਿਸ ਅਨੁਸਾਰ, ਮੁਨੀਕੀਰੇਤੀ ਖੇਤਰ ਦੇ ਦਯਾਨੰਦ ਆਸ਼ਰਮ ’ਚ ਪਿਛਲੇ ਕੁਝ ਦਿਨਾਂ ਤੋਂ ਵੇਦਾਂਤ ’ਤੇ ਕਾਰਜਸ਼ਾਲਾ ਚੱਲ ਰਹੀ ਹੈ, ਜਿਸ ਵਿਚ ਵੱਖ ਵੱਖ ਸੂਬਿਆਂ ਦੇ ਸ਼ਰਧਾਲੂ ਹਿੱਸਾ ਲੈ ਰਹੇ ਹਨ। ਆਸ਼ਰਮ ’ਚ ਰੁਕੇ 40 ਸ਼ਰਧਾਲੂਆਂ ਦਾ ਇਕ ਹੋਰ ਜੱਥਾ ਸੋਮਵਾਰ ਨੂੰ ਸਥਾਨਕ ਟ੍ਰੈਵਲ ਏਜੰਸੀ ਤੋਂ ਦੋ ਬੱਸਾਂ ਬੁੱਕ ਕਰਵਾ ਕੇ ਕੁੰਜਾਪੁਰੀ ਮੰਦਰ ਦਰਸ਼ਨ ਲਈ ਰਵਾਨਾ ਹੋਇਆ।
Publish Date: Mon, 24 Nov 2025 09:20 PM (IST)
Updated Date: Mon, 24 Nov 2025 09:24 PM (IST)
ਜਾਸ, ਟਿਹਰੀ : ਉੱਤਰਾਖੰਡ ਦੇ ਟਿਹਰੀ ਜ਼ਿਲ੍ਹੇ ਦੇ ਨਰਿੰਦਰਨਗਰ ’ਚ ਸਿੱਧਪੀਠ ਕੁੰਜਾਪੁਰੀ ਮੰਦਰ ਤੇ ਹਿੰਡੋਲਾਖਾਲ ਵਿਚਾਲੇ ਸ਼ਰਧਾਲੂਆਂ ਦੀ ਇਕ ਬੱਸ ਦੇ ਖੱਡ ’ਚ ਡਿੱਗਣ ਕਾਰ ਚਾਰ ਔਰਤਾਂ ਸਮੇਤ ਪੰਜ ਲੋਕਾਂ ਦੀ ਮੌਤ ਹੋ ਗਈ, ਜਦਕਿ 13 ਯਾਤਰੀ ਜ਼ਖ਼ਮੀ ਹੋ ਗਏ।
ਅੰਦਾਜ਼ਾ ਲਗਾਇਆ ਜਾ ਰਿਹਾ ਹੈ ਕਿ ਹਾਦਸਾ ਬੱਸ ਦੀ ਬ੍ਰੇਕ ਫੇਲ੍ਹ ਹੋਣ ਕਾਰਨ ਹੋਇਆ। ਬੱਸ ਦੇ ਸਾਰੇ ਦਸਤਾਵੇਜ਼ ਸਹੀ ਪਾਏ ਗਏ। ਮ੍ਰਿਤਕਾਂ ’ਚ ਦਿੱਲੀ, ਗੁਜਰਾਤ, ਮਹਾਰਾਸ਼ਟਰ, ਕਰਨਾਟਕ ਤੇ ਉੱਤਰ ਪ੍ਰਦੇਸ਼ ਦੇ ਸ਼ਰਧਾਲੂ ਸ਼ਾਮਲ ਹਨ। ਜ਼ਖ਼ਮੀਆਂ ਨੂੰ ਰੈਸਕਿਊ ਕਰ ਕੇ ਨਰਿੰਦਰਨਗਰ ਉਪ ਜ਼ਿਲ੍ਹਾ ਹਸਪਤਾਲ ਲਿਜਾਇਆ ਗਿਆ। ਛੇ ਦੀ ਹਾਲਤ ਗੰਭੀਰ ਦੇਖਦੇ ਹੋਏ ਏਮਜ਼ ਰਿਸ਼ੀਕੇਸ਼ ਰੈਫਰ ਕਰ ਦਿੱਤਾ ਗਿਆ ਹੈ।
ਪੁਲਿਸ ਅਨੁਸਾਰ, ਮੁਨੀਕੀਰੇਤੀ ਖੇਤਰ ਦੇ ਦਯਾਨੰਦ ਆਸ਼ਰਮ ’ਚ ਪਿਛਲੇ ਕੁਝ ਦਿਨਾਂ ਤੋਂ ਵੇਦਾਂਤ ’ਤੇ ਕਾਰਜਸ਼ਾਲਾ ਚੱਲ ਰਹੀ ਹੈ, ਜਿਸ ਵਿਚ ਵੱਖ ਵੱਖ ਸੂਬਿਆਂ ਦੇ ਸ਼ਰਧਾਲੂ ਹਿੱਸਾ ਲੈ ਰਹੇ ਹਨ। ਆਸ਼ਰਮ ’ਚ ਰੁਕੇ 40 ਸ਼ਰਧਾਲੂਆਂ ਦਾ ਇਕ ਹੋਰ ਜੱਥਾ ਸੋਮਵਾਰ ਨੂੰ ਸਥਾਨਕ ਟ੍ਰੈਵਲ ਏਜੰਸੀ ਤੋਂ ਦੋ ਬੱਸਾਂ ਬੁੱਕ ਕਰਵਾ ਕੇ ਕੁੰਜਾਪੁਰੀ ਮੰਦਰ ਦਰਸ਼ਨ ਲਈ ਰਵਾਨਾ ਹੋਇਆ।
ਬੱਸਾਂ ਨੂੰ ਮੰਦਰ ਦੀ ਪਾਰਕਿੰਗ ਤੋਂ ਕਰੀਬ ਸੌ ਮੀਟਰ ਪਹਿਲਾਂ ਹੀ ਸੜਕ ਕੰਢੇ ਖੜ੍ਹਾ ਕਰ ਕੇ ਉਹ ਮੰਦਰ ਪੁੱਜੇ। ਪਰਤਦੇ ਸਮੇਂ ਜਿਵੇਂ ਹੀ ਚਾਲਕ ਨੇ ਬੱਸ ਸਟਾਰਟ ਕੀਤੀ, ਉਹ ਬੇਕਾਬੂ ਹੋ ਕੇ ਲਹਿਰਾਉਣ ਲੱਗੀ ਤੇ ਸਿੱਧੀ ਸੜਕ ਤੋਂ ਹੇਠਾਂ ਕਰੀਬ ਸੌ ਮੀਟਰ ਡੂੰਘੀ ਖੱਡ ’ਚ ਜਾ ਡਿੱਗੀ। ਇਸ ਬੱਸ ’ਚ ਉਸ ਸਮੇਂ ਚਾਲਕ ਸਮੇਤ 18 ਲੋਕ ਸਵਾਰ ਸਨ, ਜਦਕਿ ਕੁਝ ਸੜਕ ’ਤੇ ਖੜ੍ਹੇ ਸਨ।
ਘਟਨਾ ਦੀ ਸੂਚਨਾ ਮਿਲਦਿਆਂ ਹੀ ਢਾਲਵਾਲਾ ਤੋਂ ਐੱਸਡੀਆਰਐੱਫ ਦੀਆਂ ਪੰਜ ਟੀਮਾਂ, ਨਰਿੰਦਰਨਗਰ ਤੋਂ ਫਾਇਰ ਸਰਵਿਸ ਤੇ ਉਪ ਜ਼ਿਲ੍ਹਾ ਹਸਪਤਾਲ ਨਰਿੰਦਰਨਗਰ ਤੋਂ ਡਾਕਟਰਾਂ ਦੀਆਂ ਟੀਮਾਂ ਮੌਕੇ ’ਤੇ ਪਹੁੰਚੀਆਂ ਤੇ ਮ੍ਰਿਤਕਾਂ ਦੀਆਂ ਲਾਸ਼ਾਂ ਤੇ ਜ਼ਖ਼ਮੀਆਂ ਨੂੰ ਕੱਢਣ ’ਚ ਲੱਗ ਗਈਆਂ। 13 ਜ਼ਖ਼ਮੀਆਂ ਨੂੰ 108 ਦੀ ਮਦਦ ਨਾਲ ਨਰਿੰਦਰਨਗਰ ਉਪਜ਼ਿਲ੍ਹਾ ਹਸਪਤਾਲ ਲਿਆਂਦਾ ਗਿਆ। ਡਾਕਟਰਾਂ ਨੇ ਮੁੱਢਲੇ ਇਲਾਜ ਤੋਂ ਬਾਅਦ ਛੇ ਗੰਭੀਰ ਜ਼ਖ਼ਮੀਆਂ ਨੂੰ ਏਮਜ਼ ਰਿਸ਼ੀਕੇਸ਼ ਭੇਜ ਦਿੱਤਾ।