ਰੇਲਵੇ ਮੁਲਾਜ਼ਮ ਨੇ AI ਨਾਲ ਬਣਾਈ ਸ਼ੇਰ ਦੀ ਫ਼ਰਜ਼ੀ ਤਸਵੀਰ, 3 ਦਿਨ ਜੰਗਲ ਦੀ ਧੂੜ ਫੱਕਦਾ ਰਿਹਾ ਜੰਗਲਾਤ ਵਿਭਾਗ; ਮੁਲਾਜ਼ਮ ਖ਼ਿਲਾਫ਼ ਦਰਜ ਹੋਵੇਗਾ ਮੁਕੱਦਮਾ
ਮੁੱਢਲੇ ਤੌਰ ’ਤੇ ਉੱਤਰ ਪ੍ਰਦੇਸ਼ ਦੇ ਕੁਸ਼ੀਨਗਰ ਨਿਵਾਸੀ ਤੇ ਮੌਜੂਦਾ ਸਮੇਂ ’ਚ ਗਵਾਲੀਅਰ ਦੇ ਡਬਰਾ ’ਚ ਕੰਮ ਕਰ ਰਹੇ ਰੇਲਵੇ ਮੁਲਾਜ਼ਮ ਵਿਸ਼ਾਲ ਆਪਣੇ ਦੋ ਸਾਥੀਆਂ ਨਾਲ 21 ਮਈ ਨੂੰ ਸਵੇਰੇ ਨੌਂ ਵਜੇ ਜੰਗਲੀ ਇਲਾਕੇ ’ਚ ਰੇਲਵੇ ਪਟੜੀ ’ਤੇ ਲੁਬਰੀਕੇਸ਼ਨ ਦਾ ਕੰਮ ਕਰ ਰਿਹਾ ਸੀ।
Publish Date: Mon, 25 May 2026 08:45 AM (IST)
Updated Date: Mon, 25 May 2026 08:46 AM (IST)
ਨਈਦੁਨੀਆ ਪ੍ਰਤੀਨਿਧੀ, ਗਵਾਲੀਅਰ : ਸ਼ਹਿਰ ਦੀ ਹੱਦ ਨਾਲ ਲੱਗਦੇ ਜੰਗਲ ਦੇ ਇਲਾਕੇ ’ਚ ਟਰੈਕ ’ਤੇ ਕੰਮ ਕਰ ਰਹੇ ਇਕ ਰੇਲਵੇ ਮੁਲਾਜ਼ਮ ਨੂੰ ਅਜਿਹੀ ਖੁਰਾਫਾਤ ਸੁੱਝੀ ਕਿ ਉਸਨੇ ਏਆਈ ਨਾਲ ਸ਼ੇਰ ਦੀ ਤਸਵੀਰ ਬਣਾ ਕੇ ਬਹੁਪ੍ਰਸਾਰਿਤ ਕਰ ਦਿੱਤੀ। ਬਹੁਪ੍ਰਸ਼ਾਰਿਤ ਤਸਵੀਰ ’ਚ ਸ਼ੇਰ ਗਵਾਲੀਅਰ ਜ਼ਿਲ੍ਹੇ ਦੇ ਸੰਦਲਪੁਰ ਸਥਿਤ ਇਕ ਰੇਲਵੇ ਪੁਲ਼ ਕੋਲੋਂ ਲੰਘਦਾ ਦਿਖਾਈ ਦੇ ਰਿਹਾ ਹੈ। ਰੇਲਵੇ ਵਿਭਾਗ ਦੀ ਸੂਚਨਾ ਤੋਂ ਬਾਅਦ ਜੰਗਲਾਤ ਵਿਭਾਗ ਦਾ ਅਮਲਾ ਤਿੰਨ ਦਿਨਾਂ ਤੱਕ ਸ਼ੇਰ ਦੀ ਭਾਲ ’ਚ ਜੰਗਲ ਦੀ ਧੂੜ ਫੱਕਦਾ ਰਿਹਾ। ਪੜਤਾਲ ’ਚ ਸੱਚ ਸਾਹਮਣੇ ਆਉਣ ’ਤੇ ਜੰਗਲਾਤ ਵਿਭਾਗ ਨੇ ਰੇਲਵੇ ਮੁਲਾਜ਼ਮ ’ਤੇ ਕਾਨੂੰਨੀ ਕਾਰਵਾਈ ਦੀ ਤਿਆਰੀ ਕਰ ਲਈ ਹੈ।
ਮੁੱਢਲੇ ਤੌਰ ’ਤੇ ਉੱਤਰ ਪ੍ਰਦੇਸ਼ ਦੇ ਕੁਸ਼ੀਨਗਰ ਨਿਵਾਸੀ ਤੇ ਮੌਜੂਦਾ ਸਮੇਂ ’ਚ ਗਵਾਲੀਅਰ ਦੇ ਡਬਰਾ ’ਚ ਕੰਮ ਕਰ ਰਹੇ ਰੇਲਵੇ ਮੁਲਾਜ਼ਮ ਵਿਸ਼ਾਲ ਆਪਣੇ ਦੋ ਸਾਥੀਆਂ ਨਾਲ 21 ਮਈ ਨੂੰ ਸਵੇਰੇ ਨੌਂ ਵਜੇ ਜੰਗਲੀ ਇਲਾਕੇ ’ਚ ਰੇਲਵੇ ਪਟੜੀ ’ਤੇ ਲੁਬਰੀਕੇਸ਼ਨ ਦਾ ਕੰਮ ਕਰ ਰਿਹਾ ਸੀ। ਇਸ ਦੌਰਾਨ ਉਸਦੇ ਸਾਥੀ ਅਗਲੇ ਪਾਸੇ ਕੰਮ ਕਰਨ ਚਲੇ ਗਏ ਤਾਂ ਉਨ੍ਹਾਂ ਨੂੰ ਕੋਲ ਬੁਲਾਉਣ ਲਈ ਉਸਨੇ ਮੋਬਾਈਲ ਨਾਲ ਸੰਦਲਪੁਰ ਰੇਲਵੇ ਪੁਲ਼ ਦੀ ਤਸਵੀਰ ਲਈ ਤੇ ਉਸ ਵਿਚ ਏਆਈ ਨਾਲ ਸ਼ੇਰ ਦੀ ਤਸਵੀਰ ਲਗਾ ਕੇ ਸਾਥੀਆਂ ਨੂੰ ਵ੍ਹਟਸਐਪ ਕਰ ਦਿੱਤੀ। ਇਕ ਸਾਥੀ ਨੇ ਇਸ ਤਸਵੀਰ ਨੂੰ ਰੇਲਵੇ ਦੇ ਗਰੁੱਪ ’ਚ ਪਾ ਦਿੱਤਾ।
ਕਿਉਂਕਿ ਇਨ੍ਹੀਂ ਦਿਨੀਂ ਅੰਚਲ ’ਚ ਚੀਤਾ, ਤੇਂਦੂਆ, ਸ਼ੇਰ ਅਕਸਰ ਜੰਗਲ ਨਾਲ ਲੱਗਦੇ ਇਲਾਕਿਆਂ ’ਚ ਦੇਖੇ ਜਾਂਦੇ ਹਨ ਤਾਂ ਤਸਵੀਰ ਨੂੰ ਸਹੀ ਮੰਨਦੇ ਹੋਏ ਰੇਲਵੇ ਦੇ ਸੈਕਸ਼ਨ ਇੰਜੀਨੀਅਰ ਸੁਰੇਸ਼ ਕੁਮਾਰ ਨੇ ਜੰਗਲਾਤ ਵਿਭਾਗ ਨੂੰ ਸੂਚਨਾ ਦੇ ਦਿੱਤੀ। ਇਸ ਤੋਂ ਬਾਅਦ ਜੰਗਲਾਤ ਦੇ ਅਮਲੇ ਨੇ ਤਿੰਨ ਦਿਨਾਂ ਤੱਕ ਲਗਾਤਾਰ ਸ਼ੇਰ ਦੀ ਭਾਲ ਕੀਤੀ ਪਰ ਕੁਝ ਨਾ ਮਿਲਿਆ ਤਾਂ ਰੇਲਵੇ ਦੇ ਅਧਿਕਾਰੀਆਂ ਨੂੰ ਪੁੱਛਿਆ ਕਿ ਸਭ ਤੋਂ ਪਹਿਲਾਂ ਤਸਵੀਰ ਕਿਸਨੇ ਗਰੁੱਪ ’ਚ ਪਾਈ। ਇਥੋਂ ਹੀ ਕੜੀ ਨਾਲ ਕੜੀ ਜੁੜੀ ਤੇ ਵਿਸ਼ਾਲ ਦਾ ਨੰਬਰ ਨਿਕਲਿਆ, ਜਿਸਨੇ ਦੋ ਦਿਨਾਂ ਤੋਂ ਮੋਬਾਈਲ ਬੰਦ ਕੀਤਾ ਹੋਇਆ ਸੀ। ਪੁੱਛਗਿੱਛ ’ਚ ਉਸਨੇ ਸਵੀਕਾਰ ਕੀਤਾ ਕਿ ਡਰ ਕਾਰਨ ਉਸਨੇ ਮੋਬਾਈਲ ਬੰਦ ਕਰ ਲਿਆ ਸੀ। ਡੀਐੱਫਓ ਮੁਕੇਸ਼ ਪਟੇਲ ਨੇ ਦੱਸਿਆ ਕਿ ਮੁਲਜ਼ਮ ਦੇ ਖ਼ਿਲਾਫ਼ ਅਫ਼ਵਾਹ ਫੈਲਾਉਣ ਦਾ ਕੇਸ ਦਰਜ ਕਰਵਾਇਆ ਜਾ ਰਿਹਾ ਹੈ।