5 ਮਈ ਨੂੰ ਰਾਸ਼ਟਰਪਤੀ ਨੂੰ ਮਿਲਣਗੇ ਰਾਘਵ ਚੱਢਾ, ਪੰਜਾਬ 'ਚ ਰਾਜ ਮਸ਼ੀਨਰੀ ਦੀ ਦੁਰਵਰਤੋਂ ਦੇ ਲਗਾਉਣਗੇ ਇਲਜ਼ਾਮ
Raghav Chadha ਨੇ ਕਿਹਾ ਕਿ ਉਨ੍ਹਾਂ ਨੇ 'ਆਪ' ਨੂੰ ਆਪਣਾ ਖੂਨ-ਪਸੀਨਾ ਦੇ ਕੇ ਬਣਾਇਆ ਅਤੇ 15 ਸਾਲ ਦੀ ਜਵਾਨੀ ਪਾਰਟੀ ਨੂੰ ਸਮਰਪਿਤ ਕੀਤੀ, ਪਰ ਹੁਣ ਪਾਰਟੀ ਆਪਣੇ ਮੂਲ ਸਿਧਾਂਤਾਂ, ਕਦਰਾਂ-ਕੀਮਤਾਂ ਅਤੇ ਨੈਤਿਕਤਾ ਤੋਂ ਪੂਰੀ ਤਰ੍ਹਾਂ ਭਟਕ ਚੁੱਕੀ ਹੈ। ਉਨ੍ਹਾਂ ਇਲਜ਼ਾਮ ਲਗਾਇਆ ਕਿ 'ਆਪ' ਹੁਣ ਦੇਸ਼ ਜਾਂ ਰਾਸ਼ਟਰ ਹਿੱਤ ਵਿੱਚ ਨਹੀਂ, ਸਗੋਂ ਨਿੱਜੀ ਲਾਭ ਲਈ ਕੰਮ ਕਰ ਰਹੀ ਹੈ।
Publish Date: Sun, 03 May 2026 04:34 PM (IST)
Updated Date: Sun, 03 May 2026 04:36 PM (IST)
ਏਐਨਆਈ, ਨਵੀਂ ਦਿੱਲੀ : ਆਮ ਆਦਮੀ ਪਾਰਟੀ (AAP) ਛੱਡ ਕੇ ਭਾਜਪਾ ਵਿੱਚ ਸ਼ਾਮਲ ਹੋਏ ਰਾਜ ਸਭਾ ਮੈਂਬਰ ਰਾਘਵ ਚੱਢਾ 5 ਮਈ ਨੂੰ ਰਾਸ਼ਟਰਪਤੀ ਦ੍ਰੌਪਦੀ ਮੁਰਮੂ ਨਾਲ ਮੁਲਾਕਾਤ ਕਰਨਗੇ। ਇਸ ਦੌਰਾਨ ਉਹ ਪੰਜਾਬ 'ਚ ਰਾਜ ਮਸ਼ੀਨਰੀ ਦੀ ਕਥਿਤ ਦੁਰਵਰਤੋਂ ਅਤੇ ਭਾਜਪਾ ਵਿੱਚ ਆਏ 'ਆਪ' ਸੰਸਦ ਮੈਂਬਰਾਂ ਵਿਰੁੱਧ ਸਿਆਸੀ ਬਦਲਾਖੋਰੀ ਦਾ ਮੁੱਦਾ ਉਠਾਉਣਗੇ।
ਰਾਸ਼ਟਰਪਤੀ ਨਾਲ ਮੁਲਾਕਾਤ ਸਵੇਰੇ 10:40 ਵਜੇ ਤੈਅ ਕੀਤੀ ਗਈ ਹੈ। ਰਾਘਵ ਚੱਢਾ ਤਿੰਨ ਹੋਰ ਸੰਸਦ ਮੈਂਬਰਾਂ ਦੇ ਨਾਲ ਇਸ ਬੈਠਕ ਵਿੱਚ ਸ਼ਾਮਲ ਹੋਣਗੇ।
'ਆਪ' ਛੱਡਣ ਤੋਂ ਬਾਅਦ ਪਹਿਲੀ ਵੱਡੀ ਪਹਿਲ
ਇਹ ਮੁਲਾਕਾਤ ਰਾਘਵ ਚੱਢਾ ਦੇ 'ਆਪ' ਤੋਂ ਅਸਤੀਫ਼ਾ ਦੇ ਕੇ ਭਾਜਪਾ ਜੁਆਇਨ ਕਰਨ ਦੇ ਲਗਪਗ 10 ਦਿਨਾਂ ਬਾਅਦ ਹੋ ਰਹੀ ਹੈ। 24 ਅਪ੍ਰੈਲ ਨੂੰ ਚੱਢਾ ਨੇ ਪ੍ਰੈੱਸ ਕਾਨਫਰੰਸ ਕਰ ਕੇ 'ਆਪ' ਤੋਂ ਵੱਖ ਹੋਣ ਦਾ ਐਲਾਨ ਕੀਤਾ ਸੀ।
ਚੱਢਾ ਦਾ 'ਆਪ' 'ਤੇ ਵੱਡਾ ਹਮਲਾ
ਚੱਢਾ ਨੇ ਕਿਹਾ ਕਿ ਉਨ੍ਹਾਂ ਨੇ 'ਆਪ' ਨੂੰ ਆਪਣਾ ਖੂਨ-ਪਸੀਨਾ ਦੇ ਕੇ ਬਣਾਇਆ ਅਤੇ 15 ਸਾਲ ਦੀ ਜਵਾਨੀ ਪਾਰਟੀ ਨੂੰ ਸਮਰਪਿਤ ਕੀਤੀ, ਪਰ ਹੁਣ ਪਾਰਟੀ ਆਪਣੇ ਮੂਲ ਸਿਧਾਂਤਾਂ, ਕਦਰਾਂ-ਕੀਮਤਾਂ ਅਤੇ ਨੈਤਿਕਤਾ ਤੋਂ ਪੂਰੀ ਤਰ੍ਹਾਂ ਭਟਕ ਚੁੱਕੀ ਹੈ। ਉਨ੍ਹਾਂ ਇਲਜ਼ਾਮ ਲਗਾਇਆ ਕਿ 'ਆਪ' ਹੁਣ ਦੇਸ਼ ਜਾਂ ਰਾਸ਼ਟਰ ਹਿੱਤ ਵਿਚ ਨਹੀਂ, ਸਗੋਂ ਨਿੱਜੀ ਲਾਭ ਲਈ ਕੰਮ ਕਰ ਰਹੀ ਹੈ।
ਦੋ-ਤਿਹਾਈ ਸੰਸਦ ਮੈਂਬਰਾਂ ਦਾ ਭਾਜਪਾ 'ਚ ਰਲੇਵਾਂ
ਰਾਘਵ ਚੱਢਾ ਨੇ ਦਾਅਵਾ ਕੀਤਾ ਕਿ ਸਵਾਤੀ ਮਾਲੀਵਾਲ, ਹਰਭਜਨ ਸਿੰਘ, ਰਾਜਿੰਦਰ ਗੁਪਤਾ, ਵਿਕਰਮ ਸਾਹਨੀ, ਸੰਦੀਪ ਪਾਠਕ ਅਤੇ ਅਸ਼ੋਕ ਮਿੱਤਲ ਸਮੇਤ ਕੁੱਲ 6 ਹੋਰ ਰਾਜ ਸਭਾ ਸੰਸਦ ਮੈਂਬਰ ਵੀ 'ਆਪ' ਛੱਡ ਕੇ ਭਾਜਪਾ ਵਿੱਚ ਸ਼ਾਮਲ ਹੋ ਗਏ ਹਨ। ਉਨ੍ਹਾਂ ਕਿਹਾ ਕਿ ਸੰਵਿਧਾਨਕ ਵਿਵਸਥਾਵਾਂ ਦੇ ਤਹਿਤ 'ਆਪ' ਦੇ ਦੋ-ਤਿਹਾਈ ਤੋਂ ਵੱਧ ਰਾਜ ਸਭਾ ਸੰਸਦ ਮੈਂਬਰ ਹੁਣ ਭਾਜਪਾ ਵਿੱਚ ਵਿਲੀਨ ਹੋ ਚੁੱਕੇ ਹਨ।