ਰੂਸ ਦੇ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਆਪਣੇ ਭਾਰਤ ਦੌਰੇ ’ਤੇ ਪੁੱਜ ਚੁੱਕੇ ਹਨ। ਯੂਕਰੇਨ ਜੰਗ ਸ਼ੁਰੂ ਹੋਣ ਅਤੇ ਦੁਨੀਆ ਦੇ ਭੂ-ਸਿਆਸੀ ਸਮੀਕਰਨ ’ਚ 360 ਡਿਗਰੀ ਬਦਲਾਅ ਦੇ ਨਾਲ ਭਾਰਤ ਦੇ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨਾਲ ਤਲਖ਼ੀ ਭਰੇ ਰਿਸ਼ਤਿਆਂ ਦਰਮਿਆਨ ਉਨ੍ਹਾਂ ਦੇ ਇਸ ਦੌਰੇ ’ਤੇ ਪੂਰੀ ਦੁਨੀਆ ਦੀਆਂ ਨਜ਼ਰਾਂ ਟਿਕੀਆਂ ਹਨ। ਆਪਣੇ ਸਦਾਬਹਾਰ ਦੋਸਤ ਨੂੰ ਇੱਥੇ ਦੇਖ ਕੇ ਭਾਰਤ ਦੀ ਜਨਤਾ ਖੁਸ਼ ਹੈ।

ਜੈਪ੍ਰਕਾਸ਼ ਰੰਜਨ, ਜਾਗਰਣ, ਨਵੀਂ ਦਿੱਲੀ : ਰੂਸ ਦੇ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਆਪਣੇ ਭਾਰਤ ਦੌਰੇ ’ਤੇ ਪੁੱਜ ਚੁੱਕੇ ਹਨ। ਯੂਕਰੇਨ ਜੰਗ ਸ਼ੁਰੂ ਹੋਣ ਅਤੇ ਦੁਨੀਆ ਦੇ ਭੂ-ਸਿਆਸੀ ਸਮੀਕਰਨ ’ਚ 360 ਡਿਗਰੀ ਬਦਲਾਅ ਦੇ ਨਾਲ ਭਾਰਤ ਦੇ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨਾਲ ਤਲਖ਼ੀ ਭਰੇ ਰਿਸ਼ਤਿਆਂ ਦਰਮਿਆਨ ਉਨ੍ਹਾਂ ਦੇ ਇਸ ਦੌਰੇ ’ਤੇ ਪੂਰੀ ਦੁਨੀਆ ਦੀਆਂ ਨਜ਼ਰਾਂ ਟਿਕੀਆਂ ਹਨ। ਆਪਣੇ ਸਦਾਬਹਾਰ ਦੋਸਤ ਨੂੰ ਇੱਥੇ ਦੇਖ ਕੇ ਭਾਰਤ ਦੀ ਜਨਤਾ ਖੁਸ਼ ਹੈ। 27 ਘੰਟਿਆਂ ਦੇ ਪੁਤਿਨ ਦੇ ਇਸ ਦੌਰੇ ’ਤੇ ਪੁੱਜਣ ਤੋਂ ਬਾਅਦ ਸਾਧਾਰਨ ਪ੍ਰੋਟੋਕਾਲ ਤੋੜ ਕੇ ਭਾਰਤੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਪਾਲਮ ਏਅਰਪੋਰਟ ’ਤੇ ਪੁੱਜ ਕੇ ਉਨ੍ਹਾਂ ਦਾ ਸਵਾਗਤ ਕਰਨਾ ਅਤੇ ਉਨ੍ਹਾਂ ਨੂੰ ਗਲ਼ੇ ਮਿਲਣਾ ਦੇਸ਼ਵਾਸੀਆਂ ਦੇ ਉਨ੍ਹਾਂ ਭਾਵਾਂ ਨੂੰ ਹੀ ਪ੍ਰਗਟ ਕਰਦਾ ਹੈ। ਰਾਸ਼ਟਰਪਤੀ ਪੁਤਿਨ ਦੇ ਸਵਾਗਤ ’ਚ ਪੂਰਾ ਦੇਸ਼ ਉਤਸ਼ਾਹਤ ਹੈ। ਕਿਤੇ ਯੱਗ, ਕਿਤੇ ਹਵਨ ਤੇ ਕਿਤੇ ਭਾਰਤ-ਰੂਸ ਦੋਸਤੀ ਦੀਆਂ ਕਹਾਣੀਆਂ ਕਹੀਆਂ-ਸੁਣੀਆਂ ਜਾ ਰਹੀਆਂ ਹਨ। ਸੱਚਮੁੱਚ ਪੂਰਾ ਦੇਸ਼ ਕਹਿ ਰਿਹਾ ਹੈ ਕਿ ‘ਪਾਜਲੁਸਤਾ’ ਰਾਸ਼ਟਰਪਤੀ ਪੁਤਿਨ ਯਾਨੀ ਰਾਸ਼ਟਰਪਤੀ ਪੁਤਿਨ ਤੁਹਾਡਾ ਸਾਡੇ ਦੇਸ਼ ’ਚ ਸਵਾਗਤ ਹੈ।
ਚਾਰ ਸਾਲਾਂ ਬਾਅਦ ਭਾਰਤ ਦੇ ਇਤਿਹਾਸਕ ਦੌਰੇ ’ਤੇ ਪੁੱਜੇ ਪੁਤਿਨ ਦਾ ਸ਼ਾਨਦਾਰ ਸਵਾਗਤ ਕੀਤਾ ਗਿਆ। ਸ਼ਾਮ 6.45 ਵਜੇ ਉਨ੍ਹਾਂ ਦਾ ਜਹਾਜ਼ ਦਿੱਲੀ ਸਥਿਤ ਪਾਲਮ ਏਅਰਪੋਰਟ ’ਤੇ ਉਤਰਿਆ। ਇਸ ਤੋਂ ਬਾਅਦ ਦੋਵੇਂ ਆਗੂ ਜਾਪਾਨੀ ਕਾਰ ਕੰਪਨੀ ਟੋਯੋਟਾ ਦੀ ਐੱਸਯੂਵੀ ’ਚ ਇਕੱਠੇ ਹਵਾਈ ਅੱਡੇ ਤੋਂ ਨਿਕਲੇ। ਕੁਝ ਹੀ ਦੇਰ ਬਾਅਦ ਰਾਸ਼ਟਰਪਤੀ ਪੁਤਿਨ ਨੂੰ ਲੈ ਕੇ ਪ੍ਰਧਾਨ ਮੰਤਰੀ ਮੋਦੀ ਸੱਤ, ਲੋਕ ਕਲਿਆਣ ਮਾਰਗ ਸਥਿਤ ਆਪਣੀ ਸਰਕਾਰੀ ਰਿਹਾਇਸ਼ ’ਤੇ ਪੁੱਜੇ। ਇੱਥੇ ਦੋਵਾਂ ਆਗੂਆਂ ਨੇ ਕੁਝ ਗਿਣੇ-ਚੁਣੇ ਅਧਿਕਾਰੀਆਂ ਨਾਲ ਰਾਤ ਦਾ ਖਾਣਾ ਖਾਧਾ।
ਪੁਤਿਨ ਦਾ ਸਵਾਗਤ ਕਰਨ ਤੋਂ ਬਾਅਦ ਮੋਦੀ ਨੇ ਐਕਸ ’ਤੇ ਲਿਖਿਆ ਕਿ ਆਪਣੇ ਦੋਸਤ ਪੁਤਿਨ ਦਾ ਭਾਰਤ ’ਚ ਸਵਾਗਤ ਕਰ ਕੇ ਕਾਫ਼ੀ ਖੁਸ਼ੀ ਹੋਈ। ਅੱਜ ਸ਼ਾਮ ਤੇ ਕੱਲ੍ਹ ਸਾਡੇ ਦਰਮਿਆਨ ਹੋਣ ਵਾਲੀ ਵਿਚਾਰ-ਚਰਚਾ ਦਾ ਮੈਂ ਇੰਤਜ਼ਾਰ ਕਰ ਰਿਹਾ ਹਾਂ। ਭਾਰਤ-ਰੂਸ ਦੀ ਦੋਸਤੀ ਸਮੇਂ ਦੀ ਕਸੌਟੀ ’ਤੇ ਖਰੀ ਉਤਰੀ ਹੈ ਤੇ ਇਸ ਨੇ ਦੋਵਾਂ ਦੇਸ਼ਾਂ ਦੇ ਲੋਕਾਂ ਨੂੰ ਬਹੁਤ ਫਾਇਦਾ ਪਹੁੰਚਾਇਆ ਹੈ। ਮੋਦੀ ਤੇ ਪੁਤਿਨ ਦਰਮਿਆਨ ਰਾਤ ਦੇ ਖਾਣੇ ਦੌਰਾਨ ਹੋਣ ਵਾਲੀ ਗੱਲਬਾਤ ਬਾਰੇ ਦੇਰ ਰਾਤ ਖ਼ਬਰ ਲਿਖੇ ਜਾਣ ਤੱਕ ਸਰਕਾਰੀ ਜਾਂ ਗੈਰ-ਸਰਕਾਰੀ ਤੌਰ ’ਤੇ ਕੋਈ ਜਾਣਕਾਰੀ ਨਹੀਂ ਦਿੱਤੀ ਗਈ। ਪਰ ਦੱਸਦੇ ਹਨ ਕਿ ਇਸ ਦੌਰਾਨ ਮੋਦੀ ਤੇ ਪੁਤਿਨ ਵਿਚਾਲੇ ਭਾਰਤ-ਰੂਸ ਸਬੰਧਾਂ ਨਾਲ ਜੁੜੇ ਮੁੱਦਿਆਂ ਤੋਂ ਇਲਾਵਾ ਹੋਰ ਬਹੁ-ਰਾਸ਼ਟਰੀ ਮੁੱਦਿਆਂ ’ਤੇ ਚਰਚਾ ਹੋਈ। ਨਾਲ ਹੀ ਸ਼ੁੱਕਰਵਾਰ ਨੂੰ ਹੋਣ ਵਾਲੇ 23ਵੇਂ ਭਾਰਤ-ਰੂਸ ਸਾਲਾਨਾ ਸੰਮੇਲਨ ’ਚ ਹੋਣ ਵਾਲੇ ਕੁਝ ਸਮਝੌਤਿਆਂ ਨੂੰ ਅੰਤਿਮ ਰੂਪ ਦਿੱਤਾ ਗਿਆ। ਵਿਦੇਸ਼ ਮੰਤਰਾਲੇ ਵੱਲੋਂ ਇਹੀ ਦੱਸਿਆ ਗਿਆ ਕਿ ਦੋਵਾਂ ਆਗੂਆਂ ਨੇ ਜੁਲਾਈ, 2024 ’ਚ ਵੀ ਸਾਲਾਨਾ ਸਿਖਰ ਸੰਮੇਲਨ ਤੋਂ ਪਹਿਲਾਂ ਨਿੱਜੀ ਤੌਰ ’ਤੇ ਆਪਸੀ ਗੱਲਬਾਤ ਕੀਤੀ ਸੀ। ਇਹੀ ਨਹੀਂ, ਸ਼ੰਘਾਈ ਸਹਿਯੋਗ ਸੰਗਠਨ ਦੀ ਚੀਨ ਦੇ ਤਿਆਨਜਿਨ ’ਚ ਹੋਈ ਬੈਠਕ ਦੌਰਾਨ ਵੀ ਪੁਤਿਨ ਦੀ ਕਾਰ ’ਚ ਦੋਵਾਂ ਆਗੂਆਂ ਨੇ ਇਕੱਠੇ ਯਾਤਰਾ ਕੀਤੀ ਸੀ ਤੇ ਕਾਫ਼ੀ ਦੇਰ ਤੱਕ ਕਾਰ ਦੇ ਅੰਦਰ ਹੀ ਵਿਚਾਰ-ਚਰਚਾ ਕੀਤੀ ਸੀ।
ਰਾਸ਼ਟਰਪਤੀ ਪੁਤਿਨ ਦਾ ਇਹ ਭਾਰਤ ਦੌਰਾ ਮੌਜੂਦਾ ਆਲਮੀ ਹਾਲਾਤ ਤੇ ਭਾਰਤ-ਅਮਰੀਕਾ ਵਿਚਾਲੇ ਰਿਸ਼ਤਿਆਂ ਦੀ ਮੌਜੂਦਾ ਸਥਿਤੀ ਨੂੰ ਦੇਖਦੇ ਹੋਏ ਅਹਿਮ ਹੈ। ਯੂਕਰੇਨ ਨਾਲ ਜੰਗ ਤੋਂ ਬਾਅਦ ਭਾਰਤ ਨੇ ਰੂਸ ਤੋਂ ਕਾਫ਼ੀ ਜ਼ਿਆਦਾ ਮਾਤਰਾ ’ਚ ਕੱਚੇ ਤੇਲ ਦੀ ਖਰੀਦ ਕੀਤੀ ਹੈ। ਇਸ ਨਾਲ ਅਮਰੀਕਾ ਤੇ ਯੂਰਪੀ ਦੇਸ਼ ਕਾਫ਼ੀ ਨਾਰਾਜ਼ ਹਨ। ਉਨ੍ਹਾਂ ਦਾ ਕਹਿਣਾ ਹੈ ਕਿ ਭਾਰਤ ਜਿਹੜਾ ਭੁਗਤਾਨ ਕਰਦਾ ਹੈ, ਉਸ ਦਾ ਇਸਤੇਮਾਲ ਰੂਸ ਯੂਕਰੇਨ ਖਿਲਾਫ਼ ਜੰਗ ’ਚ ਕਰਦਾ ਹੈ। ਜਦਕਿ ਭਾਰਤ ਦਾ ਕਹਿਣਾ ਹੈ ਕਿ ਉਹ ਆਪਣੀ ਊਰਜਾ ਸੁਰੱਖਿਆ ਨੂੰ ਦੇਖਦੇ ਹੋਏ ਜਿੱਥੋਂ ਵੀ ਜ਼ਰੂਰਤ ਹੋਵੇਗੀ, ਉੱਥੋਂ ਤੇਲ ਤੇ ਗੈਸ ਦੀ ਖਰੀਦ ਕਰੇਗਾ। ਇਸੇ ਕਾਰਨ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਭਾਰਤੀ ਦਰਾਮਦ ’ਤੇ 25 ਫ਼ੀਸਦੀ ਦਾ ਹੋਰ ਟੈਰਿਫ ਲਗਾ ਦਿੱਤਾ ਹੈ। ਭਾਰਤ ਤੇ ਅਮਰੀਕਾ ਦੇ ਰਿਸ਼ਤਿਆਂ ’ਚ ਤਣਾਅ ਦਾ ਕਾਰਨ ਵੀ ਇਹੀ ਹੈ। ਇਸ ਦੇ ਬਾਵਜੂਦ ਭਾਰਤ ਨੇ ਰਾਸ਼ਟਰਪਤੀ ਪੁਤਿਨ ਦਾ ਸ਼ਾਨਦਾਰ ਸਵਾਗਤ ਕਰ ਕੇ ਇਹ ਸੰਕੇਤ ਦਿੱਤਾ ਹੈ ਕਿ ਉਹ ਆਪਣੇ ਰਣਨੀਤਕ ਹਿੱਤਾਂ ਨੂੰ ਲੈ ਕੇ ਬਾਹਰੀ ਦਬਾਅ ’ਚ ਨਹੀਂ ਆਉਂਦਾ।
ਵਿਦੇਸ਼ ਮੰਤਰਾਲੇ ਦੇ ਸੂਤਰਾਂ ਨੇ ਕਿਹਾ ਕਿ ਰਾਤ ਦੇ ਖਾਣੇ ਦੌਰਾਨ ਹੋਈ ਚਰਚਾ ਤੋਂ ਹੀ ਸਰਕਾਰੀ ਗੱਲਬਾਤ ਦੀ ਭੂਮਿਕਾ ਤਿਆਰ ਹੋਵੇਗੀ। ਸ਼ੁੱਕਰਵਾਰ ਨੂੰ ਭਾਰਤ ਤੇ ਰੂਸ ਵਿਚਾਲੇ ਕਈ ਅਹਿਮ ਸਮਝੌਤਿਆਂ ਤੇ ਦਸਤਖ਼ਤ ਹੋਣ ਦੀ ਸੰਭਾਵਨਾ ਹੈ। ਇਸ ਵਿਚ ਇਕ ਸਮਝੌਤਾ ਮੋਬੀਲਿਟੀ ਯਾਨੀ ਇਕ-ਦੂਜੇ ਦੇ ਸਿਖਲਾਈ ਪ੍ਰਾਪਤ ਕਿਰਤੀਆਂ ਨੂੰ ਕੰਮ ਕਰਨ ਦਾ ਅਧਿਕਾਰ ਤੇ ਮੌਕਾ ਦੇਣ ਨਾਲ ਸਬੰਧਤ ਹੋਵੇਗਾ। ਇਸ ਨਾਲ ਰੂਸ ਦੇ ਢਾਂਚਾਗਤ ਖੇਤਰ ’ਚ ਹਜ਼ਾਰਾਂ ਭਾਰਤੀਆਂ ਨੂੰ ਰੁਜ਼ਗਾਰ ਮਿਲਣ ਦਾ ਰਾਹ ਪੱਧਰਾ ਹੋ ਸਕਦਾ ਹੈ।
ਜਹਾਜ਼ਰਾਣੀ, ਹੈਲਥਕੇਅਰ, ਖਾਦਾਂ ਤੇ ਕੁਨੈਕਟੀਵਿਟੀ ਦੇ ਖੇਤਰ ’ਚ ਵੀ ਭਾਰਤ ਤੇ ਰੂਸ ਦਰਮਿਆਨ ਸਮਝੌਤਾ ਹੋਣ ਦੀ ਸੰਭਾਵਨਾ ਹੈ। ਰੱਖਿਆ ਖੇਤਰ ’ਚ ਸਹਿਯੋਗ ’ਤੇ ਵੀ ਅਹਿਮ ਗੱਲਬਾਤ ਹੋਵੇਗੀ ਪਰ ਕਿਸੇ ਖਾਸ ਰੱਖਿਆ ਉਪਕਰਨਾਂ ਦੀ ਖ਼ਰੀਦ ਨੂੰ ਲੈ ਕੇ ਸਮਝੌਤਾ ਹੋਣ ਦੀ ਉਮੀਦ ਘੱਟ ਹੈ। ਇਸ ਦੇ ਨਾਲ ਹੀ ਦੋਵਾਂ ਦੇਸ਼ਾਂ ਵਿਚਾਲੇ ਵਪਾਰ ਸੰਤੁਲਨ ਕਿਸ ਤਰ੍ਹਾਂ ਨਾਲ ਬਿਹਤਰ ਕੀਤਾ ਜਾਵੇ, ਇਸ ਬਾਰੇ ਵੀ ਗੱਲਬਾਤ ਹੋਵੇਗੀ। ਮੌਜੂਦਾ ਸਮੇਂ ’ਚ ਦੋਵਾਂ ਦੇਸ਼ਾਂ ਵਿਚਾਲੇ 69 ਅਰਬ ਡਾਲਰ ਦਾ ਦੁਵੱਲਾ ਕਾਰੋਬਾਰ ਹੁੰਦਾ ਹੈ ਪਰ ਇਸ ਵਿਚ ਭਾਰਤ ਦੀ ਰੂਸ ਨੂੰ ਹੋਣ ਵਾਲੀ ਬਰਾਮਦ ਸਿਰਫ਼ ਪੰਜ ਅਰਬ ਡਾਲਰ ਦੀ ਹੈ। ਭਾਰਤ ਨੇ ਇਸ ਅਸੰਤੁਲਨ ਨੂੰ ਘੱਟ ਕਰਨ ਦੀ ਮੰਗ ਕੀਤੀ ਹੈ ਤੇ ਰੂਸ ਇਸ ਦੇ ਲਈ ਤਿਆਰ ਹੈ। ਸ਼ੁੱਕਰਵਾਰ ਨੂੰ ਰਾਸ਼ਟਰਪਤੀ ਪੁਤਿਨ ਦਾ ਰਾਸ਼ਟਰਪਤੀ ਭਵਨ ’ਚ ਸਰਕਾਰੀ ਸਨਮਾਨਾਂ ਨਾਲ ਸਵਾਗਤ ਕੀਤਾ ਜਾਵੇਗਾ। ਸ਼ੁੱਕਰਵਾਰ ਨੂੰ ਉਨ੍ਹਾਂ ਦੇ ਸਨਮਾਨ ’ਚ ਰਾਸ਼ਟਰਪਤੀ ਦ੍ਰੌਪਦੀ ਮੁਰਮੂ ਨੇ ਰਾਤ ਦੇ ਖਾਣੇ ਦਾ ਪ੍ਰੋਗਰਾਮ ਰੱਖਿਆ ਹੈ।
ਰਾਸ਼ਟਰਪਤੀ ਪੁਤਿਨ ਦਾ ਅੱਜ ਦਾ ਪ੍ਰੋਗਰਾਮ
- ਸਵੇਰੇ ਰਾਜਘਾਟ ਜਾ ਕੇ ਰਾਸ਼ਟਰਪਿਤਾ ਮਹਾਤਮਾ ਗਾਂਧੀ ਨੂੰ ਸ਼ਰਧਾਂਜਲੀ ਭੇਟ ਕਰਨਗੇ।
- ਰਾਸ਼ਟਰਪਤੀ ਦ੍ਰੌਪਦੀ ਮੁਰਮੂ ਰਾਸ਼ਟਰਪਤੀ ਭਵਨ ’ਚ ਉਨ੍ਹਾਂ ਦਾ ਰਸਮੀ ਸਵਾਗਤ ਕਰਨਗੇ।
- ਹੈਦਰਾਬਾਦ ਹਾਊਸ ’ਚ ਗੱਲਬਾਤ। ਇੱਥੇ ਹੀ ਵਫ਼ਦ ਲਈ ਦੁਪਹਿਰ ਦੇ ਖਾਣੇ ਦਾ ਪ੍ਰਬੰਧ ਹੋਵੇਗਾ।
- ਗੱਲਬਾਤ ਤੋਂ ਬਾਅਦ ਪੁਤਿਨ ਰੂਸ ਦੇ ਸਰਕਾਰੀ ਬ੍ਰਾਡਕਾਸਟਰ ਦਾ ਨਵਾਂ ਇੰਡੀਆ ਚੈਨਲ ਲਾਂਚ ਕਰਨਗੇ।
- ਰਾਸ਼ਟਰਪਤੀ ਭਵਨ ’ਚ ਪੁਤਿਨ ਦੇ ਸਨਮਾਨ ’ਚ ਸਰਕਾਰੀ ਖਾਣੇ ਦਾ ਪ੍ਰਬੰਧ ਹੋਵੇਗਾ।
- ਰਾਤ ਨੂੰ ਕਰੀਬ 9 ਵਜੇ ਰੂਸੀ ਰਾਸ਼ਟਰਪਤੀ ਭਾਰਤ ਤੋਂ ਰਵਾਨਾ ਹੋ ਜਾਣਗੇ।