ਪੁਲਵਾਮਾ ਅੱਤਵਾਦੀ ਹਮਲੇ ਦਾ ਸਾਜ਼ਿਸ਼ਘਾੜਾ ਮਕਬੂਜ਼ਾ ਜੰਮੂ ਕਸ਼ਮੀਰ ’ਚ ਢੇਰ, ਪਾਕਿਸਤਾਨੀ ਫ਼ੌਜ ਤੇ ਆਈਐੱਸਆਈ ਦਾ ਸੀ ਚਹੇਤਾ
ਲਗਪਗ 27 ਸਾਲਾ ਅਰਜ਼ਮੰਦ ਪਿਛਲੇ ਅੱਠ ਸਾਲਾਂ ਤੋਂ ਪਾਕਿਸਤਾਨੀ ਫ਼ੌਜ ਤੇ ਉਸ ਦੀ ਖੁਫੀਆ ਏਜੰਸੀ ਆਈਂਐੱਸਆਈ ਦਾ ਚਹੇਤਾ ਬਣਿਆ ਹੋਇਆ ਸੀ। ਉਹ ਅੱਤਵਾਦੀ ਸੰਗਠਨ ਅਲ ਬਦਰ ਮੁਜਾਹਦੀਨ ਦੀ ਕਮਾਨ ਕੌਂਸਲ ’ਚ ਤੀਜੀ ਥਾਂ ਰੱਖਦਾ ਸੀ। ਪਹਿਲੇ ਨੰਬਰ ’ਤੇ ਬਖਤ ਜ਼ਮੀਨ, ਉਸ ਤੋਂ ਬਾਅਦ ਯੂਸਫ਼ ਬਲੋਚ ਤੇ ਫਿਰ ਅਰਜ਼ਮੰਦ ਗੁਲਜ਼ਾਰ ਆਉਂਦਾ ਸੀ।
Publish Date: Fri, 22 May 2026 11:39 AM (IST)
Updated Date: Fri, 22 May 2026 11:42 AM (IST)
ਜਾਗਰਣ ਨਿਊਜ਼ ਨੈੱਟਵਰਕ, ਸ੍ਰੀਨਗਰ : ਪੁਲਵਾਮਾ ਅੱਤਵਾਦੀ ਹਮਲੇ ਦਾ ਸਾਜ਼ਿਸ਼ਘਾੜਾ ਤੇ ਕਈ ਹਮਲਿਆਂ ’ਚ ਲੁੜੀਂਦਾ ਅਲ ਬਦਰ ਮੁਜਾਹਦੀਨ ਦਾ ਆਪ੍ਰੇਸ਼ਨਲ ਕਮਾਂਡਰ ਅਰਜ਼ਮੰਦ ਗੁਲਜ਼ਾਰ ਉਰਫ਼ ਹਮਜ਼ਾ ਬੁਰਹਾਨ ਵੀਰਵਾਰ ਨੂੰ ਮਕਬੂਜ਼ਾ ਜੰਮੂ -ਕਸ਼ਮੀਰ ਦੀ ਰਾਜਧਾਨੀ ਮੁਜ਼ੱਫਰਾਬਾਦ ’ਚ ਇਕ ਹਮਲੇ ’ਚ ਮਾਰਿਆ ਗਿਆ। ਅਰਜ਼ਮੰਦ ਗੁਲਜ਼ਾਰ ਨੂੰ ਦੋ ਅਣਪਛਾਤੇ ਹਮਲਾਵਰਾਂ ਨੇ ਚਾਰ ਗੋਲ਼ੀਆਂ ਮਾਰੀਆਂ। ਮੂਲ ਰੂਪ ਨਾਲ ਦੱਖਣੀ ਕਸ਼ਮੀਰ ’ਚ ਪੁਲਵਾਮਾ ਦੇ ਖਰਬਤਪੋਰਾ ਦੇ ਰਹਿਣ ਵਾਲੇ ਅਰਜ਼ਮੰਦ ’ਤੇ ਸੁਰੱਖਿਆ ਦਸਤਿਆਂ ਨੇ 10 ਲੱਖ ਰੁਪਏ ਦਾ ਇਨਾਮ ਰੱਖਿਆ ਹੋਇਆ ਸੀ। ਕੇਂਦਰੀ ਗ੍ਰਹਿ ਮੰਤਰਾਲੇ ਨੇ ਵੀ ਉਸ ਨੂੰ 20 ਅਪ੍ਰੈਲ 2022 ਨੂੰ ਅੱਤਵਾਦੀ ਐਲਾਨਿਆ ਸੀ।
ਲਗਪਗ 27 ਸਾਲਾ ਅਰਜ਼ਮੰਦ ਪਿਛਲੇ ਅੱਠ ਸਾਲਾਂ ਤੋਂ ਪਾਕਿਸਤਾਨੀ ਫ਼ੌਜ ਤੇ ਉਸ ਦੀ ਖੁਫੀਆ ਏਜੰਸੀ ਆਈਂਐੱਸਆਈ ਦਾ ਚਹੇਤਾ ਬਣਿਆ ਹੋਇਆ ਸੀ। ਉਹ ਅੱਤਵਾਦੀ ਸੰਗਠਨ ਅਲ ਬਦਰ ਮੁਜਾਹਦੀਨ ਦੀ ਕਮਾਨ ਕੌਂਸਲ ’ਚ ਤੀਜੀ ਥਾਂ ਰੱਖਦਾ ਸੀ। ਪਹਿਲੇ ਨੰਬਰ ’ਤੇ ਬਖਤ ਜ਼ਮੀਨ, ਉਸ ਤੋਂ ਬਾਅਦ ਯੂਸਫ਼ ਬਲੋਚ ਤੇ ਫਿਰ ਅਰਜ਼ਮੰਦ ਗੁਲਜ਼ਾਰ ਆਉਂਦਾ ਸੀ। ਵਾਦੀ ’ਚ ਹਿਜ਼ਬੁਲ ਮੁਜਾਹਦੀਨ ਦੇ ਨੈੱਟਵਰਕ ਦੇ ਲਗਪਗ ਤਬਾਹ ਹੋਣ ਤੋਂ ਬਾਅਦ ਪਾਕਿਸਤਾਨੀ ਖੁਫੀਆ ਏਜੰਸੀ ਆਈਐੱਸਆਈ ਅੱਤਵਾਦ ਦੇ ਸਥਾਨਕ ਚਿਹਰੇ ਦੇ ਤੌਰ ’ਤੇ ਉਸ ਨੂੰ ਇਸਤੇਮਾਲ ਕਰਦੇ ਹੋਏ ਉਸ ਜ਼ਰੀਏ ਕਸ਼ਮੀਰ ’ਚ ਸਥਾਨਕ ਅੱਤਵਾਦੀਆਂ ਦੀ ਭਰਤੀ ਦੀ ਸਾਜ਼ਿਸ਼ ਚਲਾ ਰਹੀ ਸੀ।
ਜਾਣਕਾਰੀ ਮੁਤਾਬਕ, ਅਰਜ਼ਮੰਦ ’ਤੇ ਹਮਲਾ ਮੁਜ਼ੱਫਰਾਬਾਦ ਦੇ ਨਾਲ ਲੱਗਦੇ ਓਜਰਾ ’ਚ ਐੱਮਐੱਸ ਕਾਲਜ ਕੰਪਲੈਕਸ ਦੇ ਨਜ਼ਦੀਕ ਹੋਇਆ ਹੈ। ਅਰਜ਼ਮੰਦ ਨੂੰ ਦਿਖਾਵੇ ਲਈ ਆਈਐੱਸਆਈ ਨੇ ਪਿਛਲੇ ਚਾਰ ਸਾਲਾਂ ਤੋਂ ਇਸ ਕਾਲਜ ਦਾ ਸੰਚਾਲਕ ਤੇ ਪ੍ਰਿੰਸੀਪਲ ਬਣਾਇਆ ਹੋਇਆ ਸੀ। ਦੱਸਿਆ ਜਾਂਦਾ ਹੈ ਕਿ ਇਹ ਕਾਲਜ ਆਈਐੱਸਆਈ ਨੇ ਹੀ ਉਸ ਨੂੰ ਖੋਲ੍ਹ ਕੇ ਦਿੱਤਾ ਸੀ, ਤਾਂ ਜੋ ਉਹ ਕਾਲਜ ਦੀ ਆੜ ’ਚ ਆਪਣੀਈਮ ਜਿਹਾਦੀ ਸਰਗਮੀਆਂ ਚਲਾ ਸਕੇ। ਉਸ ਨੂੰ ਆਈਐੱਸਆਈ ਨੇ ਨਿੱਜੀ ਬਾਡੀਗਾਰਡਾਂ ਦਾ ਇਕ ਦਸਤਾ ਤੇ ਤਿੰਨ ਐਕਸਯੂਵੀ ਗੱਡੀਆਂ ਵੀ ਦਿੱਤੀਆਂ ਹੋਈਆਂ ਸਨ। ਦੱਸਿਆ ਜਾ ਰਿਹਾ ਹੈ ਕਿ ਉਸ ’ਤੇ ਹਮਲਾ ਕਰਨ ਵਾਲੇ ਦੋ ਨੌਜਵਾਨਾਂ ’ਚੋਂ ਇਕ ਨੂੰ ਮੌਕੇ ’ਤੇ ਹੀ ਫੜ ਲਿਆ ਗਿਆ। ਉਸ ਕੋਲੋਂ ਪਿਸਤੌਲ ਵੀ ਮਿਲੀ ਹੈ।