ਪਿਕਨਿਕ ਬਣੀ ਕਾਲ: ਸੈਲਫੀ ਦੇ ਚੱਕਰ ’ਚ ਤਿੰਨ ਦੋਸਤਾਂ ਦੀ ਡੈਮ ਦੇ ਪਾਣੀ 'ਚ ਡੁੱਬਣ ਨਾਲ ਗਈ ਜਾਨ
ਪੁਲਿਸ ਮੁਤਾਬਕ, ਪੁਣੇ ਤੋਂ ਛੇ ਦੋਸਤਾਂ ਦਾ ਗਰੁੱਪ ਪਿਕਨਿਕ ਮਨਾਉਣ ਲਈ ਉੱਥੇ ਪੁੱਜਾ ਸੀ। ਉਨ੍ਹਾਂ ਦੇ ਦੋਸਤਾਂ ਤੋਂ ਮਿਲੀ ਜਾਣਕਾਰੀ ਮੁਤਾਬਕ, ਗਰੁੱਪ ਦੇ ਚਾਰ ਮੈਂਬਰ ਗੋਡਿਆਂ ਤੱਕ ਡੂੰਘੇ ਪਾਣੀ ਵਿਚ ਖੜ੍ਹੇ ਹੋ ਕੇ ਸੈਲਫੀ ਲੈਣ ਦੀ ਕੋਸ਼ਿਸ਼ ਕਰ ਰਹੇ ਸਨ। ਉਨ੍ਹਾਂ ਵਿਚੋਂ ਇੱਕ, ਜਿਹੜਾ ਕਿਨਾਰੇ ’ਤੇ ਖੜ੍ਹਾ ਸੀ, ਤਿਲਕ ਕੇ ਡੂੰਘੇ ਪਾਣੀ ਵਿਚ ਡਿੱਗ ਗਿਆ।
Publish Date: Sat, 02 May 2026 09:20 AM (IST)
Updated Date: Sat, 02 May 2026 09:22 AM (IST)
ਪੁਣੇ (ਪੀਟੀਆਈ) : ਪੁਣੇ ਦੀ ਮਾਵਲ ਤਹਿਸੀਲ ਵਿਚ ਸ਼ੁੱਕਰਵਾਰ ਨੂੰ ਦੋਸਤਾਂ ਦੇ ਇਕ ਗਰੁੱਪ ਦਾ ਪਿਕਨਿਕ ਮਨਾਉਣ ਦਾ ਪ੍ਰੋਗਰਾਮ ਬੁਰੇ ਸੁਪਨੇ ਵਿਚ ਬਦਲ ਗਿਆ। ਸੈਲਫੀ ਲੈਣ ਦੇ ਚੱਕਰ ਵਿਚ ਉਨ੍ਹਾਂ ਵਿਚੋਂ ਤਿੰਨ ਜਣੇ ਡੈਮ ਦੇ ਪਾਣੀ ਵਿਚ ਡੁੱਬ ਗਏ। ਇਹ ਘਟਨਾ ਜਾਧਵਵਾੜੀ ਡੈਮ ’ਤੇ ਦੁਪਹਿਰ ਕਰੀਬ ਤਿੰਨ ਵਜੇ ਵਾਪਰੀ। ਪੁਲਿਸ ਨੇ ਮ੍ਰਿਤਕਾਂ ਦੀ ਪਛਾਣ ਅਜੇ ਗਰੁੜੇ, ਸੰਤੋਸ਼ ਐਡਕੇ ਤੇ ਅਨਿਕੇਤ ਪਵਾਰ ਵਜੋਂ ਕੀਤੀ ਹੈ।
ਪੁਲਿਸ ਮੁਤਾਬਕ, ਪੁਣੇ ਤੋਂ ਛੇ ਦੋਸਤਾਂ ਦਾ ਗਰੁੱਪ ਪਿਕਨਿਕ ਮਨਾਉਣ ਲਈ ਉੱਥੇ ਪੁੱਜਾ ਸੀ। ਉਨ੍ਹਾਂ ਦੇ ਦੋਸਤਾਂ ਤੋਂ ਮਿਲੀ ਜਾਣਕਾਰੀ ਮੁਤਾਬਕ, ਗਰੁੱਪ ਦੇ ਚਾਰ ਮੈਂਬਰ ਗੋਡਿਆਂ ਤੱਕ ਡੂੰਘੇ ਪਾਣੀ ਵਿਚ ਖੜ੍ਹੇ ਹੋ ਕੇ ਸੈਲਫੀ ਲੈਣ ਦੀ ਕੋਸ਼ਿਸ਼ ਕਰ ਰਹੇ ਸਨ। ਉਨ੍ਹਾਂ ਵਿਚੋਂ ਇੱਕ, ਜਿਹੜਾ ਕਿਨਾਰੇ ’ਤੇ ਖੜ੍ਹਾ ਸੀ, ਤਿਲਕ ਕੇ ਡੂੰਘੇ ਪਾਣੀ ਵਿਚ ਡਿੱਗ ਗਿਆ। ਕਿਉਂਕਿ ਚਾਰਾਂ ਨੇ ਇਕ-ਦੂਜੇ ਦੀ ਧੌਣ ਫੜੀ ਹੋਈ ਸੀ, ਉਹ ਇਕ-ਇਕ ਕਰ ਕੇ ਪਾਣੀ ਵਿਚ ਡੁੱਬਣ ਲੱਗੇ। ਗਰੁੱਪ ਦਾ ਇਕ ਮੈਂਬਰ, ਜਿਹੜਾ ਕੁਝ ਦੂਰੀ ’ਤੇ ਖੜ੍ਹਾ ਸੀ, ਤੁਰੰਤ ਦੌੜਿਆ ਅਤੇ ਚਾਰ ਦੋਸਤਾਂ ਵਿਚੋਂ ਇਕ ਨੂੰ ਡੂੰਘੇ ਪਾਣੀ ਤੋਂ ਬਾਹਰ ਕੱਢਣ ਵਿਚ ਕਾਮਯਾਬ ਹੋ ਗਿਆ। ਜਾਣਕਾਰੀ ਮਿਲਣ ਪਿੱਛੋਂ ਬਚਾਅ ਦਲ ਮੌਕੇ ’ਤੇ ਪੁੱਜਾ ਤੇ ਤਲਾਸ਼ੀ ਮੁਹਿੰਮ ਚਲਾਈ। ਇਸ ਦੌਰਾਨ ਉਨ੍ਹਾਂ ਨੇ ਡੈਮ ’ਚ ਡੁੱਬੇ ਤਿੰਨ ਜਣਿਆਂ ਦੀਆਂ ਲਾਸ਼ਾਂ ਬਰਾਮਦ ਕੀਤੀਆਂ।