ਜਾਂਚ ਵਿਚ ਇਹ ਵੀ ਸਾਹਮਣੇ ਆਇਆ ਹੈ ਕਿ ਅੱਤਵਾਦੀ ਮਾਡਿਊਲ 'ਗਜ਼ਵਾ-ਏ-ਹਿੰਦ' ਦੀ ਧਾਰਨਾ ਦਾ ਪ੍ਰਚਾਰ ਕਰ ਕੇ ਨੌਜਵਾਨਾਂ ਨੂੰ ਪ੍ਰਭਾਵਿਤ ਕਰਨ ਦੀ ਕੋਸ਼ਿਸ਼ ਕਰ ਰਿਹਾ ਸੀ। ਅੱਤਵਾਦੀ ਸੰਗਠਨ ਜਮਹੂਰੀ (ਲੋਕਤੰਤਰਿਕ) ਵਿਵਸਥਾ ਖ਼ਿਲਾਫ਼ ਨਫ਼ਰਤ ਪੈਦਾ ਕਰ ਕੇ ਧਾਰਮਿਕ ਜਨੂੰਨ ਰਾਹੀਂ ਭਰਤੀ ਮੁਹਿੰਮ ਚਲਾ ਰਹੇ ਸਨ। ਏਜੰਸੀਆਂ ਦਾ ਕਹਿਣਾ ਹੈ ਕਿ ਇਹ ਸਿਰਫ਼ ਅੱਤਵਾਦੀ ਹਮਲਾ ਕਰਨ ਦੀ ਰਣਨੀਤੀ ਨਹੀਂ ਬਲਕਿ ਵਿਚਾਰਧਾਰਕ ਜੰਗ ਦਾ ਹਿੱਸਾ ਸੀ।

ਡਿਜੀਟਲ ਡੈਸਕ, ਨਵੀਂ ਦਿੱਲੀ: ਰਾਸ਼ਟਰੀ ਜਾਂਚ ਏਜੰਸੀ (NIA) ਦੀ ਚਾਰਜਸ਼ੀਟ 'ਚ ਪਾਕਿਸਤਾਨ ਸਮਰਥਿਤ ਅੱਤਵਾਦੀ ਨੈੱਟਵਰਕ ਦੀ ਨਵੀਂ ਤੇ ਖ਼ਤਰਨਾਕ ਰਣਨੀਤੀ ਸਾਹਮਣੇ ਆਈ ਹੈ। ਜਾਂਚ ਏਜੰਸੀ ਮੁਤਾਬਕ ਪਾਕਿ ਆਧਾਰਤ ਅੱਤਵਾਦੀ ਆਕਾਵਾਂ ਨੇ ਹੁਣ ਜੰਗਲ ਅਧਾਰਤ ਅੱਤਵਾਦ ਤੋਂ ਅੱਗੇ ਵਧ ਕੇ ਪੜ੍ਹੇ-ਲਿਖੇ ਤੇ ਟੈਕਨਾਲੋਜੀ ਮਾਹਿਰ ਨੌਜਵਾਨਾਂ ਰਾਹੀਂ ਸ਼ਹਿਰੀ ਨੈੱਟਵਰਕ ਖੜ੍ਹਾ ਕਰਨ ਦੀ ਸਾਜ਼ਿਸ਼ ਰਚੀ ਹੈ। NIA ਨੇ ਇਸ ਨੂੰ 'ਡਾਕਟਰ-ਟੈਰਰ ਮਾਡਿਊਲ' ਤੇ 'ਐਨਿਮੀ ਵਿਦਿਨ' ਰਣਨੀਤੀ ਦੱਸਿਆ ਹੈ ਜਿਸ ਦਾ ਮਕਸਦ ਭਾਰਤ 'ਚ 'ਗਜ਼ਵਾ-ਏ-ਹਿੰਦ' ਦੀ ਸੋਚ ਨੂੰ ਉਤਸ਼ਾਹਿਤ ਕਰਨਾ ਸੀ।
ਚਾਰਜਸ਼ੀਟ ਅਨੁਸਾਰ ਅੱਤਵਾਦੀ ਸੰਗਠਨ ਅੰਸਾਰ ਗਜ਼ਵਤ-ਉਲ-ਹਿੰਦ ਨੇ ਆਪਣੇ ਨੈੱਟਵਰਕ ਨੂੰ ਸਿਰਫ਼ ਘਾਟੀ ਜਾਂ ਜੰਗਲਾਂ ਤਕ ਸੀਮਤ ਨਹੀਂ ਰੱਖਿਆ। ਪਾਕਿਸਤਾਨ ਬੈਠੇ ਹੈਂਡਲਰਾਂ ਨੇ ਇਸ ਨੂੰ ਸ਼ਹਿਰੀ ਇਲਾਕਿਆਂ ਤਕ ਫੈਲਾਉਣ ਦੀ ਰਣਨੀਤੀ ਬਣਾਈ, ਜਿੱਥੇ ਸੋਸ਼ਲ ਮੀਡੀਆ, ਐਨਕ੍ਰਿਪਟਡ ਪਲੇਟਫਾਰਮਾਂ ਤੇ ਵਿਚਾਰਧਾਰਕ ਕੱਟੜਤਾ ਦੀ ਵਰਤੋਂ ਕਰ ਕੇ ਨੌਜਵਾਨਾਂ ਨੂੰ ਜੋੜਿਆ ਗਿਆ। ਜਾਂਚ ਏਜੰਸੀਆਂ ਦਾ ਮੰਨਣਾ ਹੈ ਕਿ ਇਹ ਬਦਲਾਅ ਰਵਾਇਤੀ ਅੱਤਵਾਦ ਤੋਂ ਅਲੱਗ ਤੇ ਜ਼ਿਆਦਾ ਖ਼ਤਰਨਾਕ ਮਾਡਲ ਹੈ ਕਿਉਂਕਿ ਇਸ ਵਿਚ ਪੜ੍ਹੇ-ਲਿਖੇ ਨੌਜਵਾਨਾਂ ਨੂੰ ਇੰਟੈਲੈਕਚੁਅਲ ਰੈਡੀਕਲਾਈਜ਼ੇਸ਼ਨ ਰਾਹੀਂ ਪ੍ਰਭਾਵਿਤ ਕੀਤਾ ਗਿਆ।
NIA ਦੇ ਦਸਤਾਵੇਜ਼ਾਂ ਮੁਤਾਬਕ, ਜ਼ਾਕਿਰ ਰਾਸ਼ਿਦ ਭੱਟ ਉਰਫ਼ ਜ਼ਾਕਿਰ ਮੂਸਾ ਇਸ ਮੁਹਿੰਮ ਦਾ ਮੁੱਖ ਚਿਹਰਾ ਸੀ। ਹਿਜ਼ਬੁਲ ਮੁਜਾਹਦੀਨ ਦੇ ਅੱਤਵਾਦੀ ਬੁਰਹਾਨ ਵਾਨੀ ਦਾ ਨਜ਼ਦੀਕੀ ਸਾਥੀ ਰਿਹਾ ਮੂਸਾ ਸੋਸ਼ਲ ਮੀਡੀਆ ਰਾਹੀਂ ਕਸ਼ਮੀਰੀ ਨੌਜਵਾਨਾਂ ਤਕ ਪਹੁੰਚ ਬਣਾਉਂਦਾ ਸੀ। ਜਾਂਚ ਵਿਚ ਸਾਹਮਣੇ ਆਇਆ ਹੈ ਕਿ ਮੂਸਾ ਨੇ ਆਜ਼ਾਦੀ ਦੇ ਸਿਆਸੀ ਬਿਰਤਾਂਤ ਨੂੰ ਖਾਰਜ ਕਰ ਕੇ ਕੱਟੜ ਇਸਲਾਮਿਕ ਸ਼ਾਸਨ ਤੇ ਸ਼ਹਾਦਤ ਦਾ ਪ੍ਰਚਾਰ ਕੀਤਾ। ਉਹ ਖੁੱਲ੍ਹੇਆਮ ਅਲ-ਕਾਇਦਾ ਸਮਰਥਕ ਭਾਸ਼ਣ ਦਿੰਦਾ ਸੀ ਤੇ ਕਸ਼ਮੀਰ ਸੰਘਰਸ਼ ਨੂੰ ਸਿਆਸੀ ਨਹੀਂ ਸਗੋਂ ਧਾਰਮਿਕ ਯੁੱਧ ਵਜੋਂ ਪੇਸ਼ ਕਰਦਾ ਸੀ।
NIA ਦੀ ਚਾਰਜਸ਼ੀਟ 'ਚ ਦਿੱਲੀ ਬੰਬ ਧਮਾਕੇ ਦੇ ਮੁਲਜ਼ਮ ਉਮੇਰ ਉਰਫ਼ ਉਮਰ ਨਬੀ ਦਾ ਵੀ ਜ਼ਿਕਰ ਹੈ। ਜਾਂਚ ਏਜੰਸੀਆਂ ਅਨੁਸਾਰ, ਜਿੱਥੇ ਜ਼ਾਕਿਰ ਮੂਸਾ ਜੰਗਲ ਅਧਾਰਤ ਅੱਤਵਾਦ ਦਾ ਚਿਹਰਾ ਸੀ, ਉੱਥੇ ਹੀ ਉਮਰ ਸ਼ਹਿਰੀ ਤੇ ਬੌਧਿਕ ਕੱਟੜਤਾ ਫੈਲਾਉਣ ਦਾ ਕੰਮ ਕਰ ਰਿਹਾ ਸੀ। ਦੋਵਾਂ ਅੱਤਵਾਦੀਆਂ ਦੀ ਕਾਰਜਸ਼ੈਲੀ ਇੱਕੋ ਜਿਹੀ ਸੀ। ਦੋਵੇਂ ਐਨਕ੍ਰਿਪਟਡ ਡਿਜੀਟਲ ਪਲੇਟਫਾਰਮਾਂ ਰਾਹੀਂ ਨੌਜਵਾਨਾਂ ਨੂੰ ਜੋੜਦੇ ਤੇ ਰਵਾਇਤੀ ਅੱਤਵਾਦੀ ਸੰਗਠਨਾਂ ਦੀ ਸੁਸਤ ਕਾਰਜਪ੍ਰਣਾਲੀ ਤੋਂ ਨਾਰਾਜ਼ ਨੌਜਵਾਨਾਂ ਨੂੰ ਆਪਣਾ ਨਿਸ਼ਾਨਾ ਬਣਾਉਂਦੇ।
ਜਾਂਚ ਵਿਚ ਇਹ ਵੀ ਸਾਹਮਣੇ ਆਇਆ ਹੈ ਕਿ ਅੱਤਵਾਦੀ ਮਾਡਿਊਲ 'ਗਜ਼ਵਾ-ਏ-ਹਿੰਦ' ਦੀ ਧਾਰਨਾ ਦਾ ਪ੍ਰਚਾਰ ਕਰ ਕੇ ਨੌਜਵਾਨਾਂ ਨੂੰ ਪ੍ਰਭਾਵਿਤ ਕਰਨ ਦੀ ਕੋਸ਼ਿਸ਼ ਕਰ ਰਿਹਾ ਸੀ। ਅੱਤਵਾਦੀ ਸੰਗਠਨ ਜਮਹੂਰੀ (ਲੋਕਤੰਤਰਿਕ) ਵਿਵਸਥਾ ਖ਼ਿਲਾਫ਼ ਨਫ਼ਰਤ ਪੈਦਾ ਕਰ ਕੇ ਧਾਰਮਿਕ ਜਨੂੰਨ ਰਾਹੀਂ ਭਰਤੀ ਮੁਹਿੰਮ ਚਲਾ ਰਹੇ ਸਨ। ਏਜੰਸੀਆਂ ਦਾ ਕਹਿਣਾ ਹੈ ਕਿ ਇਹ ਸਿਰਫ਼ ਅੱਤਵਾਦੀ ਹਮਲਾ ਕਰਨ ਦੀ ਰਣਨੀਤੀ ਨਹੀਂ ਬਲਕਿ ਵਿਚਾਰਧਾਰਕ ਜੰਗ ਦਾ ਹਿੱਸਾ ਸੀ।
NIA ਦੀ ਜਾਂਚ ਵਿਚ ਅੰਸਾਰ ਗਜ਼ਵਤ-ਉਲ-ਹਿੰਦ ਨੂੰ ਭਾਰਤੀ ਉਪਮਹਾਂਦੀਪ 'ਚ ਅਲ-ਕਾਇਦਾ (AQIS) ਨਾਲ ਜੁੜਿਆ ਦੱਸਿਆ ਗਿਆ ਹੈ। ਅਧਿਕਾਰੀਆਂ ਮੁਤਾਬਕ, ਪਾਕਿਸਤਾਨ ਦੀ ਖੁਫੀਆ ਏਜੰਸੀ ISI ਨੇ ਅਜਿਹੇ ਸੰਗਠਨਾਂ ਨੂੰ ਅੱਗੇ ਕਰ ਕੇ ਖੁਦ ਨੂੰ ਸਿੱਧੇ ਤੌਰ 'ਤੇ ਅੱਤਵਾਦ ਨਾਲ ਜੁੜਨ ਤੋਂ ਬਚਾਉਣ ਦੀ ਕੋਸ਼ਿਸ਼ ਕੀਤੀ। ਜਾਂਚ ਅਧਿਕਾਰੀਆਂ ਦਾ ਮੰਨਣਾ ਹੈ ਕਿ ਲਸ਼ਕਰ ਜਾਂ ਜੈਸ਼ ਵਰਗੇ ਨਾਵਾਂ ਦੀ ਬਜਾਏ ਅਲ-ਕਾਇਦਾ ਨਾਲ ਜੁੜੇ ਸਥਾਨਕ ਮਾਡਿਊਲਾਂ ਨੂੰ ਅੱਗੇ ਵਧਾ ਕੇ ਪਾਕਿਸਤਾਨ 'ਪਲੌਜ਼ੀਬਲ ਡਿਨਾਇਬਿਲਟੀ' ਬਣਾਈ ਰੱਖਣਾ ਚਾਹੁੰਦਾ ਸੀ ਤਾਂ ਜੋ ਅੰਤਰਰਾਸ਼ਟਰੀ ਮੰਚ 'ਤੇ ਸਿੱਧੇ ਦੋਸ਼ਾਂ ਤੋਂ ਬਚਿਆ ਜਾ ਸਕੇ।
ਚਾਰਜਸ਼ੀਟ 'ਚ ਯੂਪੀ ਦੇ ਸੰਭਲ ਦੇ ਰਹਿਣ ਵਾਲੇ ਸਨਾਉਲ ਹੱਕ ਦਾ ਵੀ ਜ਼ਿਕਰ ਹੈ ਜਿਸ ਨੂੰ ਬਾਅਦ 'ਚ ਆਸਿਮ ਉਮਰ ਦਾ ਨਾਂ ਦਿੱਤਾ ਗਿਆ ਸੀ। ਜਾਂਚ ਏਜੰਸੀਆਂ ਅਨੁਸਾਰ, ਉਸ ਨੂੰ ਭਾਰਤੀ ਚਿਹਰੇ ਵਜੋਂ ਪੇਸ਼ ਕਰ ਕੇ AQIS ਦਾ ਮੁਖੀ ਬਣਾਇਆ ਗਿਆ ਸੀ, ਤਾਂ ਜੋ ਇਸ ਸੰਗਠਨ ਨੂੰ ਦੇਸ਼ ਦੇ ਅੰਦਰੋਂ ਹੀ ਉੱਠੇ ਵਿਰੋਧ ਵਜੋਂ ਦਿਖਾਇਆ ਜਾ ਸਕੇ। NIA ਮੁਤਾਬਕ ਇਹ ਪੂਰੀ ਪ੍ਰਕਿਰਿਆ ਪਾਕਿਸਤਾਨ ਦੇ ਉੱਤਰੀ ਵਜ਼ੀਰਿਸਤਾਨ 'ਚ ਹੋਈਆਂ ਉੱਚ ਪੱਧਰੀ ਬੈਠਕਾਂ ਤੋਂ ਬਾਅਦ ਤੈਅ ਕੀਤੀ ਗਈ ਸੀ।
ਜਾਂਚ ਏਜੰਸੀਆਂ ਦਾ ਕਹਿਣਾ ਹੈ ਕਿ ਅੱਤਵਾਦੀ ਸੰਗਠਨ ਹੁਣ ਹਥਿਆਰਾਂ ਦੇ ਨਾਲ-ਨਾਲ ਡਿਜੀਟਲ ਪ੍ਰਚਾਰ, ਐਨਕ੍ਰਿਪਟਡ ਚੈਟ ਅਤੇ ਸੋਸ਼ਲ ਮੀਡੀਆ ਨੂੰ ਵੀ ਵੱਡੇ ਹਥਿਆਰ ਵਜੋਂ ਵਰਤ ਰਹੇ ਹਨ। ਇਸੇ ਮਾਧਿਅਮ ਰਾਹੀਂ ਕੱਟੜ ਵਿਚਾਰਧਾਰਾ ਫੈਲਾ ਕੇ ਨੌਜਵਾਨਾਂ ਨੂੰ ਨੈੱਟਵਰਕ 'ਚ ਸ਼ਾਮਲ ਕੀਤਾ ਜਾ ਰਿਹਾ ਸੀ। NIA ਫਿਲਹਾਲ ਇਸ ਮੋਡੀਊਲ ਨਾਲ ਜੁੜੇ ਹੋਰ ਸ਼ੱਕੀ ਵਿਅਕਤੀਆਂ ਅਤੇ ਡਿਜੀਟਲ ਲਿੰਕਾਂ ਦੀ ਜਾਂਚ ਕਰ ਰਹੀ ਹੈ।