ਇਸ ਤੋਂ ਪਹਿਲਾਂ ਉਨ੍ਹਾਂ ਨੇ ਪੱਛਮੀ ਜਲ ਸੈਨਾ ਕਮਾਨ ’ਚ ਚੀਫ ਆਫ ਸਟਾਫ ਰਹਿੰਦਿਆਂ ‘ਆਪ੍ਰੇਸ਼ਨ ਸਿੰਧੂਰ’ ਦੌਰਾਨ ਮਹੱਤਵਪੂਰਨ ਸਮੁੰਦਰੀ ਤਾਇਨਾਤੀ ਤੇ ਰਣਨੀਤਕ ਆਪ੍ਰੇਸ਼ਨ ਦੀ ਅਗਵਾਈ ਕੀਤੀ ਸੀ। ਉਹ ਵਾਇਸ ਐਡਮਿਰਲ ਸੰਜੇ ਵਾਤਸਿਆਨ ਦੀ ਜਗ੍ਹਾ ਲੈਣਗੇ ਜਿਨ੍ਹਾਂ ਨੂੰ ਪੱਛਮੀ ਜਲ ਸੈਨਾ ਕਮਾਨ ਦਾ ਅਗਲਾ ਮੁਖੀ ਨਿਯੁਕਤ ਕੀਤਾ ਗਿਆ ਹੈ।

ਨਵੀਂ ਦਿੱਲੀ (ਪੀਟੀਆਈ) : ਆਪ੍ਰੇਸ਼ਨ ਸਿੰਧੂਰ ਦੌਰਾਨ ਜਲ ਸੈਨਾ ਦੀਆਂ ਤਿਆਰੀਆਂ ਦੀ ਰਣਨੀਤੀ ਸੰਭਾਲਣ ਵਾਲੇ ਵਾਇਸ ਐਡਮਿਰਲ ਅਜੇ ਕੋਛਰ ਨੇ ਸ਼ੁੱਕਰਵਾਰ ਨੂੰ ਜਲ ਸੈਨਾ ਦੇ 48ਵੇਂ ਉਪ ਮੁਖੀ ਵਜੋਂ ਅਹੁਦਾ ਸੰਭਾਲ ਲਿਆ। ਉਨ੍ਹਾਂ ਕੋਲ ਸਮੁੰਦਰੀ ਸੁਰੱਖਿਆ, ਜੰਗੀ ਰਣਨੀਤੀ ਤੇ ਉੱਚ ਪੱਧਰੀ ਜਲ ਸੈਨਾ ਦੇ ਸੰਚਾਲਨ ਦਾ ਲੰਬਾ ਤਜਰਬਾ ਮੰਨਿਆ ਜਾਂਦਾ ਹੈ ਜਿਸ ਨਾਲ ਉਨ੍ਹਾਂ ਨੂੰ ਜਲ ਸੈਨਾ ਦੇ ਦੂਜੇ ਸਭ ਤੋਂ ਮਹੱਤਵਪੂਰਨ ਅਹੁਦੇ ਦੀ ਜ਼ਿੰਮੇਵਾਰੀ ਸੌਂਪੀ ਗਈ ਹੈ•।
ਅਹੁਦਾ ਸੰਭਾਲਣ ਤੋਂ ਪਹਿਲਾਂ ਵਾਇਸ ਐਡਮਿਰਲ ਕੋਛਰ ਅੰਡੇਮਾਨ ਤੇ ਨਿਕੋਬਾਰ ਕਮਾਂਡ ਦੇ ਕਮਾਂਡਿੰਗ-ਇਨ-ਚੀਫ ਰਹਿ ਚੁੱਕੇ ਹਨ। ਇਹ ਭਾਰਤ ਦੀ ਇੱਕੋ-ਇਕ ਤ੍ਰਿ-ਸੇਵਾ ਸੰਯੁਕਤ ਕਮਾਂਡ ਹੈ ਜਿਹੜੀ ਦੇਸ਼ ਦੇ ਰਣਨੀਤਕ ਸਮੁੰਦਰੀ ਖੇਤਰਾਂ ਦੀ ਸੁਰੱਖਿਆ ’ਚ ਅਹਿਮ ਭੂਮਿਕਾ ਨਿਭਾਉਂਦੀ ਹੈ। ਇਸ ਤੋਂ ਪਹਿਲਾਂ ਉਨ੍ਹਾਂ ਨੇ ਪੱਛਮੀ ਜਲ ਸੈਨਾ ਕਮਾਨ ’ਚ ਚੀਫ ਆਫ ਸਟਾਫ ਰਹਿੰਦਿਆਂ ‘ਆਪ੍ਰੇਸ਼ਨ ਸਿੰਧੂਰ’ ਦੌਰਾਨ ਮਹੱਤਵਪੂਰਨ ਸਮੁੰਦਰੀ ਤਾਇਨਾਤੀ ਤੇ ਰਣਨੀਤਕ ਆਪ੍ਰੇਸ਼ਨ ਦੀ ਅਗਵਾਈ ਕੀਤੀ ਸੀ। ਉਹ ਵਾਇਸ ਐਡਮਿਰਲ ਸੰਜੇ ਵਾਤਸਿਆਨ ਦੀ ਜਗ੍ਹਾ ਲੈਣਗੇ ਜਿਨ੍ਹਾਂ ਨੂੰ ਪੱਛਮੀ ਜਲ ਸੈਨਾ ਕਮਾਨ ਦਾ ਅਗਲਾ ਮੁਖੀ ਨਿਯੁਕਤ ਕੀਤਾ ਗਿਆ ਹੈ।
ਪੁਣੇ ਸਥਿਤ ਰਾਸ਼ਟਰੀ ਰੱਖਿਆ ਅਕਾਦਮੀ ਦੇ ਸਾਬਕਾ ਵਿਦਿਆਰਥੀ ਵਾਇਸ ਐਡਮਿਰਲ ਅਜੇ ਕੋਛਰ ਇਕ ਜੁਲਾਈ, 1988 ਨੂੰ ਭਾਰਤੀ ਜਲ ਸੈਨਾ ’ਚ ਸ਼ਾਮਲ ਹੋਏ ਸਨ। ਉਹ ਗਨਰੀ ਤੇ ਮਿਜ਼ਾਈਲ ਸਿਸਟਮਜ਼ ਦੇ ਮਾਹਰ ਮੰਨੇ ਜਾਂਦੇ ਹਨ। ਆਪਣੇ ਕਰੀਅਰ ’ਚ ਉਨ੍ਹਾਂ ਨੇ ਕਈ ਪ੍ਰਮੁੱਖ ਜੰਗੀ ਬੇੜਿਆਂ ਦੀ ਕਮਾਨ ਸੰਭਾਲੀ ਜਿਨ੍ਹਾਂ ’ਚ ਆਈਐੱਨਐੱਸ ਨਾਸ਼ਕ, ਆਈਐੱਨਐੱਸ ਵਿਭੂਤੀ ਤੇ ਆਈਐੱਨਐੱਸ ਕ੍ਰਿਪਾਨ ਸ਼ਾਮਲ ਹਨ। ਉਹ ਫ੍ਰਿਗੇਟ ਆਈਐੱਨਐੱਸ ਤ੍ਰਿਕੰਡ ਦੇ ਕਮਿਸ਼ਨਿੰਗ ਕਮਾਂਡਿੰਗ ਆਫਿਸਰ ਵੀ ਰਹੇ ਹਨ। ਇਸ ਤੋਂ ਇਲਾਵਾ ਉਨ੍ਹਾਂ ਨੇ ਜਹਾਜ਼ਵਾਹਕ ਬੇੜੇ ਆਈਐੱਨਐੱਸ ਵਿਕਰਮਾਦਿੱਤਿਆ ਦੀ ਕਮਾਨ ਸੰਭਾਲੀ ਜਿਸ ਦੌਰਾਨ ਇਸ ਦੇ ਏਅਰ ਵਿੰਗ ਦਾ ਸਫਲ ਏਕੀਕਰਨ ਤੇ ਆਪ੍ਰੇਸ਼ਨ ਯਕੀਨੀ ਬਣਾਇਆ ਗਿਆ। ਜਲ ਸੈਨਾ ਮੁਤਾਬਕ, ਵਾਇਸ ਐਡਮਿਰਲ ਨੇ ਵੈਲਿੰਗਟਨ ਸਥਿਤ ਡਿਫੈਂਸ ਸਰਵਿਸਿਜ਼ ਸਟਾਫ ਕਾਲਜ, ਗੋਆ ਸਥਿਤ ਨੇਵਲ ਵਾਰ ਕਾਲਜ ਤੇ ਬਰਤਾਨੀਆ ਸਥਿਤ ਰਾਇਲ ਕਾਲਜ ਆਫ ਡਿਫੈਂਸ ਸਟਡੀਜ਼ ਤੋਂ ਗ੍ਰੈਜੂਏਸ਼ਨ ਦੀ ਉਪਾਧੀ ਹਾਸਲ ਕੀਤੀ ਹੈ ਤੇ ਜਲ ਸੈਨਾ ਹੈੱਡਕੁਆਰਟਰ ’ਚ ਪ੍ਰਮੁੱਖ ਰਣਨੀਤਕ ਸਟਾਫ ਦੀ ਭੂਮਿਕਾ ’ਚ ਸਰਬੋਤਮ ਪ੍ਰਦਰਸ਼ਨ ਕੀਤਾ ਹੈ। ਜਲ ਸੈਨਾ ਦੇ ਵਾਇਸ ਚੀਫ ਦਾ ਕਾਰਜਭਾਰ ਸੰਭਾਲਣ ਤੋਂ ਪਹਿਲਾਂ ਵਾਇਸ ਐਡਮਿਰਲ ਅਜੇ ਕੋਛਰ ਨੇ ਦਿੱਲੀ ਸਥਿਤ ਰਾਸ਼ਟਰੀ ਜੰਗੀ ਯਾਦਗਾਰ ਪੁੱਜ ਕੇ ਸ਼ਹੀਦਾਂ ਨੂੰ ਸ਼ਰਧਾ ਦੇ ਫੁੱਲ ਭੇਟ ਕੀਤੇ। ਇਸ ਮੌਕੇ ਉਨ੍ਹਾਂ ਨੇ ਦੇਸ਼ ਦੇ ਵੀਰ ਜਵਾਨਾਂ ਨੂੰ ਸ਼ਰਧਾਂਜਲੀ ਦੇ ਕੇ ਸਨਮਾਨਤ ਕੀਤਾ।