Olympics 2036 : ਗ੍ਰਹਿ ਮੰਤਰੀ ਨੇ ਕਿਹਾ ਕਿ ਮੋਦੀ ਸਰਕਾਰ ਖੇਡਾਂ ਨੂੰ ਪਿੰਡ-ਪਿੰਡ ਪਹੁੰਚਾਉਣ ਦੀ ਵਿਵਸਥਾ ਕਰ ਰਹੀ ਹੈ। ਉਨ੍ਹਾਂ ਕਿਹਾ ਕਿ ਹਰ ਖੇਡ 'ਚ ਵੱਖ-ਵੱਖ ਉਮਰ ਦੇ ਬੱਚਿਆਂ ਦੀ ਚੋਣ ਤੇ ਟ੍ਰੇਨਿੰਗ ਵਿਗਿਆਨਕ ਤਰੀਕੇ ਨਾਲ ਕੀਤੀ ਜਾ ਰਹੀ ਹੈ।
Amit Shah Announcement: ਭਾਰਤ ਸਾਲ 2036 'ਚ ਹੋਣ ਵਾਲੀਆਂ ਓਲੰਪਿਕ ਖੇਡਾਂ ਦੀ ਮੇਜ਼ਬਾਨੀ ਲਈ ਪੂਰੀ ਕੋਸ਼ਿਸ਼ ਕਰ ਰਿਹਾ ਹੈ, ਜਿੱਥੇ ਉਸ ਦੀ ਕੋਸ਼ਿਸ਼ ਜ਼ਿਆਦਾ ਤੋਂ ਜ਼ਿਆਦਾ ਮੈਡਲ ਜਿੱਤਣ ਦੀ ਹੈ। ਸਰਕਾਰ ਨੇ ਹੁਣ ਇਸ ਵਿਚ ਹਿੱਸਾ ਲੈਣ ਵਾਲੇ ਖਿਡਾਰੀਆਂ ਦੀ ਤਿਆਰੀ ਲਈ ਵੱਡਾ ਐਲਾਨ ਕੀਤਾ ਹੈ। ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਕਿਹਾ ਕਿ ਲਗਪਗ ਤਿੰਨ ਹਜ਼ਾਰ ਖਿਡਾਰੀਆਂ ਨੂੰ ਹਰ ਮਹੀਨੇ 50,000 ਰੁਪਏ ਦਿੱਤੇ ਜਾ ਰਹੇ ਹਨ।
ਉਨ੍ਹਾਂ ਇਹ ਗੱਲ 'ਵਰਲਡ ਪੁਲਿਸ ਐਂਡ ਫਾਇਰ ਗੇਮਜ਼ 2025' 'ਚ ਭਾਗ ਲੈਣ ਵਾਲੇ ਭਾਰਤੀ ਟੀਮ ਦੇ ਸਨਮਾਨ ਸਮਾਰੋਹ ਦੌਰਾਨ ਆਖੀ। ਉਨ੍ਹਾਂ ਕਿਹਾ, "ਪੀਐਮ ਮੋਦੀ ਦੀ ਲੀਡਰਸ਼ਿਪ 'ਚ ਖੇਡਾਂ ਨੂੰ ਪਿਛਲੇ 10 ਸਾਲ 'ਚ ਕਾਫੀ ਮਹੱਤਵ ਮਿਲਿਆ ਹੈ। ਖੇਡਾਂ ਦੇ ਬਜਟ ਨੂੰ ਪੰਜ ਗੁਣਾ ਵਧਾਇਆ ਗਿਆ ਹੈ। ਸਰਕਾਰ 2036 ਦੀਆਂ ਓਲੰਪਿਕ ਖੇਡਾਂ ਦੀ ਤਿਆਰੀ ਕਰ ਰਹੀ ਹੈ ਤੇ ਲਗਪਗ 3000 ਖਿਡਾਰੀਆਂ 'ਤੇ 50,000 ਪ੍ਰਤੀ ਮਹੀਨਾ ਖਰਚ ਕਰ ਰਹੀ ਹੈ ਤੇ ਇਕ ਡਿਟੇਲ ਪਲਾਨ ਵੀ ਤਿਆਰ ਕਰ ਰਹੀ ਹੈ।"
ਇਸ ਦੌਰਾਨ ਉਨ੍ਹਾਂ ਭਾਰਤੀ ਪੁਲਿਸ ਖੇਡ ਕੰਟਰੋਲ ਬੋਰਡ ਨੂੰ ਘੱਟੋ-ਘੱਟ ਤਿੰਨ ਮੈਡਲ ਜਿੱਤਣ ਦਾ ਟੀਚਾ ਰੱਖਣ ਦੀ ਅਪੀਲ ਕੀਤੀ। ਸ਼ਾਹ ਨੇ ਕਿਹਾ ਕਿ ਰੈਗੂਲਰ ਖੇਡ ਅਭਿਆਸ ਨਾਲ ਪੁਲਿਸ ਬਲਾਂ ਦਾ ਤਣਾਅ ਘਟੇਗਾ ਤੇ ਕੰਮ ਦੀ ਗੁਣਵੱਤਾ 'ਚ ਸੁਧਾਰ ਹੋਵੇਗਾ। ਉਨ੍ਹਾਂ ਕਿਹਾ, "ਹਰ ਪੁਲਿਸ ਅਧਿਕਾਰੀ ਦਾ ਰੁਟੀਨ ਕੁਝ ਇਸ ਤਰ੍ਹਾਂ ਹੋਣਾ ਚਾਹੀਦਾ ਹੈ ਕਿ ਉਨ੍ਹਾਂ ਦਾ ਦਿਨ ਸਵੇਰੇ ਪਰੇਡ ਨਾਲ ਸ਼ੁਰੂ ਹੋਵੇ ਤੇ ਖੇਡ ਨਾਲ ਖ਼ਤਮ ਹੋਵੇ।" ਉਨ੍ਹਾਂ ਕਿਹਾ, "ਜੇਕਰ ਹਰ ਪੁਲਿਸ ਵਾਲਾ ਰੋਜ਼ਾਨਾ ਖੇਡਾਂ ਦੀ ਆਦਤ ਬਣਾ ਲਵੇ ਤਾਂ ਇਸ ਨਾਲ ਨਾ ਸਿਰਫ ਤਣਾਅ ਘਟੇਗਾ ਬਲਕਿ ਕੰਮ ਦੀ ਗੁਣਵੱਤਾ ਵੀ ਸੁਧਰੇਗੀ।"
ਗ੍ਰਹਿ ਮੰਤਰੀ ਨੇ ਕਿਹਾ ਕਿ ਮੋਦੀ ਸਰਕਾਰ ਖੇਡਾਂ ਨੂੰ ਪਿੰਡ-ਪਿੰਡ ਪਹੁੰਚਾਉਣ ਦੀ ਵਿਵਸਥਾ ਕਰ ਰਹੀ ਹੈ। ਉਨ੍ਹਾਂ ਕਿਹਾ ਕਿ ਹਰ ਖੇਡ 'ਚ ਵੱਖ-ਵੱਖ ਉਮਰ ਦੇ ਬੱਚਿਆਂ ਦੀ ਚੋਣ ਤੇ ਟ੍ਰੇਨਿੰਗ ਵਿਗਿਆਨਕ ਤਰੀਕੇ ਨਾਲ ਕੀਤੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਵਿਸ਼ਵ ਪੁਲਿਸ ਅਤੇ ਫਾਇਰ ਬ੍ਰਿਗੇਡ ਖੇਡ 2025 'ਚ ਭਾਗ ਲੈਣ ਵਾਲੇ ਪੁਲਿਸਕਰਮੀਆਂ ਦੀ ਸਫਲਤਾ ਦਾ ਜਸ਼ਨ ਮਨਾਉਣਾ ਚਾਹੀਦਾ ਹੈ ਅਤੇ ਦੇਸ਼ ਦੇ ਲੋਕਾਂ ਨੂੰ ਵੀ ਇਸ ਦੀ ਸਹੀ ਜਾਣਕਾਰੀ ਮਿਲਣੀ ਚਾਹੀਦੀ ਹੈ।