'NTA ਨੂੰ ਹਟਾਇਆ ਜਾਵੇ, ਨਿਆਂਇਕ ਨਿਗਰਾਨੀ ਹੇਠ ਹੋਵੇ ਪ੍ਰੀਖਿਆ', NEET-UG 2026 ਰੱਦ ਹੋਣ ਤੋਂ ਬਾਅਦ ਸੁਪਰੀਮ ਕੋਰਟ 'ਚ ਪਟੀਸ਼ਨ ਦਾਇਰ
ਇਹ ਪਟੀਸ਼ਨ NTA ਵੱਲੋਂ 3 ਮਈ ਨੂੰ ਹੋਈ NEET-UG 2026 ਪ੍ਰੀਖਿਆ ਨੂੰ ਰੱਦ ਕੀਤੇ ਜਾਣ ਦੇ ਕੁਝ ਦਿਨਾਂ ਬਾਅਦ ਦਾਇਰ ਕੀਤੀ ਗਈ ਹੈ। ਇਹ ਫੈਸਲਾ ਪੇਪਰ ਲੀਕ ਦੇ ਦੋਸ਼ਾਂ ਤੋਂ ਬਾਅਦ ਲਿਆ ਗਿਆ ਸੀ, ਜਿਸ ਤੋਂ ਬਾਅਦ ਕੇਂਦਰ ਸਰਕਾਰ ਨੇ ਮਾਮਲੇ ਦੀ ਜਾਂਚ CBI ਨੂੰ ਸੌਂਪ ਦਿੱਤੀ।
Publish Date: Wed, 13 May 2026 01:10 PM (IST)
Updated Date: Wed, 13 May 2026 01:14 PM (IST)
ਡਿਜੀਟਲ ਡੈਸਕ, ਨਵੀਂ ਦਿੱਲੀ : ਫੈਡਰੇਸ਼ਨ ਆਫ ਆਲ ਇੰਡੀਆ ਮੈਡੀਕਲ ਐਸੋਸੀਏਸ਼ਨ (FAIMA) ਨੇ NEET-UG 2026 ਦੇ ਪ੍ਰਬੰਧ 'ਚ ਨੈਸ਼ਨਲ ਟੈਸਟਿੰਗ ਏਜੰਸੀ (NTA) ਦੀ ਪ੍ਰਣਾਲੀਗਤ ਅਸਫਲਤਾ ਨੂੰ ਚੁਣੌਤੀ ਦਿੰਦੇ ਹੋਏ ਸੁਪਰੀਮ ਕੋਰਟ ਦਾ ਰੁਖ ਕੀਤਾ ਹੈ। ਵਕੀਲ ਤਨਵੀ ਦੂਬੇ ਰਾਹੀਂ ਦਾਇਰ ਇਸ ਪਟੀਸ਼ਨ ਵਿੱਚ NTA ਨੂੰ ਬਦਲਣ ਜਾਂ ਉਸਦਾ ਬੁਨਿਆਦੀ ਪੁਨਰਗਠਨ ਕਰਨ ਅਤੇ ਨਿਆਂਇਕ ਨਿਗਰਾਨੀ ਹੇਠ NEET-UG 2026 ਦੀ ਪ੍ਰੀਖਿਆ ਦੁਬਾਰਾ ਕਰਵਾਉਣ ਦੇ ਨਿਰਦੇਸ਼ ਦੇਣ ਦੀ ਮੰਗ ਕੀਤੀ ਗਈ ਹੈ।
ਪਟੀਸ਼ਨ 'ਚ ਕੀ ਮੰਗ ਕੀਤੀ ਗਈ?
ਇਸ ਪਟੀਸ਼ਨ 'ਚ ਅਦਾਲਤ ਤੋਂ ਕੇਂਦਰ ਸਰਕਾਰ ਨੂੰ ਇਹ ਨਿਰਦੇਸ਼ ਦੇਣ ਦੀ ਮੰਗ ਕੀਤੀ ਗਈ ਹੈ ਕਿ ਉਹ NEET ਪ੍ਰੀਖਿਆਵਾਂ ਦੇ ਲਈ NTA ਦੀ ਥਾਂ ਕਿਸੇ ਵਧੇਰੇ ਮਜ਼ਬੂਤ, ਤਕਨੀਕੀ ਤੌਰ 'ਤੇ ਉੱਨਤ ਅਤੇ ਖੁਦਮੁਖਤਿਆਰ ਸੰਸਥਾ ਨੂੰ ਨਿਯੁਕਤ ਕਰੇ।
ਇਸ ਪਟੀਸ਼ਨ 'ਚ ਇਕ ਉੱਚ-ਪੱਧਰੀ ਨਿਗਰਾਨੀ ਕਮੇਟੀ ਦੇ ਗਠਨ ਦੀ ਵੀ ਮੰਗ ਕੀਤੀ ਗਈ ਹੈ ਜਿਸਦੀ ਪ੍ਰਧਾਨਗੀ ਸੁਪਰੀਮ ਕੋਰਟ ਦੇ ਇਕ ਸੇਵਾਮੁਕਤ ਜੱਜ ਕਰਨਗੇ ਅਤੇ ਜਿਸ ਵਿੱਚ ਇੱਕ ਸਾਈਬਰ ਸੁਰੱਖਿਆ ਮਾਹਰ ਅਤੇ ਇੱਕ ਫੋਰੈਂਸਿਕ ਵਿਗਿਆਨੀ ਵੀ ਸ਼ਾਮਲ ਹੋਣਗੇ।
ਇਸ ਕਮੇਟੀ ਦਾ ਕੰਮ ਉਦੋਂ ਤਕ NEET-UG 2026 ਦੀ ਪ੍ਰੀਖਿਆ ਦੇ ਮੁੜ-ਆਯੋਜਨ ਦੀ ਨਿਗਰਾਨੀ ਕਰਨਾ ਹੋਵੇਗਾ, ਜਦੋਂ ਤਕ ਰਸਮੀ ਤੌਰ 'ਤੇ ਇੱਕ ਨਵੀਂ ਸੁਤੰਤਰ ਪ੍ਰੀਖਿਆ ਸੰਸਥਾ ਦਾ ਗਠਨ ਨਹੀਂ ਹੋ ਜਾਂਦਾ।
CBI ਨੂੰ ਸੌਂਪੀ ਗਈ ਮਾਮਲੇ ਦੀ ਜਾਂਚ
ਇਹ ਪਟੀਸ਼ਨ NTA ਵੱਲੋਂ 3 ਮਈ ਨੂੰ ਹੋਈ NEET-UG 2026 ਪ੍ਰੀਖਿਆ ਨੂੰ ਰੱਦ ਕੀਤੇ ਜਾਣ ਦੇ ਕੁਝ ਦਿਨਾਂ ਬਾਅਦ ਦਾਇਰ ਕੀਤੀ ਗਈ ਹੈ। ਇਹ ਫੈਸਲਾ ਪੇਪਰ ਲੀਕ ਦੇ ਦੋਸ਼ਾਂ ਤੋਂ ਬਾਅਦ ਲਿਆ ਗਿਆ ਸੀ, ਜਿਸ ਤੋਂ ਬਾਅਦ ਕੇਂਦਰ ਸਰਕਾਰ ਨੇ ਮਾਮਲੇ ਦੀ ਜਾਂਚ CBI ਨੂੰ ਸੌਂਪ ਦਿੱਤੀ।
ਰਿਪੋਰਟਾਂ ਵਿੱਚ ਕਿਹਾ ਗਿਆ ਹੈ ਕਿ ਵ੍ਹਟਸਐਪ ਤੇ ਟੈਲੀਗ੍ਰਾਮ 'ਤੇ ਸਰਕੂਲੇਟ ਹੋ ਰਹੇ ਗੈੱਸ ਪੇਪਰਾਂ (Guess Papers) ਦੇ 100 ਤੋਂ ਵੱਧ ਸਵਾਲ ਕਥਿਤ ਤੌਰ 'ਤੇ ਅਸਲ ਪ੍ਰੀਖਿਆ ਦੇ ਪੇਪਰ ਨਾਲ ਮੇਲ ਖਾਂਦੇ ਸਨ।