ਸ਼ੁੱਕਰਵਾਰ ਨੂੰ ਕੇਂਦਰੀ ਸੜਕ ਆਵਾਜਾਈ ਤੇ ਰਾਜਮਾਰਗ ਮੰਤਰੀ ਨਿਤਿਨ ਗਡਕਰੀ ਨੇ ਇਸ ਦੀ ਰਸਮੀ ਸ਼ੁਰੂਆਤ ਕੀਤੀ ਹੈ। ਪੂਰੇ ਮੁਲਕ ਵਿਚ ਪੂਰੀ ਤਰ੍ਹਾਂ ਸਵੈ-ਚਾਲਿਤ ਟੋਲ ਵਸੂਲੀ ਦੀ ਦਿਸ਼ਾ ਵਿਚ ਇਹ ਅਹਿਮ ਕਦਮ ਹੈ। ਸਰਕਾਰ ਦਾ ਟੀਚਾ, ਇਸ ਸਾਲ ਦੇ ਅੰਤ ਤੱਕ ਦੇਸ਼ ਦੇ 1,050 ਤੋਂ ਵੱਧ ਟੋਲ ਪਲਾਜ਼ਿਆਂ ਨੂੰ ਏਆਈ-ਅਧਾਰਤ ਬੈਰੀਅਰ-ਫ੍ਰੀ ਸਿਸਟਮ ਵਿਚ ਬਦਲਣਾ ਹੈ।

ਜਾਗਰਣ ਨਿਊਜ਼ ਨੈੱਟਵਰਕ, ਨਵੀਂ ਦਿੱਲੀ : ਨੈਸ਼ਨਲ ਹਾਈਵੇ ’ਤੇ ਟੋਲ ਪਲਾਜ਼ੇ ’ਤੇ ਹੁਣ ਤੁਹਾਨੂੰ ਨਾ ਤਾਂ ਰੁਕਣਾ ਪਵੇਗਾ ਅਤੇ ਨਾ ਹੀ ਲੰਮੀ ਕਤਾਰ ਦੇ ਝੰਜਟ ਵਿਚ ਪੈਣਾ ਪਵੇਗਾ। ਤੇਜ਼ ਰਫ਼ਤਾਰ ਨਾਲ ਤੁਸੀਂ ਉੱਥੋਂ ਲੰਘ ਸਕੋਗੇ ਤੇ ਬਣਦਾ ਟੋਲ ਆਪਣੇ ਆਪ ਕੱਟ ਜਾਵੇਗਾ। ਮੁਲਕ ਦਾ ਪਹਿਲਾ ਬੈਰੀਅਰ ਫ੍ਰੀ ਟੋਲ ਪਲਾਜ਼ਾ ਦਿੱਲੀ-ਮੁੰਬਈ ਨੈਸ਼ਨਲ ਹਾਈਵੇ (ਐੱਨਐੱਚ-48) ‘ਤੇ ਸੂਰਤ ਤੇ ਭਰੂਚ ਦਰਮਿਆਨ ਚੋਰਯਾਸੀ ਡਵੀਜ਼ਨ ’ਤੇ ਚਾਲੂ ਹੋ ਗਿਆ ਹੈ। ਸ਼ੁੱਕਰਵਾਰ ਨੂੰ ਕੇਂਦਰੀ ਸੜਕ ਆਵਾਜਾਈ ਤੇ ਰਾਜਮਾਰਗ ਮੰਤਰੀ ਨਿਤਿਨ ਗਡਕਰੀ ਨੇ ਇਸ ਦੀ ਰਸਮੀ ਸ਼ੁਰੂਆਤ ਕੀਤੀ ਹੈ। ਪੂਰੇ ਮੁਲਕ ਵਿਚ ਪੂਰੀ ਤਰ੍ਹਾਂ ਸਵੈ-ਚਾਲਿਤ ਟੋਲ ਵਸੂਲੀ ਦੀ ਦਿਸ਼ਾ ਵਿਚ ਇਹ ਅਹਿਮ ਕਦਮ ਹੈ। ਸਰਕਾਰ ਦਾ ਟੀਚਾ, ਇਸ ਸਾਲ ਦੇ ਅੰਤ ਤੱਕ ਦੇਸ਼ ਦੇ 1,050 ਤੋਂ ਵੱਧ ਟੋਲ ਪਲਾਜ਼ਿਆਂ ਨੂੰ ਏਆਈ-ਅਧਾਰਤ ਬੈਰੀਅਰ-ਫ੍ਰੀ ਸਿਸਟਮ ਵਿਚ ਬਦਲਣਾ ਹੈ।
ਇਹ ਪ੍ਰਣਾਲੀ ਮਲਟੀ-ਲੇਨ ਫ੍ਰੀ ਫ਼ਲੋ (ਐੱਮਐੱਲਐੱਫਐੱਫ) ਤਕਨੀਕ ’ਤੇ ਅਧਾਰਤ ਹੈ ਤੇ ਇਸ ਨੂੰ ਐੱਨਐੱਚਏਆਈ ਵੱਲੋਂ ਸੜਕੀ ਆਵਾਜਾਈ ਤੇ ਰਾਜਮਾਰਗ ਮੰਤਰਾਲਾ ਦੀ ਯੋਜਨਾ ਤਹਿਤ ਟੋਲਿੰਗ ਢਾਂਚੇ ਨੂੰ ਅਤਿ-ਆਧੁਨਿਕ ਬਣਾਉਣ ਲਈ ਲਾਗੂ ਕੀਤਾ ਗਿਆ ਹੈ।
ਪੀਟੀਆਈ ਮੁਤਾਬਕ ਗਡਕਰੀ ਨੇ ਐਕਸ ’ਤੇ ਪਾਈ ਪੋਸਟ ਵਿਚ ਲਿਖਿਆ- 'ਇਹ ਅਤਿ-ਆਧੁਨਿਕ ਪ੍ਰਣਾਲੀ ਵਾਹਨਾਂ ਨੂੰ ਰੋਕੇ ਬਿਨਾਂ, ਟੋਲ ਵਸੂਲੀ ਦੀ ਸਹੂਲਤ ਦਿੰਦੀ ਹੈ। ਇਸ ਵਿਚ ਆਟੋਮੈਟਿਕ ਨੰਬਰ ਪਲੇਟ ਰੈਕਗਨੀਸ਼ਨ (ਏਐੱਨਪੀਆਰ) ਅਤੇ ਫਾਸਟੈਗ ਵਰਗੀਆਂ ਉਮਦਾ ਤਕਨੀਕਾਂ ਦੀ ਵਰਤੋਂ ਕੀਤੀ ਗਈ ਹੈ। ਗਡਕਰੀ ਨੇ ਕਿਹਾ ਕਿ ਬੈਰੀਅਰ ਰਹਿਤ ਟੋਲਿੰਗ ਨਾਗਰਿਕਾਂ ਲਈ ‘ਸੁਖਾਲੀ ਜ਼ਿੰਦਗੀ’ ਨੂੰ ਵਧਾਏਗੀ ਅਤੇ ‘ਸੁਖਾਲੀ ਕਾਰੋਬਾਰੀ ਸਹੂਲਤ’ ਨੂੰ ਵਧਾਏਗੀ। ਗਡਕਰੀ ਨੇ ਕਿਹਾ ਹੈ ਕਿ 2026 ਦੇ ਅੰਤ ਤੱਕ ਦੇਸ਼ ਟੋਲ ਵਸੂਲਣ ਦੇ ਖੇਤਰ ਵਿਚ ਪੂਰੀ ਤਰ੍ਹਾਂ ਬੈਰੀਅਰ ਮੁਕਤ ਹੋਣ ਦੀ ਉਮੀਦ ਹੈ।
ਬੈਰੀਅਰ ਲੈਸ ਟੋਲਿੰਗ ਸਿਸਟਮ ਇੰਝ ਕਰਦੈ ਕੰਮ
ਆਈਏਐੱਨਐੱਸ ਮੁਤਾਬਕ ਐੱਨਐੱਚਏਆਈ ਦੇ ਮੁੱਖ ਆਪ੍ਰੇਸ਼ਨ ਅਧਿਕਾਰੀ ਏਆਰ ਚਿਤਰਾਂਸੀ ਨੇ ਕਿਹਾ ਹੈ ਕਿ ਇਸ ਬੈਰੀਅਰ ਮੁਕਤ ਟੋਲਿੰਗ ਨੂੰ ਬਹੁ-ਮਾਰਗੀ ਫ੍ਰੀ ਫ਼ਲੋ ਟੋਲਿੰਗ ਵੀ ਕਿਹਾ ਜਾਂਦਾ ਹੈ। ਇਸ ਵਿਚ ਵਾਹਨ ਨੂੰ ਰੋਕਣ ਦੀ ਲੋੜ ਨਹੀਂ ਹੁੰਦੀ। ਵਾਹਨ ਗੈਂਟਰੀ ਦੇ ਹੇਠਾਂ ਤੋਂ ਲੰਘੇਗਾ ਤੇ ਉਸ ਦਾ ਟੋਲ ਕੱਟਿਆ ਜਾਵੇਗਾ। ਉਨ੍ਹਾਂ ਦੱਸਿਆ ਕਿ ਟੋਲ ਖ਼ਰਚਾ ਖ਼ੁਦ-ਬ-ਖ਼ੁਦ ਏਐੱਨਪੀਆਰ ਤਕਨੀਕ ਤੇ ਫਾਸਟੈਗ ਏਕੀਕਰਨ ਰਾਹੀਂ ਕੱਟਿਆ ਜਾਇਆ ਕਰੇਗਾ। ਹਾਈ ਰੈਜ਼ੋਲਿਊਸ਼ਨ ਕੈਮਰੇ ਵਾਹਨ ਦੀ ਨੰਬਰ ਪਲੇਟ ਨੂੰ ਸਕੈਨ ਕਰਦੇ ਹਨ, ਜਦਕਿ ਆਰਐੱਫਆਈਡੀ ਸੈਂਸਰ ਫਾਸਟੈਗ ਵੇਰਵਾ ਪੜ੍ਹਦੇ ਹਨ ਤੇ ਇਸ ਨਾਲ ਬਿਨਾਂ ਕਿਸੇ ਮੈਨੂਅਲ ਦਖ਼ਲ ਤੋਂ ਸਿੱਧੀ ਟੋਲ ਕਟੌਤੀ ਹੁੰਦੀ ਹੈ। ਇਸ ਵਿਚ ਸੜਕ ਦੇ ਉੱਪਰ ਲੱਗੇ ਫਰੇਮ ਵਿਚ ਸੈਂਸਰ ਤੇ ਕੈਮਰੇ ਲੱਗੇ ਹੁੰਦੇ ਹਨ। ਇਹ ਚੱਲਦੀਆਂ ਗੱਡੀਆਂ ਦੀ ਸ਼ਨਾਖ਼ਤ ਕਰ ਲੈਂਦੇ ਹਨ ਅਤੇ ਟ੍ਰੈਫਿਕ ਨੂੰ ਰੋਕੇ ਬਿਨਾਂ ਆਪਣੇ ਆਪ ਪੈਸੇ ਕੱਟ ਲੈਂਦੇ ਹਨ। ਜੇ ਕਿਸੇ ਵਾਹਨ ਵਿਚ ਸਰਗਰਮ ਫਾਸਟੈਗ ਨਾ ਹੋਵੇ ਤਾਂ ਸਿਸਟਮ ਇਸ ਨੂੰ ਨੰਬਰ ਪਲੇਟ ਰਾਹੀਂ ਪਹਿਚਾਣਦਾ ਹੈ ਤੇ ਭੁਗਤਾਨ ਲਈ ਵਾਹਨ ਮਾਲਕ ਨੂੰ ਈ-ਨੋਟਿਸ ਭੇਜਦਾ ਹੈ।
ਬੈਰੀਅਰ ਮੁਕਤ ਟੋਲ ਪਲਾਜ਼ਾ ਦੇ ਇਹ ਹੋਣਗੇ ਫ਼ਾਇਦੇ
--ਟੋਲ ’ਤੇ ਟ੍ਰੈਫਿਕ ਜਾਮ ਤੋਂ ਮਿਲੇਗੀ ਰਾਹਤ, ਸਫ਼ਰ ਦਾ ਸਮਾਂ ਕਾਫ਼ੀ ਘੱਟ ਹੋਵੇਗਾ
-ਵਾਹਨ ਦੀ ਈਂਧਣ ਖਪਤ ’ਚ ਬਚਤ ਹੋਵੇਗੀ, ਨਾਲ ਹੀ ਵਾਹਨ ਨਿਕਾਸੀ ’ਚ ਕਮੀ ਆਵੇਗੀ
-ਟੋਲ ਸੰਚਾਲਨ ’ਚ ਮਨੁੱਖੀ ਦਖ਼ਲ ਘੱਟ ਤੋਂ ਘੱਟ ਹੋਵੇਗਾ, ਇਸ ਨਾਲ ਝਗੜੇ ਘੱਟ ਜਾਣਗੇ।