ਹਾਦਸਾ ਨਹੀਂ, ਸਾਜ਼ਿਸ਼ੀ ਕਤਲ ! ਜਦੋਂ ਮਹਿਲਾ ਅਧਿਕਾਰੀ ਨੇ ਫੜੀ ਗੜਬੜੀ ਤਾਂ ਸਾਥੀ ਨੇ ਪੈਟਰੋਲ ਪਾ ਕੇ ਜ਼ਿੰਦਾ ਸਾੜ ਮਿਟਾਏ ਸਬੂਤ
ਕਲਿਆਣੀ ਨੰਬੀ ਦਾ ਹਾਲ ਹੀ ਵਿੱਚ ਤਿਰੂਨੇਲਵੇਲੀ ਤੋਂ ਮਦੁਰੈ ਤਬਾਦਲਾ ਹੋਇਆ ਸੀ। ਉੱਥੇ ਉਨ੍ਹਾਂ ਨੇ 'ਡੈਥ ਕਲੇਮ' (ਮੌਤ ਦੇ ਦਾਵਿਆਂ) ਦੇ ਨਿਪਟਾਰੇ ਵਿੱਚ ਭਾਰੀ ਗੜਬੜੀਆਂ ਫੜੀਆਂ। ਮੁਲਜ਼ਮ ਰਾਮ ਕੋਲ 40 ਤੋਂ ਵੱਧ ਡੈਥ ਕਲੇਮ ਪੈਂਡਿੰਗ ਸਨ। ਕਲਿਆਣੀ ਨੇ ਉਸ ਨੂੰ ਚਿਤਾਵਨੀ ਦਿੱਤੀ ਸੀ
Publish Date: Wed, 21 Jan 2026 11:45 AM (IST)
Updated Date: Wed, 21 Jan 2026 11:52 AM (IST)
ਮਦੁਰੈ/ਨਵੀਂ ਦਿੱਲੀ: ਤਾਮਿਲਨਾਡੂ ਦੇ ਮਦੁਰੈ ਵਿੱਚ LIC ਦਫ਼ਤਰ 'ਚ ਲੱਗੀ ਅੱਗ ਵਿੱਚ ਹੋਈ ਮਹਿਲਾ ਅਧਿਕਾਰੀ ਦੀ ਮੌਤ ਕੋਈ ਹਾਦਸਾ ਨਹੀਂ, ਸਗੋਂ ਇੱਕ ਸੋਚਿਆ-ਸਮਝਿਆ ਕਤਲ ਸੀ। ਤਾਮਿਲਨਾਡੂ ਪੁਲਿਸ ਨੇ ਇਸ ਮਾਮਲੇ ਦੀ ਜਾਂਚ ਤੋਂ ਬਾਅਦ ਹੈਰਾਨ ਕਰਨ ਵਾਲਾ ਖੁਲਾਸਾ ਕੀਤਾ ਹੈ।
54 ਸਾਲਾ ਸੀਨੀਅਰ ਅਧਿਕਾਰੀ ਕਲਿਆਣੀ ਨੰਬੀ ਨੂੰ ਉਨ੍ਹਾਂ ਦੇ ਹੀ ਸਾਥੀ ਮੁਲਾਜ਼ਮ ਟੀ. ਰਾਮ ਨੇ ਪੈਟਰੋਲ ਪਾ ਕੇ ਅੱਗ ਲਾ ਦਿੱਤੀ ਸੀ ਤਾਂ ਜੋ ਉਹ ਆਪਣੀਆਂ ਵਿੱਤੀ ਗੜਬੜੀਆਂ ਨੂੰ ਛੁਪਾ ਸਕੇ। ਪੁਲਿਸ ਨੇ ਮੁਲਜ਼ਮ ਟੀ. ਰਾਮ ਨੂੰ ਗ੍ਰਿਫ਼ਤਾਰ ਕਰ ਲਿਆ ਹੈ, ਜੋ ਐਲਆਈਸੀ ਵਿੱਚ ਸਹਾਇਕ ਪ੍ਰਬੰਧਕੀ ਅਫ਼ਸਰ (AAO) ਵਜੋਂ ਤਾਇਨਾਤ ਸੀ।
ਕਿਵੇਂ ਰਚੀ ਗਈ ਕਤਲ ਦੀ ਸਾਜ਼ਿਸ਼
ਇਹ ਘਟਨਾ ਦਸੰਬਰ 2025 ਵਿੱਚ ਵਾਪਰੀ ਸੀ। ਸ਼ੁਰੂ ਵਿੱਚ ਲੱਗਿਆ ਕਿ ਏਅਰ ਕੰਡੀਸ਼ਨਰ ਵਿੱਚ ਸ਼ਾਰਟ ਸਰਕਟ ਹੋਣ ਕਾਰਨ ਅੱਗ ਲੱਗੀ ਹੈ ਪਰ ਪੁਲਿਸ ਜਾਂਚ ਵਿੱਚ ਸੱਚਾਈ ਕੁਝ ਹੋਰ ਹੀ ਨਿਕਲੀ।
ਕਲਿਆਣੀ ਨੰਬੀ ਦਾ ਹਾਲ ਹੀ ਵਿੱਚ ਤਿਰੂਨੇਲਵੇਲੀ ਤੋਂ ਮਦੁਰੈ ਤਬਾਦਲਾ ਹੋਇਆ ਸੀ। ਉੱਥੇ ਉਨ੍ਹਾਂ ਨੇ 'ਡੈਥ ਕਲੇਮ' (ਮੌਤ ਦੇ ਦਾਵਿਆਂ) ਦੇ ਨਿਪਟਾਰੇ ਵਿੱਚ ਭਾਰੀ ਗੜਬੜੀਆਂ ਫੜੀਆਂ। ਮੁਲਜ਼ਮ ਰਾਮ ਕੋਲ 40 ਤੋਂ ਵੱਧ ਡੈਥ ਕਲੇਮ ਪੈਂਡਿੰਗ ਸਨ। ਕਲਿਆਣੀ ਨੇ ਉਸ ਨੂੰ ਚਿਤਾਵਨੀ ਦਿੱਤੀ ਸੀ ਕਿ ਉਹ ਉਸ ਵਿਰੁੱਧ ਅਨੁਸ਼ਾਸਨੀ ਕਾਰਵਾਈ ਦੀ ਸਿਫ਼ਾਰਸ਼ ਕਰੇਗੀ। ਆਪਣੀ ਨੌਕਰੀ ਬਚਾਉਣ ਲਈ ਰਾਮ ਨੇ ਕਲਿਆਣੀ ਨੂੰ ਰਸਤੇ ਵਿੱਚੋਂ ਹਟਾਉਣ ਦਾ ਪਲਾਨ ਬਣਾਇਆ। ਉਸ ਨੇ ਪੈਟਰੋਲ ਦੀਆਂ ਬੋਤਲਾਂ ਤਿਆਰ ਰੱਖੀਆਂ, ਦਫ਼ਤਰ ਦੀ ਬਿਜਲੀ ਕੱਟ ਦਿੱਤੀ ਅਤੇ ਮੁੱਖ ਦਰਵਾਜ਼ੇ ਨੂੰ ਬਾਹਰੋਂ ਜੰਜ਼ੀਰ ਨਾਲ ਬੰਦ ਕਰ ਦਿੱਤਾ ਤਾਂ ਜੋ ਕਲਿਆਣੀ ਬਾਹਰ ਨਾ ਨਿਕਲ ਸਕੇ ਫਿਰ ਉਸ ਨੇ ਕੈਬਿਨ ਵਿੱਚ ਪੈਟਰੋਲ ਪਾ ਕੇ ਅੱਗ ਲਗਾ ਦਿੱਤੀ।
ਪੁਲਿਸ ਨੇ ਕਿਵੇਂ ਸੁਲਝਾਈ ਗੁੱਥੀ
ਪੁੱਛਗਿੱਛ ਦੌਰਾਨ ਰਾਮ ਦੇ ਬਿਆਨ ਵਾਰ-ਵਾਰ ਬਦਲ ਰਹੇ ਸਨ। ਸਖ਼ਤੀ ਨਾਲ ਪੁੱਛਣ 'ਤੇ ਉਸ ਨੇ ਕਬੂਲ ਕੀਤਾ ਕਿ ਉਸ ਨੇ ਫਾਈਲਾਂ ਸਾੜ ਕੇ ਸਬੂਤ ਮਿਟਾਉਣ ਅਤੇ ਕਲਿਆਣੀ ਨੂੰ ਮਾਰਨ ਦੀ ਯੋਜਨਾ ਬਣਾਈ ਸੀ। ਖ਼ੁਦ ਨੂੰ ਬਚਾਉਣ ਲਈ ਉਸ ਨੇ ਇਸ ਨੂੰ ਹਾਦਸੇ ਦਾ ਰੂਪ ਦੇਣ ਦੀ ਕੋਸ਼ਿਸ਼ ਕੀਤੀ ਅਤੇ ਮਾਮੂਲੀ ਅੱਗ ਖ਼ੁਦ ਨੂੰ ਵੀ ਲਗਾ ਲਈ ਤਾਂ ਜੋ ਉਹ ਬੇਗੁਨਾਹ ਲੱਗੇ। 17 ਜਨਵਰੀ 2026 ਨੂੰ ਪੁਲਿਸ ਨੇ ਰਾਮ ਨੂੰ ਗ੍ਰਿਫ਼ਤਾਰ ਕਰ ਲਿਆ। ਉਸ ਵਿਰੁੱਧ ਕਤਲ, ਸਬੂਤ ਮਿਟਾਉਣ ਅਤੇ ਗਲਤ ਜਾਣਕਾਰੀ ਦੇਣ ਵਰਗੀਆਂ ਗੰਭੀਰ ਧਾਰਾਵਾਂ ਤਹਿਤ ਕੇਸ ਦਰਜ ਕੀਤਾ ਗਿਆ ਹੈ।