ਧੁੰਦ ਨੂੰ ਤਾਂ ਰੋਕਿਆ ਨਹੀਂ ਜਾ ਸਕਦਾ ਪਰ ਭਾਰਤੀ ਰਾਸ਼ਟਰੀ ਰਾਜਮਾਰਗ ਅਥਾਰਟੀ (ਐੱਨਐੱਚਏਆਈ) ਨੇ ਹਾਦਸੇ ਘੱਟ ਕਰਨ ਲਈ ਹੁਣੇ ਤੋਂ ਤਿਆਰੀ ਸ਼ੁਰੂ ਕਰ ਦਿੱਤੀ ਹੈ। ਯਾਤਰੀਆਂ ਨੂੰ ਸਫ਼ਰ ਦੌਰਾਨ ਸੰਘਣੀ ਧੁੰਦ ਬਾਰੇ ਪਹਿਲਾਂ ਹੀ ਸੁਚੇਤ ਕਰਨ ਲਈ ਐੱਨਐੱਚਏਆਈ ਨੇ ਭਾਰਤੀ ਮੌਸਮ ਵਿਗਿਆਨ ਵਿਭਾਗ (ਆਈਐੱਮਡੀ) ਨਾਲ ਸਮਝੌਤਾ ਕੀਤਾ ਹੈ।

ਜਾਗਰਣ ਬਿਊਰੋ, ਨਵੀਂ ਦਿੱਲੀ : ਇਹ ਕੌੜਾ ਸੱਚ ਹੈ ਕਿ ਸੜਕੀ ਆਵਾਜਾਈ ਤੇ ਰਾਜਮਾਰਗ ਮੰਤਰਾਲੇ ਦੀਆਂ ਕੋਸ਼ਿਸ਼ਾਂ ਦੇ ਬਾਵਜੂਦ ਦੇਸ਼ ਵਿਚ ਸੜਕ ਹਾਦਸੇ ਤੇ ਉਨ੍ਹਾਂ ਕਾਰਨ ਹੋਣ ਵਾਲੀਆਂ ਮੌਤਾਂ ਦੀ ਗਿਣਤੀ ਹਰ ਸਾਲ ਵਧਦੀ ਜਾ ਰਹੀ ਹੈ। ਸਰਦੀਆਂ ਦੇ ਮੌਸਮ ਵਿਚ ਇਨ੍ਹਾਂ ਦਰਦਨਾਕ ਹਾਦਸਿਆਂ ਦਾ ਇਕ ਵੱਡਾ ਕਾਰਨ ਸੰਘਣੀ ਧੁੰਦ ਵੀ ਹੁੰਦੀ ਹੈ। ਧੁੰਦ ਨੂੰ ਤਾਂ ਰੋਕਿਆ ਨਹੀਂ ਜਾ ਸਕਦਾ ਪਰ ਭਾਰਤੀ ਰਾਸ਼ਟਰੀ ਰਾਜਮਾਰਗ ਅਥਾਰਟੀ (ਐੱਨਐੱਚਏਆਈ) ਨੇ ਹਾਦਸੇ ਘੱਟ ਕਰਨ ਲਈ ਹੁਣੇ ਤੋਂ ਤਿਆਰੀ ਸ਼ੁਰੂ ਕਰ ਦਿੱਤੀ ਹੈ। ਯਾਤਰੀਆਂ ਨੂੰ ਸਫ਼ਰ ਦੌਰਾਨ ਸੰਘਣੀ ਧੁੰਦ ਬਾਰੇ ਪਹਿਲਾਂ ਹੀ ਸੁਚੇਤ ਕਰਨ ਲਈ ਐੱਨਐੱਚਏਆਈ ਨੇ ਭਾਰਤੀ ਮੌਸਮ ਵਿਗਿਆਨ ਵਿਭਾਗ (ਆਈਐੱਮਡੀ) ਨਾਲ ਸਮਝੌਤਾ ਕੀਤਾ ਹੈ।
ਦੇਸ਼ ਵਿਚ ਹਰ ਸਾਲ ਹਜ਼ਾਰਾਂ ਲੋਕ ਸੜਕ ਹਾਦਸਿਆਂ ਦੌਰਾਨ ਮਾਰੇ ਜਾਂਦੇ ਹਨ। ਸਾਲ 2024 ਦੇ ਪ੍ਰਾਪਤ ਅੰਕੜਿਆਂ ਮੁਤਾਬਕ ਮੌਤਾਂ ਦੀ ਗਿਣਤੀ 1.77 ਲੱਖ ਸੀ। ਇਨ੍ਹਾਂ ਹਾਦਸਿਆਂ ਦੇ ਕਈ ਕਾਰਨ ਹਨ ਪਰ ਸਰਦੀਆਂ ਦੇ ਮੌਸਮ ਵਿਚ ਰਾਸ਼ਟਰੀ ਰਾਜਮਾਰਗਾਂ ’ਤੇ ਵੀ ਬਹੁਤ ਸਾਰੇ ਹਾਦਸੇ ਹੁੰਦੇ ਹਨ। ਕਈ ਵਾਹਨਾਂ ਦੀ ਆਪਸੀ ਟੱਕਰ ਹੋਣ ਕਾਰਨ ਕਈ ਜਾਨਾਂ ਚਲੀਆਂ ਜਾਂਦੀਆਂ ਹਨ। ਐੱਨਐੱਚਏਆਈ ਦੇ ਇਕ ਸੀਨੀਅਰ ਅਧਿਕਾਰੀ ਨੇ ਦੱਸਿਆ ਕਿ ਪਿਛਲੇ ਸਾਲ ਇਕ ਪ੍ਰਮੁੱਖ ਟੈਲੀਕਾਮ ਕੰਪਨੀ ਨੇ ਧੁੰਦ ਕਾਰਨ ਵਾਪਰਨ ਵਾਲੇ ਹਾਦਸਿਆਂ ਤੋਂ ਯਾਤਰੀਆਂ ਨੂੰ ਬਚਾਉਣ ਦੀਆਂ ਕੋਸ਼ਿਸ਼ਾਂ ਵਿਚ ਸ਼ਲਾਘਾਯੋਗ ਸਹਿਯੋਗ ਦਿੱਤਾ। ਕੰਪਨੀ ਨੇ ਯਾਤਰਾ ਕਰ ਰਹੇ ਆਪਣੇ ਗਾਹਕਾਂ ਨੂੰ ਜੀਪੀਐੱਸ ਦੇ ਆਧਾਰ ’ਤੇ ਮੌਸਮ ਦੇ ਪੂਰਵ ਅਨੁਮਾਨ ਦੇ ਸੰਦੇਸ਼ ਭੇਜੇ ਕਿ ਇਸ ਮਾਰਗ ’ਤੇ ਧੁੰਦ ਹੋਵੇਗੀ ਜਾਂ ਨਹੀਂ। ਅਧਿਕਾਰੀ ਦਾ ਦਾਅਵਾ ਹੈ ਕਿ ਇਸ ਦਾ ਕੋਈ ਅਧਿਕਾਰਤ ਅਧਿਐਨ ਤਾਂ ਨਹੀਂ ਕੀਤਾ ਗਿਆ ਪਰ ਅਨੁਮਾਨ ਹੈ ਕਿ ਇਸ ਸਹੂਲਤ ਨਾਲ ਵੀ ਹਾਦਸਿਆਂ ਨੂੰ ਕੁਝ ਘੱਟ ਕਰਨ ਵਿਚ ਕਾਮਯਾਬੀ ਮਿਲੀ।
ਐੱਨਐੱਚਏਆਈ ਦਾ ਮੰਨਣਾ ਹੈ ਕਿ ਉਂਝ ਤਾਂ ਧੁੰਦ ਵਿਚ ਦ੍ਰਿਸ਼ਟਤਾ ਪ੍ਰਭਾਵਿਤ ਹੋਣ ’ਤੇ ਵਾਹਨ ਚਾਲਕ ਆਪਣੀ ਚੌਕਸੀ ਨਾਲ ਖ਼ੁਦ ਹੀ ਹਾਦਸਿਆਂ ਨੂੰ ਟਾਲ ਸਕਦੇ ਹਨ, ਫਿਰ ਵੀ ਅਥਾਰਟੀ ਆਪਣੇ ਵੱਲੋਂ ਵੀ ਯਾਤਰੀਆਂ ਨੂੰ ਸਾਵਧਾਨ ਕਰਨ ਦੀਆਂ ਕੋਸ਼ਿਸ਼ਾਂ ਕਰੇਗੀ। ਇਸ ਲਈ ਇਸ ਨੇ ਹਾਲ ਹੀ ਵਿਚ ਆਈਐੱਮਡੀ ਨਾਲ ਇਕ ਸਮਝੌਤਾ ਕੀਤਾ ਹੈ। ਆਈਐੱਮਡੀ ਰਾਸ਼ਟਰੀ ਹਾਈਵੇ ਨੈੱਟਵਰਕ ’ਤੇ ਆਪਣੇ ਸੈਂਸਰ ਲਗਾਏਗਾ ਅਤੇ ਐੱਨਐੱਚਏਆਈ ਨੂੰ ਮੌਸਮ ਪੂਰਵ ਅਨੁਮਾਨ ਉਪਲਬਧ ਕਰਵਾਏਗਾ। ਐੱਨਐੱਚਏਆਈ ਉਸੇ ਮੁਤਾਬਕ ਹਾਈਵੇ ’ਤੇ ਜਗ੍ਹਾ-ਜਗ੍ਹਾ ਡਿਸਪਲੇ ਕਰ ਕੇ ਦੱਸੇਗਾ ਕਿ ਅੱਗੇ ਕਿੰਨੇ ਕਿਲੋਮੀਟਰ ਬਾਅਦ ਸੰਘਣੀ ਧੁੰਦ ਹੋ ਸਕਦੀ ਹੈ, ਇਸ ਲਈ ਇਸ ਹਿੱਸੇ ਵਿਚ ਹੌਲੀ ਰਫ਼ਤਾਰ ਨਾਲ ਵਾਹਨ ਚਲਾਓ। ਨਾਲ ਹੀ ਐੱਨਐੱਚਏਆਈ ਆਪਣੀ ਪੈਟਰੋਲਿੰਗ ਨੂੰ ਵੀ ਉਸੇ ਮੁਤਾਬਕ ਵਧੇਰੇ ਸਰਗਰਮ ਕਰ ਸਕੇਗਾ। ਇਸ ਤੋਂ ਇਲਾਵਾ ਬਾਕੀ ਟੈਲੀਕਾਮ ਕੰਪਨੀਆਂ ਨਾਲ ਵੀ ਸੰਪਰਕ ਕੀਤਾ ਜਾ ਰਿਹਾ ਹੈ ਤਾਂ ਜੋ ਉਹ ਵੀ ਆਪਣੇ ਗਾਹਕਾਂ ਨੂੰ ਯਾਤਰਾ ਸਮੇਂ ਮੈਸੇਜ ਜ਼ਰੀਏ ਪਹਿਲਾਂ ਹੀ ਖੇਤਰਵਾਰ ਮੌਸਮ ਦੀ ਅਪਡੇਟ ਜਾਣਕਾਰੀ ਮੁਹੱਈਆ ਕਰਵਾ ਸਕਣ।