ਸੀਬੀਆਈ ਦੇ ਇਕ ਸੀਨੀਅਰ ਅਧਿਕਾਰੀ ਨੇ ਕਿਹਾ ਕਿ ਪੁਣੇ ਤੋਂ ਗ੍ਰਿਫ਼ਤਾਰ ਮਨੀਸ਼ਾ ਵਾਘਮਾਰੇ ਦੀ ਹੋਰ ਮੁਲਜ਼ਮਾਂ ਨਾਲ ਮੋਬਾਈਲ ’ਤੇ ਗੱਲਬਾਤ ਦੇ ਨਾਲ-ਨਾਲ ਲੱਖਾਂ ਰੁਪਏ ਦੇ ਲੈਣ-ਦੇਣ ਦੇ ਸਬੂਤ ਮਿਲੇ ਹਨ। ਪੁੱਛਗਿੱਛ ’ਚ ਵਾਘਮਾਰੇ ਇਸ ਬਾਰੇ ਤਸੱਲੀਬਖ਼ਸ਼ ਜਵਾਬ ਨਹੀਂ ਦੇ ਪਾ ਰਹੀ ਹੈ।

ਜਾਗਰਣ ਬਿਊਰੋ, ਨਵੀਂ ਦਿੱਲੀ : ਸੀਬੀਆਈ ਨੇ ਨੀਟ ਪੇਪਰ ਲੀਕ ਮਾਮਲੇ ’ਚ ਦੋ ਹੋਰ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕੀਤਾ ਹੈ। ਇਨ੍ਹਾਂ ’ਚ ਇਕ ਮਹਾਰਾਸ਼ਟਰ ਦੇ ਅਹਿੱਲਿਆਨਗਰ ਤੋਂ ਧਨੰਜੇ ਲੋਖੰਡੇ ਤੇ ਦੂਜੀ ਪੁਣੇ ਤੋਂ ਮਨੀਸ਼ਾ ਵਾਘਮਾਰੇ ਹੈ। ਦੋ ਦਿਨ ਦੀ ਜਾਂਚ ’ਚ ਪ੍ਰਸ਼ਨ ਪੱਤਰ ਦੀ ਮੂਲ ਕਾਪੀ ਪੁਣੇ ਤੋਂ ਲੀਕ ਹੋਣ ਦੀ ਗੱਲ ਸਾਹਮਣੇ ਆ ਰਹੀ ਹੈ, ਜਿਸ ਤੋਂ ਬਾਅਦ ਵ੍ਹਟਸਐਪ ਰਾਹੀਂ ਨਾਸਿਕ, ਜੈਪੁਰ ਤੇ ਗੁਰੂਗ੍ਰਾਮ ਤੱਕ ਵੰਡੀ ਗਈ। ਜਾਂਚ ਦੇ ਸਿਲਸਿਲੇ ’ਚ ਪਿਛਲੇ 24 ਘੰਟਿਆਂ ’ਚ ਸੀਬੀਆਈ ਨੇ ਦੇਸ਼ ਦੇ 14 ਸਥਾਨਾਂ ’ਤੇ ਛਾਪੇ ਮਾਰੇ।
ਸੀਬੀਆਈ ਦੇ ਇਕ ਸੀਨੀਅਰ ਅਧਿਕਾਰੀ ਨੇ ਕਿਹਾ ਕਿ ਪੁਣੇ ਤੋਂ ਗ੍ਰਿਫ਼ਤਾਰ ਮਨੀਸ਼ਾ ਵਾਘਮਾਰੇ ਦੀ ਹੋਰ ਮੁਲਜ਼ਮਾਂ ਨਾਲ ਮੋਬਾਈਲ ’ਤੇ ਗੱਲਬਾਤ ਦੇ ਨਾਲ-ਨਾਲ ਲੱਖਾਂ ਰੁਪਏ ਦੇ ਲੈਣ-ਦੇਣ ਦੇ ਸਬੂਤ ਮਿਲੇ ਹਨ। ਪੁੱਛਗਿੱਛ ’ਚ ਵਾਘਮਾਰੇ ਇਸ ਬਾਰੇ ਤਸੱਲੀਬਖ਼ਸ਼ ਜਵਾਬ ਨਹੀਂ ਦੇ ਪਾ ਰਹੀ ਹੈ। ਸੀਬੀਆਈ ਫ਼ਿਲਹਾਲ ਵਾਘਮਾਰੇ ਦੇ ਪਿਛੋਕੜ ਬਾਰੇ ਜ਼ਿਆਦਾ ਜਾਣਕਾਰੀ ਨਹੀਂ ਦੇ ਰਹੀ ਹੈ। ਪਰ ਪੁਣੇ ਤੋਂ ਪ੍ਰਸ਼ਨ ਪੱਤਰ ਲੀਕ ਹੋਣ ਨੂੰ ਦੇਖਦੇ ਹੋਏ ਉਸ ਦੀ ਗ੍ਰਿਫ਼ਤਾਰੀ ਨੂੰ ਅਹਿਮ ਮੰਨਿਆ ਜਾ ਰਿਹਾ ਹੈ। ਉਥੇ, ਅਹਿੱਲਿਆਨਗਰ ਤੋਂ ਗ੍ਰਿਫ਼ਤਾਰ ਧਨੰਜੇ ਲੋਖੰਡੇ ਦਾ ਵੀ ਪੁਣੇ ਨਾਲ ਸਬੰਧ ਦੱਸਿਆ ਜਾ ਰਿਹਾ ਹੈ। ਸੀਨੀਅਰ ਅਧਿਕਾਰੀ ਨੇ ਉਮੀਦ ਜ਼ਾਹਰ ਕੀਤੀ ਕਿ ਪੇਪਰ ਲੀਕ ਦੇ ਮਾਸਟਰਮਾਈਂਡ ਤੱਕ ਪੁੱਜਣ ’ਚ ਇਨ੍ਹਾਂ ਦੋਵਾਂ ਦੀ ਗ੍ਰਿਫ਼ਤਾਰੀ ਅਹਿਮ ਸਾਬਤ ਹੋ ਸਕਦੀ ਹੈ। ਬੁੱਧਵਾਰ ਨੂੰ ਗ੍ਰਿਫ਼ਤਾਰ ਪੰਜ ਲੋਕਾਂ ਨੂੰ ਪੁੱਛਗਿੱਛ ਲਈ ਰਿਮਾਂਡ ’ਤੇ ਲਿਆ ਜਾ ਚੁੱਕਾ ਹੈ। ਜਦਕਿ ਵੀਰਵਾਰ ਨੂੰ ਗ੍ਰਿਫ਼ਤਾਰ ਹੋਰ ਦੋ ਲੋਕਾਂ ਨੂੰ ਟਰਾਂਜਿਟ ਰਿਮਾਂਡ ’ਤੇ ਪੁੱਛਗਿੱਛ ਲਈ ਲਿਆਂਦਾ ਜਾ ਰਿਹਾ ਹੈ। ਸੀਨੀਅਰ ਅਧਿਕਾਰੀ ਨੇ ਕਿਹਾ ਕਿ ਜਾਂਚ ਦੌਰਾਨ ਪੇਪਰ ਲੀਕ ਹੋਣ ਤੋਂ ਲੈ ਕੇ ਵਿਦਿਆਰਥੀਆਂ ਤੱਕ ਪਹੁੰਚਣ ਦੀ ਇਕ-ਇਕ ਕੜੀ ਨੂੰ ਜੋੜਿਆ ਜਾ ਰਿਹਾ ਹੈ। ਨਾਲ ਹੀ ਇਸ ’ਚ ਨੈਸ਼ਨਲ ਟੈਸਟਿੰਗ ਏਜੰਸੀ (ਐੱਨਟੀਏ) ਦੇ ਸੀਨੀਅਰ ਅਧਿਕਾਰੀਆਂ ਦੀ ਭੂਮਿਕਾ ਦੀ ਵੀ ਪੜਤਾਲ ਕੀਤੀ ਜਾ ਰਹੀ ਹੈ। ਸੀਬੀਆਈ ਨੇ ਐੱਨਟੀਏ ਹੈੱਡਕੁਆਰਟਰ ਤੋਂ ਅਹਿਮ ਇਲੈਕਟ੍ਰਾਨਿਕ ਦਸਤਾਵੇਜ਼ ਬਰਾਮਦ ਕੀਤੇ ਹਨ ਤੇ ਉਨ੍ਹਾਂ ਦੀ ਫੋਰੈਂਸਿਕ ਜਾਂਚ ਕੀਤੀ ਜਾ ਰਹੀ ਹੈ। ਸ਼ੱਕ ਹੈ ਕਿ ਪੇਪਰ ਲੀਕ ਉਜਾਗਰ ਹੋਣ ਤੋਂ ਬਾਅਦ ਬਹੁਤ ਸਾਰੇ ਮੁਲਜ਼ਮਾਂ ਨੇ ਆਪਣੇ ਮੋਬਾਈਲ ਤੇ ਹੋਰ ਉਪਕਰਨਾਂ ਤੋਂ ਇਲੈਕਟ੍ਰਾਨਿਕ ਸਬੂਤ ਮਿਟਾਉਣ ਦੀ ਕੋਸ਼ਿਸ਼ ਕੀਤੀ ਹੋਵੇਗੀ। ਮੰਗਲਵਾਰ ਨੂੰ ਐੱਫਆਈਆਰ ਦਰਜ ਕਰਨ ਤੋਂ ਬਾਅਦ ਤੋਂ ਸੀਬੀਆਈ ਹੁਣ ਤੱਕ ਸੱਤ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕਰ ਚੁੱਕੀ ਹੈ।