ਚੀਨ ਦੀ ਯਾਤਰਾ ਕਰਨ ਵਾਲਿਆਂ ਲਈ ਰਾਹਤ! ਆਨਲਾਈਨ ਵੀਜ਼ਾ ਅਰਜ਼ੀ ਪ੍ਰਣਾਲੀ ਸ਼ੁਰੂ ਕਰਨ ਦੀ ਤਿਆਰੀ 'ਚ ਡਰੈਗਨ
ਇਸ ਦੌਰਾਨ ਪੀਟੀਆਈ ਮੁਤਾਬਕ ਅਰੁਣਾਚਲ ਪ੍ਰਦੇਸ਼ ਨਿਵਾਸੀ ਔਰਤ ਨਾਲ ਸ਼ੰਘਾਈ ਹਵਾਈ ਅੱਡੇ 'ਤੇ ਸਤਾਏ ਜਾਣ ਦੇ ਦਾਅਵੇ ਬਾਰੇ ਮਾਮਲੇ ਤੋਂ ਬਾਅਦ ਭਾਰਤ ਨੇ ਸੋਮਵਾਰ ਨੂੰ ਆਪਣੇ ਨਾਗਰਿਕਾਂ ਨੂੰ ਚੀਨ ਦੀ ਯਾਤਰਾ ਜਾਂ ਉੱਥੋਂ ਆਉਣ ਸਮੇਂ ਸਾਵਧਾਨ ਰਹਿਣ ਦੀ ਸਲਾਹ ਦਿੱਤੀ ਸੀ।
Publish Date: Tue, 09 Dec 2025 09:32 AM (IST)
Updated Date: Tue, 09 Dec 2025 09:36 AM (IST)
ਨਵੀਂ ਦਿੱਲੀ (ਏਐੱਨਆਈ) : ਚੀਨ ਜਾਣ ਵਾਲੇ ਭਾਰਤੀ ਨਾਗਰਿਕਾਂ ਲਈ ਚੰਗੀ ਖ਼ਬਰ ਹੈ। ਚੀਨੀ ਸਫ਼ਾਰਤਖ਼ਾਨੇ ਨੇ ਭਾਰਤੀ ਨਾਗਰਿਕਾਂ ਲਈ ਆਨਲਾਈਨ ਵੀਜ਼ਾ ਪ੍ਰਕਿਰਿਆ ਦੀ ਮਨਜ਼ੂਰੀ ਬਾਰੇ ਸੂਚਨਾ ਜਾਰੀ ਕੀਤੀ ਹੈ। ਭਾਰਤ ਵਿਚ ਚੀਨੀ ਰਾਜਦੂਤ ਸ਼ੂ ਫੀਹੋਂਗ ਨੇ ਸੋਮਵਾਰ ਨੂੰ ਦੱਸਿਆ ਕਿ ਭਾਰਤ ਸਥਿਤ ਚੀਨੀ ਸਫ਼ਾਰਤਖ਼ਾਨਾ 22 ਦਸੰਬਰ ਨੂੰ ਆਨਲਾਈਨ ਵੀਜ਼ਾ ਅਰਜ਼ੀ ਪ੍ਰਣਾਲੀ ਸ਼ੁਰੂ ਕਰਨ ਜਾ ਰਿਹਾ ਹੈ। ਟਵਿੱਟਰ 'ਤੇ ਇਕ ਪੋਸਟ ਵਿਚ ਵਿਸਥਾਰ ਸਾਂਝਾ ਕਰਦਿਆਂ, ਉਨ੍ਹਾਂ ਕਿਹਾ ਕਿ ਅਰਜ਼ੀਕਰਤਾ https://visaforchina.cn/DEL3_EN/qianzhengyewu 'ਤੇ ਜਾ ਕੇ ਫਾਰਮ ਭਰ ਸਕਦੇ ਹਨ ਤੇ ਅਰਜ਼ੀ ਸਮੱਗਰੀ ਆਨਲਾਈਨ ਅਪਲੋਡ ਕਰ ਸਕਦੇ ਹਨ।
ਇਸ ਦੌਰਾਨ ਪੀਟੀਆਈ ਮੁਤਾਬਕ ਅਰੁਣਾਚਲ ਪ੍ਰਦੇਸ਼ ਨਿਵਾਸੀ ਔਰਤ ਨਾਲ ਸ਼ੰਘਾਈ ਹਵਾਈ ਅੱਡੇ 'ਤੇ ਸਤਾਏ ਜਾਣ ਦੇ ਦਾਅਵੇ ਬਾਰੇ ਮਾਮਲੇ ਤੋਂ ਬਾਅਦ ਭਾਰਤ ਨੇ ਸੋਮਵਾਰ ਨੂੰ ਆਪਣੇ ਨਾਗਰਿਕਾਂ ਨੂੰ ਚੀਨ ਦੀ ਯਾਤਰਾ ਜਾਂ ਉੱਥੋਂ ਆਉਣ ਸਮੇਂ ਸਾਵਧਾਨ ਰਹਿਣ ਦੀ ਸਲਾਹ ਦਿੱਤੀ ਸੀ। ਨਵੀਂ ਦਿੱਲੀ ਨੇ ਕਿਹਾ ਕਿ ਉਸ ਨੂੰ ਉਮੀਦ ਹੈ ਕਿ ਚੀਨੀ ਅਧਿਕਾਰੀ ਇਹ ਭਰੋਸਾ ਦੇਣਗੇ ਕਿ ਚੀਨੀ ਹਵਾਈ ਅੱਡਿਆਂ ਤੋਂ ਲੰਘ ਰਹੇ ਭਾਰਤੀ ਨਾਗਰਿਕਾਂ ਨੂੰ ਨਿਸ਼ਾਨਾ ਬਣਾ ਕੇ ਪਰੇਸ਼ਾਨ ਨਹੀਂ ਕੀਤਾ ਜਾਵੇਗਾ। ਭਾਰਤ ਨੇ ਇਹ ਵੀ ਉਮੀਦ ਪ੍ਰਗਟਾਈ ਕਿ ਚੀਨੀ ਅਧਿਕਾਰੀ ਅੰਤਰਰਾਸ਼ਟਰੀ ਹਵਾਈ ਯਾਤਰਾ ਨਾਲ ਜੁੜੇ ਨਿਯਮਾਂ ਦੀ ਪਾਲਣਾ ਕਰਨਗੇ। ਭਾਰਤੀ ਔਰਤ ਪੇਮਾ ਵਾਂਗ ਥੋਂਗਡੋਕ ਨੇ ਦਾਅਵਾ ਕੀਤਾ ਸੀ ਕਿ 21 ਨਵੰਬਰ ਨੂੰ ਸ਼ੰਘਾਈ ਹਵਾਈ ਅੱਡੇ 'ਤੇ ਚੀਨੀ ਇਮੀਗ੍ਰੇਸ਼ਨ ਅਧਿਕਾਰੀਆਂ ਨੇ ਉਨ੍ਹਾਂ ਦੇ ਭਾਰਤੀ ਪਾਸਪੋਰਟ ਨੂੰ ਮਾਨਤਾ ਦੇਣ ਤੋਂ ਇਨਕਾਰ ਕਰ ਦਿੱਤਾ ਸੀ ਕਿਉਂਕਿ ਉਨ੍ਹਾਂ ਦਾ ਜਨਮ ਸਥਾਨ ਅਰੁਣਾਚਲ ਪ੍ਰਦੇਸ਼ ਹੈ। ਉਨ੍ਹਾਂ ਨੂੰ 18 ਘੰਟੇ ਤੱਕ ਕੈਦ ਵਿਚ ਰੱਖਿਆ ਗਿਆ।