Balen Shah ਸਰਕਾਰ ਲਈ ਭਾਰਤ 'ਚ ਚਾਹ ਦਾ ਐਕਸਪੋਰਟ ਉਨ੍ਹਾਂ ਦੇ ਵਿਦੇਸ਼ੀ ਮੁਦਰਾ ਕਮਾਉਣ ਵਾਲੇ ਮੁੱਖ ਖੇਤਰਾਂ 'ਚੋਂ ਇਕ ਹੈ। ਭਾਰਤ ਵਿਚ ਨਵੇਂ ਨਿਯਮ ਦੇ ਲਾਗੂ ਹੋਣ ਨਾਲ ਇਸ ਖੇਤਰ 'ਚ ਭਾਰੀ ਰੁਕਾਵਟ ਆ ਸਕਦੀ ਹੈ।

ਡਿਜੀਟਲ ਡੈਸਕ, ਨਵੀਂ ਦਿੱਲੀ : ਭਾਰਤ ਸਰਕਾਰ ਚਾਹ ਉਦਯੋਗ ਦੀ ਵਧਦੀ ਦਰਾਮਦ ਵਿਚਕਾਰ ਚਾਹ ਦੀ ਗੁਣਵੱਤਾ ਨੂੰ ਲੈ ਕੇ ਨਵੇਂ ਨਿਯਮ ਲਾਗੂ ਕਰਨ ਜਾ ਰਹੀ ਹੈ। ਇਸ ਨਾਲ ਨੇਪਾਲ ਸਮੇਤ ਬਾਕੀ ਦੇਸ਼ਾਂ ਦੇ ਬਰਾਮਦਕਾਰਾਂ 'ਤੇ ਦਬਾਅ ਵਧ ਗਿਆ ਹੈ।
ਭਾਰਤ ਸਰਕਾਰ 1 ਮਈ ਤੋਂ ਦੇਸ਼ ਦੇ ਬਾਹਰੋਂ ਆਉਣ ਵਾਲੀ ਚਾਹ ਦੀ ਗੁਣਵੱਤਾ ਦੀ ਜਾਂਚ ਕਰੇਗੀ। ਜੇਕਰ ਚਾਹ ਦੀ ਕੁਆਲਿਟੀ ਸਹੀ ਨਹੀਂ ਮਿਲੀ ਤਾਂ ਉਸ ਚਾਹ ਨੂੰ ਭਾਰਤ ਵਿੱਚ ਵੇਚਣ ਦੀ ਮਨਜ਼ੂਰੀ ਨਹੀਂ ਮਿਲੇਗੀ। ਬਾਲੇਨ ਸ਼ਾਹ ਦੀ ਸਰਕਾਰ ਲਈ ਭਾਰਤ ਵਿੱਚ ਚਾਹ ਦਾ ਐਕਸਪੋਰਟ ਉਨ੍ਹਾਂ ਦੇ ਵਿਦੇਸ਼ੀ ਮੁਦਰਾ ਕਮਾਉਣ ਵਾਲੇ ਮੁੱਖ ਖੇਤਰਾਂ ਵਿੱਚੋਂ ਇੱਕ ਹੈ। ਭਾਰਤ ਵਿਚ ਨਵੇਂ ਨਿਯਮ ਦੇ ਲਾਗੂ ਹੋਣ ਨਾਲ ਇਸ ਖੇਤਰ 'ਚ ਭਾਰੀ ਰੁਕਾਵਟ ਆ ਸਕਦੀ ਹੈ।
ਟੀ ਬੋਰਡ ਇੰਡੀਆ ਦੀ ਇਕ ਨੋਟੀਫਿਕੇਸ਼ਨ ਮੁਤਾਬਕ, 1 ਮਈ ਤੋਂ ਭਾਰਤ 'ਚ ਆਉਣ ਵਾਲੀ ਚਾਹ ਦੀਆਂ ਸਾਰੀਆਂ ਖੇਪਾਂ, ਜਿਨ੍ਹਾਂ ਵਿਚ ਨੇਪਾਲ ਤੋਂ ਆਉਣ ਵਾਲੀ ਖੇਪ ਵੀ ਸ਼ਾਮਲ ਹੈ, ਸਾਰਿਆਂ ਦੀ ਲਾਜ਼ਮੀ ਲੈਬ ਟੈਸਟਿੰਗ ਕੀਤੀ ਜਾਵੇਗੀ। ਇਸ ਕਦਮ ਦਾ ਮਕਸਦ ਗੁਣਵੱਤਾ ਦੀ ਜਾਂਚ ਨੂੰ ਸਖ਼ਤ ਕਰਨਾ ਅਤੇ ਮਿਲਾਵਟ 'ਤੇ ਰੋਕ ਲਗਾਉਣਾ ਹੈ।
ਨਵੀਂ ਸਟੈਂਡਰਡ ਓਪਰੇਟਿੰਗ ਪ੍ਰੋਸੀਜ਼ਰ (SOP) ਤਹਿਤ, ਆਯਾਤ ਕੀਤੀ ਗਈ ਹਰ ਖੇਪ ਦੀ ਸੈਂਪਲਿੰਗ ਅਤੇ ਟੈਸਟਿੰਗ ਕੀਤੀ ਜਾਵੇਗੀ। ਹਾਲਾਂਕਿ, ਇੰਸਟੈਂਟ ਟੀ ਤੇ ਪੀਣ ਲਈ ਤਿਆਰ ਚਾਹ (ਰੇਡੀ-ਟੂ-ਡ੍ਰਿੰਕ ਟੀ) ਨੂੰ ਇਸ ਨਿਯਮ ਦੇ ਤਹਿਤ ਛੋਟ ਦਿੱਤੀ ਗਈ ਹੈ।
ਭਾਰਤ ਦੇ ਚਾਹ ਦਰਾਮਦਕਾਰਾਂ ਨੂੰ ਟੀ ਕੌਂਸਲ ਪੋਰਟਲ ਜ਼ਰੀਏ ਚਾਹ ਦੇ ਆਉਣ ਦੀ ਤਾਰੀਖ, ਗੋਦਾਮ ਦੀ ਜਗ੍ਹਾ, ਕੰਟੇਨਰ ਦਾ ਵੇਰਵਾ ਤੇ ਪ੍ਰੋਫਾਰਮਾ ਇਨਵੌਇਸ ਦੱਸਣਾ ਹੋਵੇਗਾ। ਹਰੇਕ ਸੈਂਪਲ ਲਈ 11,120 ਰੁਪਏ ਦੀ ਅਰਜ਼ੀ ਫੀਸ ਤੇ ਨਾਲ ਹੀ ਲਾਗੂ GST ਵੀ ਲਿਆ ਜਾਵੇਗਾ।
ਟੀ ਬੋਰਡ ਦੇ ਅਧਿਕਾਰੀ ਰੈਂਡਮ ਤਰੀਕੇ ਨਾਲ ਕੰਟੇਨਰਾਂ ਦੀ ਚੋਣ ਕਰਨਗੇ ਤੇ ਉਨ੍ਹਾਂ ਦੇ ਆਉਣ ਦੇ 24 ਘੰਟਿਆਂ ਦੇ ਅੰਦਰ 500-500 ਗ੍ਰਾਮ ਦੇ ਦੋ ਸੈਂਪਲ ਲੈਣਗੇ। ਜੇਕਰ ਬੰਦਰਗਾਹ 'ਤੇ ਸੈਂਪਲਿੰਗ ਸੰਭਵ ਨਹੀਂ ਹੈ, ਤਾਂ ਸੈਂਪਲ ਗੋਦਾਮਾਂ ਤੋਂ ਲਏ ਜਾਣਗੇ। ਪ੍ਰਯੋਗਸ਼ਾਲਾਵਾਂ ਨੂੰ 14 ਦਿਨਾਂ ਦੇ ਅੰਦਰ ਟੈਸਟਿੰਗ ਦੇ ਨਤੀਜੇ ਅਪਲੋਡ ਕਰਨੇ ਹੋਣਗੇ, ਜਿਸ ਵਿੱਚ ਖੇਪਾਂ ਨੂੰ 'ਪਾਸ' ਜਾਂ 'ਫੇਲ੍ਹ' ਵਜੋਂ ਸ਼੍ਰੇਣੀਬੱਧ ਕੀਤਾ ਜਾਵੇਗਾ।
ਜਦੋਂ ਤਕ ਮਨਜ਼ੂਰੀ ਨਹੀਂ ਮਿਲ ਜਾਂਦੀ, ਦਰਾਮਦ ਕੀਤੀ ਚਾਹ ਨੂੰ ਗੋਦਾਮਾਂ 'ਚ ਵੱਖਰਾ ਰੱਖਣਾ ਹੋਵੇਗਾ ਅਤੇ ਉਸਨੂੰ ਨਾ ਤਾਂ ਘਰੇਲੂ ਬਾਜ਼ਾਰ 'ਚ ਵੇਚਿਆ ਜਾ ਸਕਦਾ ਹੈ ਅਤੇ ਨਾ ਹੀ ਦੁਬਾਰਾ ਬਰਾਮਦ ਕੀਤਾ ਜਾ ਸਕਦਾ ਹੈ। ਜੇਕਰ ਕੋਈ ਸੈਂਪਲ ਫੇਲ ਹੋ ਜਾਂਦਾ ਹੈ, ਤਾਂ ਦਰਾਮਦਕਾਰ 15,000 ਰੁਪਏ (ਨਾਲ ਹੀ GST) ਦੀ ਵਾਧੂ ਫੀਸ ਦੇ ਕੇ ਕਿਸੇ ਦੂਜੀ ਪ੍ਰਯੋਗਸ਼ਾਲਾ 'ਚ ਰਿਜ਼ਰਵ ਸੈਂਪਲ ਦੀ ਟੈਸਟਿੰਗ ਦੀ ਬੇਨਤੀ ਕਰ ਸਕਦੇ ਹਨ। ਜੇਕਰ ਦੂਜੀ ਟੈਸਟਿੰਗ ਵੀ ਫੇਲ ਹੋ ਜਾਂਦੀ ਹੈ ਤਾਂ ਉਸ ਖੇਪ ਨੂੰ ਜਾਂ ਤਾਂ ਨਸ਼ਟ ਕਰਨਾ ਹੋਵੇਗਾ ਜਾਂ ਫਿਰ ਉਸਦੇ ਅਸਲ ਦੇਸ਼ ਵਿੱਚ ਵਾਪਸ ਭੇਜਣਾ ਹੋਵੇਗਾ।
ਨੇਪਾਲੀ ਬਰਾਮਦਕਾਰਾਂ ਦਾ ਕਹਿਣਾ ਹੈ ਕਿ ਇਨ੍ਹਾਂ ਨਵੇਂ ਨਿਯਮਾਂ ਦੀ ਵਜ੍ਹਾ ਨਾਲ ਚਾਹ ਦੀਆਂ ਖੇਪਾਂ ਦਾ ਆਉਣਾ-ਜਾਣਾ ਪੂਰੀ ਤਰ੍ਹਾਂ ਰੁਕ ਸਕਦਾ ਹੈ। ਨੇਪਾਲ ਟੀ ਪਲਾਂਟਰਜ਼ ਐਸੋਸੀਏਸ਼ਨ ਦੇ ਉਪ ਪ੍ਰਧਾਨ ਸ਼ਿਵ ਕੁਮਾਰ ਗੁਪਤਾ ਨੇ ਕਿਹਾ, 'ਇਸ ਨਵੇਂ ਪ੍ਰਬੰਧ ਦੀ ਵਜ੍ਹਾ ਨਾਲ ਨੇਪਾਲ ਤੋਂ ਚਾਹ ਦੀ ਬਰਾਮਦ ਪੂਰੀ ਤਰ੍ਹਾਂ ਰੁਕ ਜਾਵੇਗੀ। ਜਦੋਂ ਤਕ ਲੈਬ ਟੈਸਟਿੰਗ ਦੀ ਰਿਪੋਰਟ ਨਹੀਂ ਆ ਜਾਂਦੀ, ਤਦ ਤਕ ਮਾਲ ਢੋਣ ਵਾਲੇ ਵਾਹਨ ਕਾਕਰਵਿੱਟਾ ਕਸਟਮਜ਼ 'ਤੇ ਹੀ ਖੜ੍ਹੇ ਰਹਿਣਗੇ।'